ਪੰਜਾਬ ਪੁਲਿਸ ਦੇ ਮਹਿਕਮੇ ਵਿੱਚ ਇੱਕੋ ਹੁਕਮ ਨਾਲ ਵੱਡਾ ਫੇਰਬਦਲ ਕਰ ਦਿੱਤਾ ਗਿਆ ਹੈ। 274 ਅਧਿਕਾਰੀਆਂ ਦੀ ਸੂਚੀ ਵਿੱਚ ਕਈ ਅਹਿਮ ਅਹੁਦਿਆਂ ਅਤੇ ਵਿੰਗਾਂ ਦੀਆਂ ਜ਼ਿੰਮੇਵਾਰੀਆਂ ਬਦਲੀਆਂ ਹਨ। ਕਿਹੜੇ ਅਧਿਕਾਰੀ ਨੂੰ ਕਿੱਥੇ ਭੇਜਿਆ ਗਿਆ ਅਤੇ ਕਿਹੜੇ ਵਿੰਗਾਂ ਵਿੱਚ ਨਵੀਆਂ ਨਿਯੁਕਤੀਆਂ ਹੋਈਆਂ?
ਪੰਜਾਬ ਪੁਲਿਸ ਦੇ ਪ੍ਰਸ਼ਾਸਨਿਕ ਢਾਂਚੇ ਵਿੱਚ ਵੱਡਾ ਫੇਰਬਦਲ ਕੀਤਾ ਗਿਆ ਹੈ। ਪੁਲਿਸ ਅਦਾਰੇ ਦੀ ਸਥਾਪਨਾ ਕਮੇਟੀ ਦੀ ਮਨਜ਼ੂਰੀ ਤੋਂ ਬਾਅਦ ਏਐੱਸਪੀ ਅਤੇ ਡੀਐੱਸਪੀ ਪੱਧਰ ਦੇ ਅਧਿਕਾਰੀਆਂ ਦੀਆਂ ਤਬਾਦਲਾ ਅਤੇ ਤਾਇਨਾਤੀ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਸੂਚੀ ਵਿੱਚ ਕੁੱਲ 274 ਅਧਿਕਾਰੀਆਂ ਦੇ ਨਾਂ ਸ਼ਾਮਲ ਦੱਸੇ ਗਏ ਹਨ, ਜਿਨ੍ਹਾਂ ਦੀਆਂ ਨਵੀਆਂ ਜ਼ਿੰਮੇਵਾਰੀਆਂ ਤੈਅ ਕੀਤੀਆਂ ਗਈਆਂ ਹਨ।ਇਹ ਹੁਕਮ ਪੰਜਾਬ ਪੁਲਿਸ ਦੇ ਗੁਪਤ ਸੈਕਸ਼ਨ-2 ਵੱਲੋਂ 21 ਨਵੰਬਰ 2026 ਨੂੰ ਜਾਰੀ ਕੀਤੇ ਗਏ ਹਨ। ਸਾਰੇ ਤਬਾਦਲੇ ਪ੍ਰਸ਼ਾਸਨਿਕ ਕਾਰਨਾਂ ਦੇ ਆਧਾਰ ‘ਤੇ ਕੀਤੇ ਗਏ ਹਨ ਅਤੇ ਇਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਫੇਰਬਦਲ ਤਹਿਤ ਕਈ ਅਧਿਕਾਰੀਆਂ ਨੂੰ ਨਵੀਆਂ ਸਬ-ਡਿਵੀਜ਼ਨਾਂ, ਜ਼ਿਲ੍ਹਿਆਂ ਅਤੇ ਵਿਸ਼ੇਸ਼ ਪੁਲਿਸ ਵਿੰਗਾਂ ਵਿੱਚ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਜਾਰੀ ਹੁਕਮਾਂ ਅਨੁਸਾਰ ਪਰਾਸ ਗਰਗ ਨੂੰ ਮੁੱਢਲੀ ਸਿਖਲਾਈ ਪੂਰੀ ਕਰਨ ਤੋਂ ਬਾਅਦ ਅੰਮ੍ਰਿਤਸਰ ਦੇ ਕੇਂਦਰੀ ਸਬ-ਡਿਵੀਜ਼ਨ ਵਿੱਚ ਤਾਇਨਾਤ ਕੀਤਾ ਗਿਆ ਹੈ। ਇਸੇ ਤਰ੍ਹਾਂ ਸੁਰਿੰਦਰ ਸਿੰਘ ਨੂੰ ਏਸੀਪੀ ਡਿਟੈਕਟਿਵ ਜਲੰਧਰ ਤੋਂ ਡੀਐੱਸਪੀ ਸਾਈਬਰ ਕ੍ਰਾਈਮ ਅਤੇ ਫੋਰੈਂਸਿਕਸ, ਐੱਸਏਐੱਸ ਨਗਰ ਭੇਜਿਆ ਗਿਆ ਹੈ, ਜਦਕਿ ਅਮਰਬੀਰ ਸਿੰਘ ਨੂੰ ਜਲੰਧਰ ਦੇ ਪੱਛਮੀ ਸਬ-ਡਿਵੀਜ਼ਨ ਵਿੱਚ ਨਵੀਂ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਮੋਹਿਤ ਕੁਮਾਰ ਨੂੰ ਹੁਸ਼ਿਆਰਪੁਰ ਦੇ ਦਸੂਹਾ ਸਬ-ਡਿਵੀਜ਼ਨ ਵਿੱਚ ਡੀਐੱਸਪੀ ਵਜੋਂ ਤਾਇਨਾਤ ਕੀਤਾ ਗਿਆ ਹੈ। ਆਤਿਸ਼ ਭਾਟੀਆ ਨੂੰ ਡੀਐੱਸਪੀ ਲਹਿਰਾਗਾਗਾ, ਅੰਗਰੇਜ ਸਿੰਘ ਨੂੰ ਲੁਧਿਆਣਾ ਦੇ ਗਿੱਲ (ਦੱਖਣੀ) ਖੇਤਰ ਅਤੇ ਪ੍ਰਿਤਪਾਲ ਸਿੰਘ ਨੂੰ ਬਠਿੰਡਾ ਦੇ ਭੁੱਚੋ ਸਬ-ਡਿਵੀਜ਼ਨ ਵਿੱਚ ਨਵੀਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ। ਕਈ ਅਧਿਕਾਰੀਆਂ ਨੂੰ ਪਟਿਆਲਾ ਜ਼ਿਲ੍ਹੇ ਦੇ ਵੱਖ-ਵੱਖ ਸਬ-ਡਿਵੀਜ਼ਨਾਂ ਵਿੱਚ ਵੀ ਤਾਇਨਾਤ ਕੀਤਾ ਗਿਆ ਹੈ। ਤਬਾਦਲਿਆਂ ਦੀ ਇਸ ਸੂਚੀ ਵਿੱਚ ਪਟਿਆਲਾ ਦੇ ਪੇਂਡੂ ਖੇਤਰ, ਪਾਤੜਾਂ (ਸ਼ੁਤਰਾਣਾ), ਸਮਾਣਾ ਅਤੇ ਸਿਟੀ-2 ਵਰਗੇ ਅਹਿਮ ਖੇਤਰ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਮਲੇਰਕੋਟਲਾ, ਲੁਧਿਆਣਾ, ਫਿਰੋਜ਼ਪੁਰ ਅਤੇ ਹੋਰ ਥਾਵਾਂ ‘ਤੇ ਵੀ ਅਧਿਕਾਰੀਆਂ ਦੀਆਂ ਨਵੀਆਂ ਤਾਇਨਾਤੀਆਂ ਕੀਤੀਆਂ ਗਈਆਂ ਹਨ। ਕੁਝ ਅਧਿਕਾਰੀਆਂ ਨੂੰ ਤਰੱਕੀ ਤੋਂ ਬਾਅਦ ਨਵੀਂ ਪੋਸਟਿੰਗ ਦਿੱਤੀ ਗਈ ਹੈ, ਜਦਕਿ ਕੁਝ ਨੂੰ ਸਿਖਲਾਈ ਪੂਰੀ ਹੋਣ ਮਗਰੋਂ ਤਾਇਨਾਤ ਕੀਤਾ ਜਾ ਰਿਹਾ ਹੈ। ਸੂਚੀ ਦੇ ਆਖ਼ਰੀ ਹਿੱਸੇ ਵਿੱਚ ਵੀ ਕਈ ਅਹਿਮ ਨਿਯੁਕਤੀਆਂ ਦਰਜ ਹਨ। ਕ੍ਰਿਸ਼ਨ ਕੁਮਾਰ ਨੂੰ ਸਪੈਸ਼ਲ ਸਿਕਿਓਰਿਟੀ ਗਰੁੱਪ (ਐੱਸਐੱਸਜੀ), ਕਰਨੈਲ ਸਿੰਘ ਨੂੰ ਐਂਟੀ ਨਾਰਕੋਟਿਕਸ ਟਾਸਕ ਫੋਰਸ (ਏਐੱਨਟੀਐੱਫ), ਵਿਕਾਸ ਅਬਰੋਲ ਨੂੰ ਸਾਈਬਰ ਕ੍ਰਾਈਮ ਵਿੰਗ ਅਤੇ ਅਨੀਤਾ ਸੈਣੀ ਨੂੰ ਪਹਿਲੀ ਆਈਆਰਬੀ ਪਟਿਆਲਾ ਵਿੱਚ ਤਾਇਨਾਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਕਈ ਅਧਿਕਾਰੀਆਂ ਨੂੰ ਕਮਾਂਡੋ ਬਟਾਲੀਅਨਾਂ, ਨਾਰਕੋਟਿਕਸ, ਟੈਕਨੀਕਲ ਸਪੋਰਟ ਸਰਵਿਸਿਜ਼ ਅਤੇ ਪੰਜਾਬ ਬਿਊਰੋ ਆਫ਼ ਇਨਵੈਸਟੀਗੇਸ਼ਨ ਦੇ ਵੱਖ-ਵੱਖ ਵਿੰਗਾਂ ਵਿੱਚ ਭੇਜਿਆ ਗਿਆ ਹੈ।ਪੁਲਿਸ ਵਿਭਾਗ ਵੱਲੋਂ ਸਾਰੇ ਸਬੰਧਤ ਅਧਿਕਾਰੀਆਂ ਨੂੰ ਤੁਰੰਤ ਆਪਣੀਆਂ ਪੁਰਾਣੀਆਂ ਤਾਇਨਾਤੀਆਂ ਤੋਂ ਰਿਲੀਵ ਹੋ ਕੇ ਨਵੇਂ ਅਹੁਦਿਆਂ ‘ਤੇ ਰਿਪੋਰਟ ਕਰਨ ਲਈ ਕਿਹਾ ਗਿਆ ਹੈ। ਹੁਕਮਾਂ ਮੁਤਾਬਕ ਅਧਿਕਾਰੀਆਂ ਨੂੰ 22 ਨਵੰਬਰ 2026 ਦੁਪਹਿਰ ਤੋਂ ਪਹਿਲਾਂ ਨਵੀਂ ਤਾਇਨਾਤੀ ਵਾਲੀ ਥਾਂ ‘ਤੇ ਆਪਣਾ ਚਾਰਜ ਸੰਭਾਲਣਾ ਹੋਵੇਗਾ। ਚਾਰਜ ਛੱਡਣ ਅਤੇ ਸੰਭਾਲਣ ਸਬੰਧੀ ਰਿਪੋਰਟਾਂ ਵੀ ਤੁਰੰਤ ਪੁਲਿਸ ਮੁੱਖ ਦਫ਼ਤਰ ਭੇਜਣ ਦੇ ਨਿਰਦੇਸ਼ ਦਿੱਤੇ ਗਏ ਹਨ।Read More







