23 ਜੂਨ ਤੱਕ ਦੇ ਅੰਕੜਿਆਂ ਅਨੁਸਾਰ, ਪੂਰੇ ਪੰਜਾਬ ਵਿੱਚ 4,43,906 ਤੋਂ ਵੱਧ ਮਰੀਜ਼ ਇਸ ਯੋਜਨਾ ਦਾ ਲਾਭ ਲੈ ਚੁੱਕੇ ਹਨ, ਜਦਕਿ ਉਨ੍ਹਾਂ ਦੇ ਕੈਸ਼ਲੈੱਸ ਇਲਾਜ ‘ਤੇ 782.79 ਕਰੋੜ ਰੁਪਏ ਤੋਂ ਵੱਧ ਦੀ ਰਕਮ ਖਰਚ ਕੀਤੀ ਜਾ ਚੁੱਕੀ ਹੈ। ਸਰਕਾਰੀ ਅਤੇ ਸੂਚੀਬੱਧ ਪ੍ਰਾਈਵੇਟ ਹਸਪਤਾਲਾਂ ਵਿੱਚ ਮੁਫ਼ਤ ਕੈਸ਼ਲੈੱਸ ਇਲਾਜ ਦੀ ਸਹੂਲਤ ਕਾਰਨ ਇਹ ਯੋਜਨਾ ਲੋਕਾਂ ਲਈ ਵੱਡੀ ਰਾਹਤ ਸਾਬਤ ਹੋ ਰਹੀ ਹੈ।ਅੰਕੜਿਆਂ ਅਨੁਸਾਰ ਪਟਿਆਲਾ ਵਿੱਚ 52,672 ਮਰੀਜ਼ਾਂ ਦਾ ਇਲਾਜ ਕੀਤਾ ਗਿਆ, ਜਿਨ੍ਹਾਂ ‘ਤੇ ਕਰੀਬ 79.15 ਕਰੋੜ ਰੁਪਏ ਖਰਚ ਹੋਏ। ਇਸ ਤੋਂ ਬਾਅਦ ਬਠਿੰਡਾ ਦੂਜੇ ਸਥਾਨ ‘ਤੇ ਰਿਹਾ, ਜਿੱਥੇ 30,813 ਮਰੀਜ਼ਾਂ ਦੇ ਇਲਾਜ ‘ਤੇ 76.81 ਕਰੋੜ ਰੁਪਏ ਖਰਚੇ ਗਏ। ਉੱਧਰ ਲੁਧਿਆਣਾ ਵਿੱਚ 44,227 ਮਰੀਜ਼ਾਂ ਦੇ ਇਲਾਜ ਲਈ 60.54 ਕਰੋੜ ਰੁਪਏ ਦੀ ਰਕਮ ਵਰਤੀ ਗਈ।ਮਾਹਿਰਾਂ ਦਾ ਮੰਨਣਾ ਹੈ ਕਿ ਪਟਿਆਲਾ ਵਿੱਚ ਯੋਜਨਾ ਦੀ ਸਫ਼ਲਤਾ ਦਾ ਕਾਰਨ ਸੂਚੀਬੱਧ ਹਸਪਤਾਲਾਂ ਦਾ ਮਜ਼ਬੂਤ ਨੈੱਟਵਰਕ ਅਤੇ ਲੋਕਾਂ ਵਿੱਚ ਯੋਜਨਾ ਬਾਰੇ ਵਧੀ ਹੋਈ ਜਾਗਰੂਕਤਾ ਹੈ। ਇਸ ਨਾਲ ਵੱਧ ਤੋਂ ਵੱਧ ਲੋਕਾਂ ਨੇ ਕੈਸ਼ਲੈੱਸ ਇਲਾਜ ਦੀ ਸਹੂਲਤ ਦਾ ਲਾਭ ਉਠਾਇਆ ਹੈ।ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਹ ਯੋਜਨਾ ਲੋਕਾਂ ਨੂੰ ਇਲਾਜ ਦੌਰਾਨ ਆਪਣੀ ਜੇਬ ਵਿੱਚੋਂ ਹੋਣ ਵਾਲੇ ਵੱਡੇ ਖਰਚਿਆਂ ਤੋਂ ਬਚਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸਿਹਤ ਯੋਜਨਾ ਸਿਰਫ਼ ਇੱਕ ਸਰਕਾਰੀ ਸਕੀਮ ਨਹੀਂ, ਸਗੋਂ ਉਹਨਾਂ ਪਰਿਵਾਰਾਂ ਲਈ ਜੀਵਨ ਰੇਖਾ ਬਣ ਗਈ ਹੈ, ਜਿਨ੍ਹਾਂ ਲਈ ਹਸਪਤਾਲਾਂ ਦੇ ਭਾਰੀ ਬਿਲ ਸਭ ਤੋਂ ਵੱਡੀ ਚਿੰਤਾ ਹੁੰਦੇ ਸਨ।ਸੂਬੇ ਦੇ ਹੋਰ ਜ਼ਿਲ੍ਹਿਆਂ ਵਿੱਚ ਵੀ ਇਸ ਯੋਜਨਾ ਦਾ ਪ੍ਰਭਾਵ ਸਪੱਸ਼ਟ ਤੌਰ ‘ਤੇ ਵੇਖਣ ਨੂੰ ਮਿਲ ਰਿਹਾ ਹੈ। ਜਲੰਧਰ ਵਿੱਚ 27,682, ਅੰਮ੍ਰਿਤਸਰ ਵਿੱਚ 20,503 ਅਤੇ ਐੱਸਏਐੱਸ ਨਗਰ ਵਿੱਚ 20,085 ਮਰੀਜ਼ ਇਸ ਯੋਜਨਾ ਦਾ ਲਾਭ ਲੈ ਚੁੱਕੇ ਹਨ। ਇਸ ਦੇ ਨਾਲ ਹੀ ਕਪੂਰਥਲਾ ਵਿੱਚ 9,384 ਅਤੇ ਮਲੇਰਕੋਟਲਾ ਵਿੱਚ 3,181 ਮਰੀਜ਼ਾਂ ਤੱਕ ਵੀ ਯੋਜਨਾ ਦੀ ਪਹੁੰਚ ਬਣੀ ਹੈ, ਜੋ ਇਸ ਦੇ ਲਗਾਤਾਰ ਫੈਲਦੇ ਦਾਇਰੇ ਨੂੰ ਦਰਸਾਉਂਦੀ ਹੈ।ਡਾ. ਬਲਬੀਰ ਸਿੰਘ ਨੇ ਕਿਹਾ ਕਿ ਸਰਕਾਰ ਦਾ ਉਦੇਸ਼ ਸਪੱਸ਼ਟ ਹੈ ਕਿ ਪੰਜਾਬ ਦਾ ਕੋਈ ਵੀ ਪਰਿਵਾਰ ਬੀਮਾਰੀ ਕਾਰਨ ਆਰਥਿਕ ਸੰਕਟ ਦਾ ਸ਼ਿਕਾਰ ਨਾ ਹੋਵੇ। ਉਨ੍ਹਾਂ ਦਾਅਵਾ ਕੀਤਾ ਕਿ ਹਰ ਤਿਮਾਹੀ ਨਾਲ ਇਸ ਯੋਜਨਾ ਦਾ ਦਾਇਰਾ ਅਤੇ ਲਾਭਪਾਤਰੀਆਂ ਦੀ ਗਿਣਤੀ ਵਧ ਰਹੀ ਹੈ।ਪੇਂਡੂ ਖੇਤਰਾਂ ਵਿੱਚ ਵੀ ਇਸ ਯੋਜਨਾ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ। ਮਾਨਸਾ ਦੇ 62 ਸਾਲਾ ਕਿਸਾਨ ਗੁਰਮੀਤ ਸਿੰਘ ਨੇ ਦੱਸਿਆ ਕਿ ਜੇਕਰ ਇਹ ਯੋਜਨਾ ਨਾ ਹੁੰਦੀ ਤਾਂ ਇਲਾਜ ਲਈ ਉਨ੍ਹਾਂ ਨੂੰ ਆਪਣੀ ਜ਼ਮੀਨ ਵੇਚਣੀ ਪੈਂਦੀ। ਇਸੇ ਤਰ੍ਹਾਂ ਦੇ ਤਜਰਬੇ ਸੰਗਰੂਰ, ਹੁਸ਼ਿਆਰਪੁਰ ਅਤੇ ਫਿਰੋਜ਼ਪੁਰ ਵਰਗੇ ਜ਼ਿਲ੍ਹਿਆਂ ਤੋਂ ਵੀ ਸਾਹਮਣੇ ਆ ਰਹੇ ਹਨ, ਜਿੱਥੇ ਯੋਜਨਾ ਤਹਿਤ ਹਸਪਤਾਲਾਂ ਵਿੱਚ ਦਾਖ਼ਲ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ।ਗੁਰਦਾਸਪੁਰ ਅਤੇ ਰੂਪਨਗਰ ਵਰਗੇ ਜ਼ਿਲ੍ਹਿਆਂ ਵਿੱਚ ਵੀ ਯੋਜਨਾ ਦੀ ਵਰਤੋਂ ਵਿੱਚ ਲਗਾਤਾਰ ਵਾਧਾ ਦਰਜ ਕੀਤਾ ਗਿਆ ਹੈ। ਇਸ ਤੋਂ ਇਹ ਸੰਕੇਤ ਮਿਲਦੇ ਹਨ ਕਿ ਲੋਕਾਂ ਵਿੱਚ ਯੋਜਨਾ ਬਾਰੇ ਜਾਗਰੂਕਤਾ ਵਧ ਰਹੀ ਹੈ ਅਤੇ ਸੂਚੀਬੱਧ ਹਸਪਤਾਲਾਂ ਦਾ ਨੈੱਟਵਰਕ ਵੀ ਲਗਾਤਾਰ ਮਜ਼ਬੂਤ ਹੋ ਰਿਹਾ ਹੈ। ਆਉਣ ਵਾਲੇ ਸਮੇਂ ਵਿੱਚ ਇਹ ਯੋਜਨਾ ਹੋਰ ਵੱਧ ਪਰਿਵਾਰਾਂ ਨੂੰ ਆਰਥਿਕ ਰਾਹਤ ਦੇਣ ਵਿੱਚ ਅਹਿਮ ਭੂਮਿਕਾ ਨਿਭਾ ਸਕਦੀ ਹੈ।
Rozana Times







