ਸਿਲੰਡਰ ਦੀ ਕੀਮਤ ਵਿੱਚ ਵੱਡੀ ਕਟੌਤੀ ਨੇ ਕਾਰੋਬਾਰੀਆਂ ਨੂੰ ਰਾਹਤ ਦਿੱਤੀ ਹੈ। ਪਰ ਇਸੇ ਐਲਾਨ ਨਾਲ ਇੱਕ ਹੋਰ ਈਧਨ ਮਹਿੰਗਾ ਹੋ ਗਿਆ, ਜਿਸ ਦਾ ਅਸਰ ਆਉਣ ਵਾਲੇ ਦਿਨਾਂ ਵਿੱਚ ਕਈ ਖੇਤਰਾਂ ‘ਤੇ ਪੈ ਸਕਦਾ ਹੈ। ਪੂਰੀ ਜਾਣਕਾਰੀ ਪੜ੍ਹੋ। ਹੋਟਲਾਂ, ਰੈਸਟੋਰੈਂਟਾਂ ਅਤੇ ਹੋਰ ਵਪਾਰਕ ਅਦਾਰਿਆਂ ਲਈ ਅਗਸਤ ਮਹੀਨੇ ਦੀ ਸ਼ੁਰੂਆਤ ਰਾਹਤ ਭਰੀ ਖ਼ਬਰ ਨਾਲ ਹੋਈ ਹੈ। ਸਰਕਾਰੀ ਤੇਲ ਮਾਰਕੀਟਿੰਗ ਕੰਪਨੀਆਂ ਨੇ 19 ਕਿਲੋਗ੍ਰਾਮ ਵਾਲੇ ਵਪਾਰਕ ਐੱਲਪੀਜੀ ਸਿਲੰਡਰ ਦੀ ਕੀਮਤ ਵਿੱਚ 192 ਰੁਪਏ ਦੀ ਕਟੌਤੀ ਕਰ ਦਿੱਤੀ ਹੈ। ਇਸ ਨਾਲ ਕਾਰੋਬਾਰੀਆਂ ਨੂੰ ਰਸੋਈ ਗੈਸ ਦੇ ਖਰਚ ਵਿੱਚ ਕੁਝ ਰਾਹਤ ਮਿਲਣ ਦੀ ਉਮੀਦ ਜਤਾਈ ਜਾ ਰਹੀ ਹੈ।ਨਵੀਆਂ ਦਰਾਂ ਅਨੁਸਾਰ ਹੁਣ ਦਿੱਲੀ ਵਿੱਚ 19 ਕਿਲੋਗ੍ਰਾਮ ਦਾ ਵਪਾਰਕ ਐੱਲਪੀਜੀ ਸਿਲੰਡਰ 2,930 ਰੁਪਏ ਦੀ ਥਾਂ 2,738 ਰੁਪਏ ਵਿੱਚ ਉਪਲਬਧ ਹੋਵੇਗਾ। ਇਹ ਲਗਾਤਾਰ ਦੂਜਾ ਮਹੀਨਾ ਹੈ ਜਦੋਂ ਵਪਾਰਕ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਕਮੀ ਕੀਤੀ ਗਈ ਹੈ, ਜਿਸ ਨਾਲ ਹੋਟਲ ਅਤੇ ਖਾਣ-ਪੀਣ ਦੇ ਕਾਰੋਬਾਰ ਨਾਲ ਜੁੜੇ ਲੋਕਾਂ ਨੂੰ ਕੁਝ ਆਰਥਿਕ ਰਾਹਤ ਮਿਲ ਸਕਦੀ ਹੈ।ਹਾਲਾਂਕਿ ਇੱਕ ਪਾਸੇ ਵਪਾਰਕ ਐੱਲਪੀਜੀ ਸਸਤੀ ਹੋਈ ਹੈ, ਦੂਜੇ ਪਾਸੇ ਹਵਾਬਾਜ਼ੀ ਖੇਤਰ ਲਈ ਵਰਤੇ ਜਾਣ ਵਾਲੇ ਏਵੀਏਸ਼ਨ ਟਰਬਾਈਨ ਫਿਊਲ (ਏਟੀਐੱਫ) ਦੀ ਕੀਮਤ ਵਿੱਚ ਵਾਧਾ ਕਰ ਦਿੱਤਾ ਗਿਆ ਹੈ। ਨਵੀਆਂ ਦਰਾਂ ਮੁਤਾਬਕ ਏਟੀਐੱਫ ਦੀ ਕੀਮਤ 110 ਰੁਪਏ ਪ੍ਰਤੀ ਲਿਟਰ ਤੋਂ ਵਧਾ ਕੇ 115 ਰੁਪਏ ਪ੍ਰਤੀ ਲਿਟਰ ਕਰ ਦਿੱਤੀ ਗਈ ਹੈ। ਇਹ ਵਾਧਾ ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਅਤੇ ਈਧਨ ਦੀਆਂ ਕੀਮਤਾਂ ਦੇ ਰੁਝਾਨ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤਾ ਗਿਆ ਹੈ।ਇਸ ਤੋਂ ਪਹਿਲਾਂ 1 ਜੁਲਾਈ ਨੂੰ ਵੀ ਵਪਾਰਕ ਐੱਲਪੀਜੀ ਸਿਲੰਡਰ ਦੀ ਕੀਮਤ ਵਿੱਚ 183.50 ਰੁਪਏ ਪ੍ਰਤੀ ਸਿਲੰਡਰ ਦੀ ਕਟੌਤੀ ਕੀਤੀ ਗਈ ਸੀ। ਲਗਾਤਾਰ ਦੋ ਮਹੀਨਿਆਂ ਤੋਂ ਮਿਲ ਰਹੀ ਇਹ ਰਾਹਤ ਕਾਰੋਬਾਰੀਆਂ ਲਈ ਸਕਾਰਾਤਮਕ ਸੰਕੇਤ ਮੰਨੀ ਜਾ ਰਹੀ ਹੈ।ਜ਼ਿਕਰਯੋਗ ਹੈ ਕਿ ਜੂਨ ਮਹੀਨੇ ਦੌਰਾਨ ਪੱਛਮੀ ਏਸ਼ੀਆ ਵਿੱਚ ਬਣੇ ਤਣਾਅ ਕਾਰਨ ਵਪਾਰਕ ਐੱਲਪੀਜੀ ਦੀਆਂ ਕੀਮਤਾਂ ਵਿੱਚ ਤੇਜ਼ ਉਛਾਲ ਦੇਖਣ ਨੂੰ ਮਿਲਿਆ ਸੀ। ਹੁਣ ਕੌਮਾਂਤਰੀ ਬਾਜ਼ਾਰ ਵਿੱਚ ਆਏ ਬਦਲਾਅ ਦੇ ਮੱਦੇਨਜ਼ਰ ਕੀਮਤਾਂ ਵਿੱਚ ਕੀਤੀ ਗਈ ਕਟੌਤੀ ਨਾਲ ਵਪਾਰਕ ਵਰਗ ਨੂੰ ਕੁਝ ਹੱਦ ਤੱਕ ਰਾਹਤ ਮਿਲੀ ਹੈ। ਹਾਲਾਂਕਿ ਏਟੀਐੱਫ ਮਹਿੰਗਾ ਹੋਣ ਕਾਰਨ ਹਵਾਈ ਯਾਤਰਾ ਖੇਤਰ ‘ਤੇ ਇਸ ਦਾ ਕੀ ਅਸਰ ਪਵੇਗਾ, ਇਸ ‘ਤੇ ਵੀ ਨਜ਼ਰ ਰਹੇਗੀ।Read More







