ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਨੇ ਵਿੱਤੀ ਸਾਲ 2026-27 ਲਈ ਫਾਸਟੈਗ (FASTag) ਸਾਲਾਨਾ ਪਾਸ ਦੀ ਫੀਸ ਵਿੱਚ ਸੋਧ ਕਰਦਿਆਂ ਇਸ ਨੂੰ 3,000 ਰੁਪਏ ਤੋਂ ਵਧਾ ਕੇ 3,075 ਰੁਪਏ ਕਰ ਦਿੱਤਾ ਹੈ। ਫੀਸ ਦੀਆਂ ਇਹ ਨਵੀਆਂ ਦਰਾਂ ਇਸੇ ਸਾਲ 1 ਅਪਰੈਲ ਤੋਂ ਲਾਗੂ ਹੋ ਜਾਣਗੀਆਂ। ਐਤਵਾਰ ਨੂੰ ਜਾਰੀ ਇੱਕ ਸਰਕਾਰੀ ਬਿਆਨ ਅਨੁਸਾਰ, ਇਹ ਫੈਸਲਾ ਨੈਸ਼ਨਲ ਹਾਈਵੇਅ ਫੀਸ ਨਿਯਮ, 2008 ਦੇ ਉਪਬੰਧਾਂ ਤਹਿਤ ਲਿਆ ਗਿਆ ਹੈ। ਮੌਜੂਦਾ ਸਮੇਂ ਵਿੱਚ 56 ਲੱਖ ਤੋਂ ਵੱਧ ਨਿੱਜੀ ਵਾਹਨ ਚਾਲਕ ਇਸ ਸਾਲਾਨਾ ਪਾਸ ਦੀ ਵਰਤੋਂ ਕਰ ਰਹੇ ਹਨ। ਇਹ ਸੋਧਿਆ ਹੋਇਆ ਰੇਟ ਉਨ੍ਹਾਂ ਸਾਰੇ ਗੈਰ-ਵਪਾਰਕ ਵਾਹਨਾਂ ’ਤੇ ਲਾਗੂ ਹੋਵੇਗਾ ਜੋ ਦੇਸ਼ ਭਰ ਦੇ ਲਗਭਗ 1,150 ਟੋਲ ਪਲਾਜ਼ਿਆਂ ਅਤੇ ਐਕਸਪ੍ਰੈਸਵੇਅ ’ਤੇ ਇਸ ਸਹੂਲਤ ਦਾ ਲਾਭ ਲੈਣਾ ਚਾਹੁੰਦੇ ਹਨ।
ਸਾਲਾਨਾ ਪਾਸ ਦੀ ਸਹੂਲਤ ਵਾਹਨ ਚਾਲਕਾਂ ਨੂੰ ਵਾਰ-ਵਾਰ ਰੀਚਾਰਜ ਕਰਨ ਦੇ ਝੰਜਟ ਤੋਂ ਮੁਕਤੀ ਦਿੰਦੀ ਹੈ। ਇਸ ਪਾਸ ਤਹਿਤ ਉਪਭੋਗਤਾ ਇੱਕ ਸਾਲ ਦੀ ਵੈਧਤਾ ਜਾਂ ਵੱਧ ਤੋਂ ਵੱਧ 200 ਵਾਰ ਟੋਲ ਪਲਾਜ਼ਾ ਪਾਰ ਕਰਨ ਲਈ ਇੱਕ ਵਾਰ ਫੀਸ ਅਦਾ ਕਰ ਸਕਦੇ ਹਨ। ਇਹ ਪਾਸ ’ਰਾਜਮਾਰਗ ਯਾਤਰਾ’ ਐਪ ਜਾਂ NHAI ਦੀ ਵੈੱਬਸਾਈਟ ਰਾਹੀਂ ਐਕਟੀਵੇਟ ਕੀਤਾ ਜਾ ਸਕਦਾ ਹੈ ਅਤੇ ਭੁਗਤਾਨ ਦੇ ਦੋ ਘੰਟਿਆਂ ਦੇ ਅੰਦਰ ਹੀ ਵਾਹਨ ਦੇ ਮੌਜੂਦਾ ਫਾਸਟੈਗ ’ਤੇ ਲਾਗੂ ਹੋ ਜਾਂਦਾ ਹੈ। ਪਿਛਲੇ ਸਾਲ 15 ਅਗਸਤ ਨੂੰ ਸ਼ੁਰੂ ਕੀਤੀ ਗਈ ਇਸ ਯੋਜਨਾ ਨੂੰ ਕੌਮੀਂ ਮਾਰਗਾਂ ’ਤੇ ਸਫ਼ਰ ਕਰਨ ਵਾਲੇ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।















