ਸਾਡਾਮਾਣ ਮੱਤਾ ਇਤਿਹਾਸ: ਚੇਲੀਆਂਵਾਲਾ ਦੀ ਲੜਾਈ ਸਿੱਖਾਂ ਅਤੇ ਅੰਗਰੇਜ਼ਾ ਵਿੱਚ 13 ਜਨਵਰੀ 1849 ਨੂੰ ਲੜੀ ਗਈ। ਜਿਸ ਵਿੱਚ ਸਿੱਖਾਂ ਦੀ ਜਿੱਤ ਹੋਈ।13 ਜਨਵਰੀ 1849 ਇਤਿਹਾਸ ਆਪਣੇ ਵਿੱਚ ਸਮੋਈ ਬੈਠਾ |ਪਰ ਅਫ਼ਸੋਸ ਪੰਜਾਬੀਆ ਦਾ ਵੱਡਾ ਹਿੱਸਾ ਇਸ ਇਤਿਹਾਸ ਤੋਂ ਅਣਜਾਣ ਹੈ !
22 ਨਵੰਬਰ 1848 ਨੂੰ ਰਾਮਨਗਰ ਵਿੱਚ ਆਪਣੇ ਸੈਂਕੜੇ ਫ਼ੌਜੀ ਤੇ ਕੁਝ ਚੋਟੀ ਦੇ ਜਰਨੈਲ ਮਰਵਾਕੇ ਅੰਗਰੇਜ਼ਾਂ ਨੇ ਇਕ ਵਾਰ ਫਿਰ ਸਿੱਖਾਂ ਨਾਲ ਲੜਾਈ ਲੜਨ ਦਾ ਫੈਸਲਾ ਕੀਤਾ ! 13 ਜਨਵਰੀ 1849 ਚੇਲਿਆਂਵਾਲਾ ਪਿੰਡ ਵਿੱਚ ਦੋਵੇਂ ਫੌਜਾਂ ਫਿਰ ਆਹਮੋ-ਸਾਹਮਣੇ ਆਣ ਖੜੀਆਂ ! ਸ ਸ਼ੇਰ ਸਿੰਘ ਅਟਾਰੀ ਅਤੇ ਚਤਰ ਸਿੰਘ ਦੀ ਕਮਾਂਡ ਹੇਠ ਖਾਲਸਾ ਫੌਜਾਂ ਮੈਦਾਨ ਵਿੱਚ ਉਤਰੀਆਂ ! ਪੰਜਾਬ ਉਤੇ ਗੋਰਿਆਂ ਦੇ ਕਬਜ਼ੇ ਨੂੰ ਲੈਕੇ ਸਿੱਖਾਂ ਵਿੱਚ ਐਨਾ ਗ਼ੁੱਸਾ ਸੀ ਕਿ ਉਹ ਐਨੇ ਰੋਹ ਵਿੱਚ ਆਕੇ ਲੜੇ ਕਿ ਇਹ ਲੜਾਈ ਆਪਣਾ ਵੱਖਰਾ ਇਤਿਹਾਸ ਸਿਰਜ ਗਈ ! ਇਸ ਲੜਾਈ ਵਿੱਚ ਗੋਰਿਆਂ ਦਾ ਸੱਭ ਵੱਧ ਜਾਨੀ ਤੇ ਮਾਲੀ ਨੁਕਸਾਨ ਹੋਇਆ |
ਅੰਗਰੇਜ਼ਾਂ ਵੱਲੋਂ ਪੰਜਾਬ ‘ਤੇ ਕਬਜ਼ਾ ਕਰਨ ਮਗਰੋਂ ਚਤਰ ਸਿੰਘ ਤੇ ਸ਼ੇਰ ਸਿੰਘ ਅਟਾਰੀ ਵਾਲਿਆਂ ਅਤੇ ਅੰਗਰੇਜ਼ਾਂ ਵਿਚਕਾਰ ਜੰਗ ਦੀਆਂ ਤਿਆਰੀਆਂ ਦਾ ਮਾਹੌਲ ਤਕਰੀਬਨ ਦੋ ਮਹੀਨੇ ਚਲਦਾ ਰਿਹਾ। ਦੋਹਾਂ ਧਿਰਾਂ ਵਿਚ ਪਹਿਲੀ ਲੜਾਈ 22 ਨਵੰਬਰ 1848 ਦੇ ਦਿਨ ਰਾਮਨਗਰ ਵਿਚ ਹੋਈ ਸੀ ਜਿਸ ਵਿਚ ਦੋਹਾਂ ਧਿਰਾਂ ਦਾ ਕਾਫ਼ੀ ਨੁਕਸਾਨ ਹੋਇਆ। ਅੰਗਰੇਜ਼ਾਂ ਦੇ ਸੈਂਕੜੇ ਫ਼ੌਜੀਆਂ ਤੋਂ ਇਲਾਵਾ ਉਨ੍ਹਾਂ ਦੇ ਬਰਗੇਡੀਅਰ ਜਨਰਲ ਕਿਊਰਟਨ ਅਤੇ ਲੈਫ਼ਟੀਨੈਂਟ ਕਰਨਲ ਹੈਵਲਾਕ ਵੀ ਮਾਰੇ ਗਏ। ਏਨਾ ਨੁਕਸਾਨ ਕਰਵਾਉਣ ਤੋਂ ਬਾਅਦ ਅੰਗਰੇਜ਼ ਕਈ ਹਫ਼ਤੇ ਸਹਿਮੇ ਰਹੇ ਅਤੇ ਅਗਲਾ ਪੈਂਤੜਾ ਸੋਚਦੇ, ਪਰ ਉਪਰਲੇ ਅਫ਼ਸਰਾਂ ਦਾ ਹੁਕਮ ਉਡੀਕਦੇ, ਰਹੇ।ਸੱਤ ਹਫ਼ਤੇ ਦੀ ਚੁੱਪ ਮਗਰੋਂ ਬ੍ਰਿਟਿਸ਼ ਫ਼ੌਜਾਂ ਇਕ ਵਾਰ ਫੇਰ ਟੱਕਰ ਲੈਣ ਵਾਸਤੇ ਤਿਆਰ ਹੋ ਗਈਆਂ। ਅਗਲੀ ਲੜਾਈ 13 ਜਨਵਰੀ 1849 ਦੇ ਦਿਨ ਪਿੰਡ ਚੇਲਿਆਂਵਾਲਾ (ਅੰਗਰੇਜ਼ ਇਸ ਨੂੰ ਚਿਲਿਆਂਵਾਲਾ ਲਿਖਦੇ ਸਨ) ਦੀ ਜੂਹ ਵਿਚ ਹੋਈ। ਇਸ ਲੜਾਈ ਵਿਚ ਵਧੇਰੇ ਕਰ ਕੇ ਅੰਗਰੇਜ਼ੀ ਫ਼ੌਜਾਂ ਹੀ ਸ਼ਾਮਿਲ ਹੋਈਆਂ। ਹਿੰਦੂਸਤਾਨੀ ਜਾਂ ਮੁਸਲਿਮ ਫ਼ੌਜਾਂ ਨੂੰ ਇਸ ਵਿਚ ਸ਼ਾਮਿਲ ਨਹੀਂ ਕੀਤਾ ਗਿਆ।
ਸਿੱਖ ਫ਼ੌਜੀ ਇਸ ਲੜਾਈ ਵਿਚ ਜੀਅ-ਜਾਨ ਨਾਲ ਲੜੇ। ਉਨ੍ਹਾਂ ਦੇ ਦਿਲਾਂ ਵਿਚ ਪੰਜਾਬ ’ਤੇ ਅੰਗਰੇਜ਼ੀ ਕਬਜ਼ੇ ਦੇ ਖ਼ਿਲਾਫ਼ ਰੋਹ ਫੈਲ ਚੁਕਾ ਸੀ। ਉਹ ਅੰਗਰੇਜ਼ਾਂ ਨੂੰ ਤਾਰੇ ਦਿਖਾਉਣਾ ਚਾਹੁੰਦੇ ਸੀ। ਉਧਰ ਅੰਗਰੇਜ਼ ਫ਼ੌਜੀਆਂ ਨੂੰ ਮੁਦਕੀ ਅਤੇ ਫ਼ੀਰੋਜ਼ਸ਼ਾਹ ਦੀਆਂ ਲੜਾਈਆਂ ਦਾ ਭੁਲੇਖਾ ਸੀ ਪਰ ਉਨ੍ਹਾਂ ਨੂੰ ਇਹ ਨਹੀਂ ਸੀ ਪਤਾ ਕਿ ਇਸ ਲੜਾਈ ਵਿਚ ਲਾਲ ਸਿੰਹ, ਕਨੱਈਆ ਲਾਲ, ਅਯੁਧਿਆ ਪ੍ਰਸਾਦ ਤੇ ਅਮਰ ਨਾਥ ਵਰਗੇ ਗ਼ਦਾਰ ਅਗਵਾਈ ਨਹੀਂ ਸਨ ਕਰ ਰਹੇ ਬਲਕਿ ਇਹ ਸ਼ੇਰਾਂ ਦੀ ਫ਼ੌਜ ਸੀ, ਜੋ ਜਜ਼ਬਾਤ ਦੀ ਛਾਂ ਹੇਠ ਜੂਝ ਰਹੀ ਸੀ।ਇਸ ਲੜਾਈ ਵਿਚ ਬ੍ਰਿਟਿਸ਼ ਫ਼ੌਜ ਬੁਰੀ ਤਰ੍ਹਾਂ ਤਬਾਹ ਹੋ ਗਈ। ਇਸ ਲੜਾਈ ਵਿਚ 2446 ਅੰਗਰੇਜ਼ ਫ਼ੌਜੀ ਅਤੇ 132 ਅਫ਼ਸਰ ਮਾਰੇ ਗਏ ਤੇ ਅੰਗਰੇਜ਼ਾਂ ਨੇ ਚਾਰ ਤੋਪਾਂ ਵੀ ਗੁਆ ਲਈਆਂ।
ਇਸ ਜੰਗ ਬਾਰੇ ਕਲਕੱਤਾ ਰੀਵੀਊ (1849) ਨੇ ਲਿਖਿਆ ਕਿ ਇਸ ਸਬ-ਕੰਟੀਨੈਂਟ (ਸਾਊਥ ਏਸ਼ੀਆ) ਵਿਚ ਬਰਤਾਨੀਆਂ ਦੀਆਂ ਲੜਾਈਆਂ ਵਿਚੋਂ ਚੇਲਿਆਂਵਾਲਾ ਸਭ ਤੋਂ ਵਧ ਤਬਾਹਕੁੰਨ ਸੀ। ਗਰਿਫ਼ਨ ਇਸ ਨੂੰ “ਅਫ਼ਗ਼ਾਨਿਸਤਾਨ ਵਿਚ ਬਰਤਾਨਵੀ ਫ਼ੌਜਾਂ ਦੇ ਕਤਲੇਆਮ ਵਾਂਗ ਖ਼ੌਫ਼ਨਾਕ” ਦਸਦਾ ਹੈ। ਐਡਵਿਨ ਆਰਨਲਡ ਨੇ ਇਸ ਲੜਾਈ ਬਾਰੇ ਕਿਹਾ ਸੀ ਕਿ “ਜੇ ਸਿੱਖ ਅਜਿਹੀ ਇਕ ਹੋਰ ਲੜਾਈ ਜਿੱਤ ਜਾਂਦੇ ਤਾਂ ਬਰਤਾਨੀਆਂ ਦੀ ਹਕੂਮਤ ਨਾ ਸਿਰਫ਼ ਪੰਜਾਬ ਚੋਂ ਹੀ ਖ਼ਤਮ ਹੋ ਜਾਣੀ ਸੀ ਬਲਕਿ ਉਨ੍ਹਾਂ ਨੂੰ ਭਾਰਤ ਵਿਚੋਂ ਵੀ ਕੱਢ ਦਿੱਤਾ ਜਾਣਾ ਸੀ।” ਜਰਨੈਲ ਥੈਕਵਿਲ ਲਿਖਦਾ ਹੈ ਕਿ “ਮੇਰਾ ਖ਼ਿਆਲ ਹੈ ਕਿ ਇਸ ਘੱਲੂਘਾਰੇ ਵਿਚੋਂ ਮੇਰਾ ਇਕ ਵੀ ਸਿਪਾਹੀ ਨਹੀਂ ਸੀ ਬਚਿਆ।… ਇਕ-ਇਕ ਸਿੱਖ ਸਾਡੇ ਤਿੰਨ-ਤਿੰਨ ਸਿਪਾਹੀਆਂ ਨੂੰ ਮਾਰਨ ਦੇ ਕਾਬਿਲ ਸੀ।…ਬਰਤਾਨਵੀ ਫ਼ੌਜ ਸਿੱਖ ਫ਼ੌਜੀਆਂ ਤੋਂ ਏਨੀ ਖ਼ੌਫ਼ਜ਼ਦਾ ਸੀ ਕਿ ਉਹ ਮੈਦਾਨ ਵਿੱਚੋਂ ਇੰਞ ਭੱਜ ਗਏ ਸਨ ਜਿਵੇਂ ਭੇਡਾਂ ਆਪਣੀ ਜਾਨ ਬਚਾਉਣ ਵਾਸਤੇ ਭਜਦੀਆਂ ਹਨ।”
ਇਸ ਲੜਾਈ ਨੇ ਅੰਗਰੇਜ਼ਾਂ ਵਿਚ ਏਨਾ ਖ਼ੌਫ਼ ਪੈਦਾ ਕੀਤਾ ਕਿ ਬਰਤਾਨਵੀ ਪਾਰਲੀਮੈਂਟ ਵਿਚ ਵੀ ਇਸ ਦਾ ਮਾਤਮ ਮਨਾਇਆ ਗਿਆ। ਇਸ ਮੌਕੇ ’ਤੇ, 80 ਸਾਲ ਦੇ, ਡਿਊਕ ਆਫ਼ ਵੈਲਿੰਗਡਨ (ਜਿਸ ਨੇ ਵਾਟਰਲੂ ਦੀ ਲੜਾਈ ਵਿਚ ਨੈਪੋਲੀਅਨ ਨੂੰ ਹਰਾਇਆ ਸੀ) ਨੇ ਪੰਜਾਬ ਜਾ ਕੇ ਸਿੱਖਾਂ ਦੇ ਖ਼ਿਲਾਫ਼ ਜੰਗ ਵਿਚ ਹਿੱਸਾ ਲੈਣ ਦੀ ਖ਼ਾਹਿਸ਼ ਦਾ ਇਜ਼ਹਾਰ ਕੀਤਾ। ਚੇਲਿਆਂਵਾਲਾ ਦੀ ਜੰਗ ਦਾ ਇੰਗਲੈਂਡ ਵਿਚ ਏਨਾ ਰੰਜ ਤੇ ਮਾਤਮ ਹੋਇਆ ਕਿ ਜਾਰਜ ਮੈਰੇਡਿਥ ਵਰਗੇ ਮੰਨੇ-ਪਰਮੰਨੇ ਸ਼ਾਇਰ ਦੀ ਕਲਮ ਨੇ ਵੀ ਇਕ ਦਰਦ-ਭਰੀ ਮਾਤਮੀ ਨਜ਼ਮ ਲਿਖੀ (ਉਸ ਨੇ ਚੇਲਿਆਂਵਾਲਾ ਨੂੰ ਚਿਲਿਆਂਵਾਲਾ ਲਿਖਿਆ ਹੈ:
ਚਿਲਿਆਂਵਾਲਾ! ਚਿਲਿਆਂ ਵਾਲਾ!!
ਇਕ ਹਨੇਰਾ ਉਦਾਸ ਪਿੰਡ
ਜਿਸ ਨੂੰ ਦੁਸ਼ਮਣ ਨੇ ਘੇਰਿਆ ਹੋਇਆ ਹੈ।
ਸਰਦ ਪਾਣੀਆਂ ਦੇ ਦੂਜੇ ਪਾਰ
ਉਹ ਪਿੱਛੇ ਹਟਣ ਨੂੰ ਤਿਆਰ ਹੈ,
ਤਦੋਂ ਕਤਲ ਤੇ ਘੱਲੂਘਾਰਾ
ਉਸ ਦੀ ਹਾਰ ਦੇ ਇਵਜ਼ ਵਿਚ ਮਿਲਣੇ ਸਨ।
ਚਿਲਿਆਂਵਾਲਾ! ਚਿਲਿਆਂ ਵਾਲਾ!!
ਝਾੜੀਆਂ ਵਾਲੇ ਜੰਗਲ ਨਾਲ ਘਿਰਿਆ ਮੈਦਾਨੇ ਜੰਗ
ਜਿਸ ਦੀ ਜ਼ਮੀਨ ’ਤੇ ਲਹੂ ਦੀ ਚਾਦਰ ਵਿਛੀ ਹੋਈ ਹੈ
ਇਹ ਮੌਤ ਦੇ ਪਰਵਾਨਿਆਂ ਦੀ ਫ਼ੌਜ
ਖ਼ੌਫ਼ਨਾਕ ਮੁਕਾਬਲਿਆਂ ਵਿਚ
(ਜਿੱਤ ਦੇ) ਭਰਮ ਦੀ ਗਰਜ ਨਾਲ ਦਬੀ ਹੋਈ ਜੂਝਦੀ ਹੈ।
ਚਿਲਿਆਂਵਾਲਾ! ਚਿਲਿਆਂ ਵਾਲਾ!!
ਇਕ ਮੀਂਹ ਭਰੀ ਰਾਤ ਵਿਚ ਮਾਰੇ ਜਾ ਚੁਕੇ ਫ਼ੌਜੀਆਂ,
ਜ਼ਖ਼ਮੀਆਂ ਤੇ ਮਰ ਰਹਿਆਂ ਦੀ ਸਾਂਝੀ ਤਕਦੀਰ
ਤੇ ਜਦੋਂ ਉਨ੍ਹਾਂ ਦੇ ਸਾਥੀ ਬੇਸਹਾਰੇ ਅਸਮਾਨ ਦੀ ਛੱਤ ਹੇਠ
ਡਿੱਗੇ ਪਏ ਸਨ।
ਚਿਲਿਆਂਵਾਲਾ! ਚਿਲਿਆਂ ਵਾਲਾ!!
(ਮੈਰੇਡਿਥ ਦੀ ਨਜ਼ਮ ਦਾ ਪੰਜਾਬੀ ਵਿਚ ਇਹ ਤਰਜਮਾ ਮੇਰਾ ਆਪਣਾ ਹੈ) ਇਸ ਲੜਾਈ ਵਿਚ ਹੋਈ ਹਾਰ ਬਦਲੇ ਜਨਰਲ ਗੱਫ਼ ਨੂੰ ਹਟਾ ਕੇ ਸਰ ਚਾਰਲਸ ਨੈਪੀਅਰ ਨੂੰ ਅੰਗਰੇਜ਼ੀ ਫ਼ੌਜਾਂ ਦਾ ਕਮਾਂਡਰ-ਇਨ-ਚੀਫ਼ ਬਣਾ ਦਿੱਤਾ ਗਿਆ।ਪਰ ਅਫ਼ਸੋਸ ਬਾਦ ਵਿੱਚ ਗ਼ਦਾਰ ਆਪਣੀਆਂ ਚਾਲਾਂ ਚੱਲਣ ਵਿੱਚ ਕਾਮਯਾਬ ਹੋ ਗਏ ਅਤੇ ਸਿੱਖ ਰਾਜ ਜਾਂਦਾ ਰਿਹਾ !
ਲਿਖਤ : ਤਰਨਦੀਪ ਸਿੰਘ
(ਸਰੋਤ :ਕਿਤਾਬ ਸਿੱਖ ਇਤਿਹਾਸ ਪਹਿਲੀ ਐਂਗਲੋ-ਸਿੱਖ ਜੰਗ • ਰਾਮਨਗਰ ਦੀ ਲੜਾਈ ਦੂਜੀ ਐਂਗਲੋ-ਸਿੱਖ ਜੰਗ ਪੰਜਾਬੀ ਵਿੱਚ ਸੁਚੱਜੇ ਗੀਤ, ਸੁਨੇਹੇ, ਕਹਾਣੀਆਂ, ਸਿੱਖਿਆਂਵਾਂ, ਸਾਖੀਆਂ ਅਤੇ ਹੋਰ ਵੀ ਬਹੁਤ ਸਾਰੀ ਜਾਣਕਾਰੀ ਲਈ ਵੇਖਦੇ ਰਹੋ ਇਹ ਚੈਨਲ ਨੂੰ, ਇਥੇ ਧਾਰਮਿਕ ਅਤੇ ਸਿੱਖ ਪੰਥ ਨਾਲ ਸਬੰਧਿਤ ਪੋਸਟਾਂ ਦੇ ਨਾਲ ਨਾਲ ਸਿੱਖਿਆਦਾਇਕ ਅਤੇ ਪੰਜਾਬ ਨਾਲ ਸਬੰਧਿਤ ਜਾਣਕਾਰੀ ਵੀ ਦਿੱਤੀ ਜਾਂਦੀ ਹੈ)