ਸ਼ਾਹਕੋਟ ਅਤੇ ਆਸ-ਪਾਸ ਦੇ ਇਲਾਕੇ ਵਿੱਚ ਚੋਰੀਆਂ ਅਤੇ ਲੁੱਟਾਂ ਖੋਹਾ ਰੁਕਣ ਦਾ ਨਾਮ ਤੱਕ ਨਹੀਂ ਲੈ ਰਹੀਆਂ। ਬੀਤੀ ਸ਼ੁੱਕਰਵਾਰ ਅਤੇ ਸ਼ਨੀਵਾਰ ਦੀ ਦਰਮਿਆਨੀ ਰਾਤ ਚੋਰ ਗਿਰੋਹ ਕਾਫ਼ੀ ਸਰਗਰਮ ਰਿਹਾ ਅਤੇ ਚੋਰਾਂ ਨੇ ਸ਼ਾਹਕੋਟ ਦੇ ਨਜ਼ਦੀਕ 4 ਪਿੰਡਾਂ ਨੂੰ ਨਿਸ਼ਾਨਾਂ ਬਣਾਕੇ 6 ਥਾਂਵਾ ਤੇ ਵਾਰਦਾਤਾਂ ਨੂੰ ਅੰਜਾਮ ਦਿੱਤਾ।
ਪਹਿਲਾ ਚੋਰੀ ਦਾ ਮਾਮਲਾ ਸ਼ਾਹਕੋਟ ਦੇ ਪਿੰਡ ਸ਼ੇਖੇਵਾਲ ਦਾ ਹੈ, ਜਿਥੇ ਚੋਰਾਂ ਨੇ ਭੋਡੀਪੁਰੀਆਂ ਦੇ ਡੇਰੇ ਵੱਜੋਂ ਜਾਣੇ ਜਾਂਦੇ ਘਰ ਨੂੰ ਨਿਸ਼ਾਨਾਂ ਬਣਾਿੲਆ, ਚੋਰ ਘਰ ਦੇ ਪਿੱਛਲੇ ਪਾਸੇ ਖੇਤਾਂ ਵਿੱਚੋਂ ਦੀ ਆਏ ਅਤੇ ਕਮਰੇ ਦੀ ਕੰਧ ਨੂੰ ਸੰਨ੍ਹ ਲਗਾਕੇ ਅੰਦਰ ਦਾਖਲ ਹੋਏ, ਜਿਨਾਂ ਕਮਰੇ ਵਿੱਚ ਪਈਆ ਅਲਮਾਰੀਆਂ, ਬਾਕਸ ਬੈੱਡ ਦੀ ਫਲੋਰਾ-ਫਰਾਲੀ ਕੀਤੀ ਅਤੇ ਅਲਮਾਰੀਆਂ ਵਿੱਚ ਪਏ 4 ਤੋਲੇ ਸੋਨੇ ਦੇ ਗਹਿਣੇ, ਡੇਢ ਲੱਖ ਦੀ ਨਕਦੀ ਤੇ ਹੋਰ ਜ਼ਰੂਰੀ ਦਸਤਾਵੇਜ਼ ਲੈ ਕੇ ਫਰਾਰ ਹੋ ਗਏ। ਉਨਾਂ ਦੱਸਿਆ ਕਿ ਜਦ ਉਨਾਂ ਸਵੇਰੇ ਉੱਠ ਕੇ ਦੇਖਿਆ ਤਾਂ ਉਹ ਹੈਰਾਨ ਰਹਿ ਗਏ।
ਇਸੇ ਤਰ੍ਹਾਂ ਦੋ ਚੋਰੀ ਦੀਆਂ ਵਾਰਦਾਤਾਂ ਸ਼ਾਹਕੋਟ ਦੇ ਪਿੰਡ ਜਾਫ਼ਰਵਾਲ ਵਿਖੇ ਵਾਪਰੀਆਂ, ਜਿਥੇ ਚੋਰਾਂ ਨੇ ਇੱਕ ਦੁਕਾਨ ਜੋਸਨ ਪੈਸਟੀਸਾਈਡ ਸਟੋਰ ਤੇ ਥਿੰਦ ਫਾਰਮ ਹਾਊਸ ਨੂੰ ਨਿਸ਼ਾਨਾਂ ਬਣਾਇਆ। ਜੋਸਨ ਪੈਸਟੀਸਾਈਡ ਸਟੋਰ ਦੇ ਮਾਲਕ ਸੰਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪੱਤੋ ਖੁਰਦ ਨੇ ਦੱਸਿਆ ਕਿ ਉਹ ਰਾਤ ਦੁਕਾਨ ਬੰਦ ਕਰਕੇ ਆਪਣੇ ਘਰ ਚਲੇ ਗਏ ਅਤੇ ਸਵੇਰੇ ਕਰੀਬ 5:30 ਵਜੇ ਕਿਸੇ ਜਾਣਕਾਰ ਦਾ ਫੋਨ ਆਇਆ ਕਿ ਤੁਹਾਡੀ ਦੁਕਾਨ ਦਾ ਸ਼ਟਰ ਟੁੱਟਾ ਪਿਆ ਹੈ। ਉਨਾਂ ਦੱਸਿਆ ਕਿ ਜਦ ਦੁਕਾਨ ਤੇ ਆ ਕੇ ਦੇਖਿਆ ਤਾਂ ਪਤਾ ਲੱਗਾ ਕਿ ਚੋਰ ਰਾਤ 1:40 ਵਜੇ ਦੁਕਾਨ ਦਾ ਸ਼ਟਰ ਤੋੜ ਕੇ ਅੰਦਰ ਦਾਖਲ ਹੋਏ ਅਤੇ ਦੁਕਾਨ ਵਿੱਚ ਕਾਊਂਟਰ ਦੇ ਦਰਾਜ਼ ਤੋੜੇ। ਜਿਸ ਦੌਰਾਨ ਉਹ ਗੱਲ੍ਹੇ ਵਿੱਚ ਪਈ ਕਰੀਬ 1 ਹਜ਼ਾਰ ਰੁਪਏ ਦੀ ਨਕਦੀ ਲੈ ਗਏ। ਉਨਾਂ ਦੱਸਿਆ ਕਿ ਚੋਰਾਂ ਨੇ ਦੁਕਾਨ ਦੇ ਬਾਹਰ ਲੱਗੇ 2 ਸੀ.ਸੀ. ਟੀ.ਵੀ. ਕੈਮਰੇ ਵੀ ਤੋੜ ਦਿੱਤੇ, ਜਦਕਿ ਅੰਦਰ ਲੱਗੇ ਕੈਮਰਿਆ ਵਿੱਚ ਚੋਰੀ ਦੀ ਸਾਰੀ ਵਾਰਦਾਤ ਕੈਦ ਹੋ ਗਈ, ਜਿਸ ਵਿੱਚ 2 ਵਿਅਕਤੀ ਚੋਰੀ ਕਰਦੇ ਨਜ਼ਰ ਆ ਰਹੇ ਹਨ, ਜਦ ਕਿ ਉਨਾਂ ਦੇ ਹੋਰ ਸਾਥੀ ਵੀ ਬਾਹਰ ਹੋਣਗੇ। ਉਨਾਂ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਸਮੇਂ ਉਨਾਂ ਵੱਲੋਂ ਦੁਕਾਨ ਦੇ ਸਾਹਮਣੇ ਸਾਰੇ ਘਰਾਂ ਨੂੰ ਬਾਹਰੋਂ ਕੁੰਡੇ ਵੀ ਲਗਾ ਦਿੱਤੇ ਗਏ ਸਨ।
ਇਸੇ ਤਰ੍ਹਾਂ ਥਿੰਦ ਫਾਰਮ ਹਾਊਸ ਦੇ ਮਾਲਕ ਦਲਬੀਰ ਸਿੰਘ ਅਤੇ ਰੇਸ਼ਮ ਸਿੰਘ ਦੋਵੇਂ ਪੁੱਤਰ ਦੀਦਾਰ ਸਿੰਘ ਵਾਸੀ ਜਾਫ਼ਰਵਾਲ ਨੇ ਦੱਸਿਆ ਕਿ ਚੋਰ ਕੰਧ ਟੱਪ ਕੇ ਉਨਾਂ ਦੇ ਫਾਰਮ ਹਾਊਸ ਵਿੱਚ ਦਾਖਲ ਹੋਏ, ਜਿਥੇ ਪਹਿਲਾ ਉਨਾਂ ਨੇ ਕੈਮਰਿਆ ਦੀਆਂ ਤਾਰਾ ਤੋੜੀਆਂ ਅਤੇ ਬਾਅਦ ਵਿੱਚ ਖੇਤਾਂ ਵਾਲੇ ਪਾਸਿਓ ਦੀ ਉਨਾਂ ਨੇ ਫਾਰਮ ਹਾਊਸ ਦੇ ਇੱਕ ਕਮਰੇ ਵਿੱਚ ਰੱਖੇ 6-7 ਮੁਰਗੇ ਕਮਰੇ ਦੀ ਤਾਕੀ ਤੋੜ ਕੇ ਚੋਰੀ ਕਰ ਲਏ। ਇਸ ਤੋਂ ਇਲਾਵਾ ਉਨਾਂ ਮੋਟਰਾਂ ਦੀਆਂ ਕੇਬਲ ਤਾਰਾਂ ਵੀ ਚੋਰੀ ਕੀਤੀਆਂ ਤੇ ਫਰਾਰ ਹੋ ਗਏ।
ਇਸੇ ਤਰ੍ਹਾਂ 2 ਚੋਰੀਆਂ ਦੀਆਂ ਵਾਰਦਾਤਾ ਸ਼ਾਹਕੋਟ ਦੇ ਪਿੰਡ ਮਾਣਕਪੁਰ ਵਿਖੇ ਹੋਈਆਂ, ਜਿਥੇ ਚੋਰਾਂ ਨੇ 2 ਘਰਾਂ ਨੂੰ ਨਿਸ਼ਾਨਾਂ ਬਣਾਉਂਦਿਆ 9 ਤੋਲੇ ਸੋਨੇ ਦੇ ਗਹਿਣੇ ਅਤੇ 80 ਹਜ਼ਾਰ ਤੋਂ ਵੱਧ ਦੀ ਨਕਦੀ ਤੇ ਮੋਬਾਇਲ ਫੋਨ ਚੋਰੀ ਕਰ ਲਿਆ। ਜਗਜੀਤ ਸਿੰਘ ਉਰਫ਼ ਜੱਗਾ ਪੁੱਤਰ ਗੁਰਮੁੱਖ ਸਿੰਘ ਵਾਸੀ ਮਾਣਕਪੁਰ ਨੇ ਦੱਸਿਆ ਕਿ ਉਹ ਡੇਰੇ ਤੇ ਰਹਿੰਦੇ ਹਨ ਅਤੇ ਆਪਣੇ ਘਰ ਦੇ ਕਮਰੇ ਵਿੱਚ ਪਰਿਵਾਰ ਸਮੇਤ ਸੁੱਤਾ ਪਿਆ ਸੀ ਕਿ ਚੋਰ ਖੇਤਾਂ ਵੱਲ ਦੀ ਕਮਰੇ ਦੀ ਕੰਧ ਨੂੰ ਸੰਨ੍ਹ ਲਗਾਕੇ ਕਮਰੇ ਅੰਦਰ ਦਾਖਲ ਹੋਏ, ਜਿਨਾਂ ਕਿਸੇ ਤਰ੍ਹਾਂ ਘਰ ਵਿੱਚ ਰੱਖੇ 2 ਕੁੱਤਿਆ ਨੂੰ ਕੋਈ ਨਸ਼ੀਲੀ ਚੀਜ਼ ਪਾ ਦਿੱਤੀ, ਜਿਸ ਨਾਲ ਕੁੱਤੇ ਸੌ ਗਏ ਅਤੇ ਉਨ੍ਹਾਂ ਕਮਰੇ ਅੰਦਰੋਂ ਕੁੰਡਾ ਲਗਾ ਲਿਆ। ਇਸ ਦੌਰਾਨ ਉਨ੍ਹਾਂ ਕਮਰੇ ਵਿੱਚ ਪਈਆਂ ਅਲਮਾਰੀਆਂ ਅਤੇ ਬੈੱਡ ਦੀ ਫਰੋਲਾ-ਫਰਾਲੀ ਕੀਤੀ ਤੇ ਅਲਮਾਰੀਆਂ ਵਿੱਚੋਂ 5 ਤੋਲੇ ਸੋਨੇ ਦੇ ਗਹਿਣੇ, 70 ਹਜ਼ਾਰ ਦੀ ਨਕਦੀ ਅਤੇ ਇੱਕ ਮਹਿੰਗਾ ਫੋਨ ਲੈ ਗਏ।
ਇਸੇ ਤਰ੍ਹਾਂ ਸੁਰਿੰਦਰ ਕੌਰ ਪਤਨੀ ਬਲਜੀਤ ਸਿੰਘ ਵਾਸੀ ਮਾਣਕਪੁਰ ਨੇ ਦੱਸਿਆ ਕਿ ਉਹ ਡੇਰੇ ਤੇ ਰਹਿੰਦੇ ਹਨ ਅਤੇ ਉਸ ਦਾ ਪਤੀ ਪਾਠੀ ਹੋਣ ਕਾਰਨ ਪਾਠ ਕਰਨ ਗਿਆ ਸੀ, ਜਿਸ ਕਾਰਨ ਬੀਤੀ ਰਾਤ ਉਹ ਘਰ ਵਿੱਚ ਇਕੱਲੀ ਸੀ। ਉਨ੍ਹਾਂ ਨੇ ਦੱਸਿਆ ਕਿ ਬੀਤੀ ਰਾਤ ਚੋਰ ਖੇਤਾਂ ਵਿੱਚੋਂ ਦੀ ਸਾਡੇ ਘਰ ਦੇ ਪਿੱਛਲੇ ਪਾਸੇ ਆਏ ਅਤੇ ਕਮਰੇ ਵਿੱਚ ਕੰਧ ਨੂੰ ਸੰਨ੍ਹ ਲਗਾਕੇ ਕਮਰੇ ਵਿੱਚ ਦਾਖਲ ਹੋਏ, ਉਸ ਸਮੇਂ ਮੈਂ ਨਾਲ ਵਾਲੇ ਕਮਰੇ ਵਿੱਚ ਸੁੱਤੀ ਪਈ ਸੀ। ਉਨ੍ਹਾਂ ਦੱਸਿਆ ਕਿ ਚੋਰਾਂ ਨੇ ਕਮਰੇ ਵਿੱਚ ਪਈ ਅਲਮਾਰੀ ਵਿੱਚ ਪਏ 4 ਤੋਲੇ ਸੋਨੇ ਦੇ ਗਹਿਣੇ ਜਿਨਾਂ ਵਿੱਚ 2 ਚੈਨੀਆ, ਇੱਕ ਟਾਪਸਾ ਦਾ ਜੌੜਾ, 3 ਮੁੰਦਰੀਆਂ ਅਤੇ 10 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ। ਉਸ ਨੇ ਦੱਸਿਆ ਕਿ ਜਦ ਸਵੇਰੇ ਉਹ ਖੇਤਾਂ ਵਿੱਚ ਪੱਠੇ ਵੱਢਣ ਗਈ ਤਾਂ ਉਸ ਨੇ ਕੰਧ ਵਿੱਚ ਲੱਗੀ ਸੰਨ੍ਹ ਦੇਖ ਰੌਲਾ ਪਾਇਆ ਤੇ ਜਦ ਘਰ ਅੰਦਰ ਕਮਰੇ ਵਿੱਚ ਜਾ ਕੇ ਦੇਖਿਆ ਤਾਂ ਸਾਰਾ ਸਮਾਨ ਖਿਲਰਿਆ ਪਿਆ ਸੀ ਤੇ ਚੋਰੀ ਹੋ ਚੁੱਕੀ ਸੀ।
ਇਸੇ ਤਰ੍ਹਾਂ ਚੋਰਾਂ ਨੇ ਛੇਵੀਂ ਵਾਰਦਾਤ ਸ਼ਾਹਕੋਟ ਦੇ ਪਿੰਡ ਸੈਦਪੁਰ ਝਿੜੀ ਵਿਖੇ ਵਾਪਰੀ, ਜਿਥੇ ਚੋਰ ਕੰਧ ਟੱਪ ਕੇ ਰਾਡ ਨਾਲ ਦਰਵਾਜ਼ਾ ਖੋਲ੍ਹ ਕੇ ਘਰ ਅੰਦਰ ਦਾਖਲ ਹੋਏ ਅਤੇ 2 ਮੋਬਾਇਲ ਫੋਨ, 3 ਹਜ਼ਾਰ ਰੁਪਏ ਦੀ ਨਕਦੀ ਤੇ ਹੋਰ ਕੀਮਤੀ ਸਮਾਨ ਚੋਰੀ ਕਰਕੇ ਲੈ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆ ਨਿਰਮਲ ਕੌਰ ਪਤਨੀ ਜਸਬੀਰ ਸਿੰਘ ਵਾਸੀ ਸੈਦਪੁਰ ਝਿੜੀ ਨੇ ਦੱਸਿਆ ਉਹ ਰਾਤ ਆਪਣੇ ਲੜਕੇ ਨਾਲ ਘਰ ਵਿੱਚ ਸੁੱਤੀ ਪਈ ਸੀ ਅਤੇ ਉਸ ਦਾ ਪਤੀ ਦਰਬਾਰ ਤੇ ਸੇਵਾ ਕਰਦਾ ਹੋਣ ਕਾਰਨ ਦਰਬਾਰ ਤੇ ਸੁੱਤਾ ਸੀ ਕਿ ਇਸੇ ਦੌਰਾਨ ਚੋਰ ਪਹਿਲਾ ਕੰਧ ਟੱਪ ਕੇ ਵਿਹੜੇ ਵਿੱਚ ਦਾਖਲ ਹੋਏ, ਜਿਨਾਂ ਲੋਹੇ ਦੀ ਰਾਡ ਨਾਲ ਦਰਵਾਜ਼ੇ ਦੀ ਜਾਲੀ ਪਾੜ ਦਿੱਤੀ ਅਤੇ ਹੱਥ ਪਾ ਕੇ ਕੁੰਡਾ ਖੋਹ ਕੇ ਘਰ ਅੰਦਰ ਦਾਖਲ ਹੋਏ, ਜਿਥੇ ਉਨਾਂ ਕਮਰਿਆ ਵਿੱਚ ਪਈਆਂ ਅਲਮਾਰੀਆਂ, ਟਰੰਕ, ਪੇਟੀਆਂ, ਬੈਡ ਆਦਿ ਦੀ ਫਰੋਲਾ-ਫਰਾਲੀ ਕੀਤੀ ਤੇ 2 ਮੋਬਾਇਲ ਫੋਨ, 3 ਹਜ਼ਾਰ ਰੁਪਏ ਦੀ ਨਕਦੀ ਸਮੇਤ ਬਾਬਾ ਜੀ ਦੀ ਗੋਲਕ ਅਤੇ ਲੜਕੇ ਦਾ ਹੋਰ ਕੀਮਤੀ ਸਮਾਨ ਲੈ ਗਏ। ਉਸ ਨੇ ਦੱਸਿਆ ਕਿ ਜਦ ਚੋਰ ਵਾਰਦਾਤ ਕਰਨ ਆਏ ਤਾਂ ਉਨਾਂ ਵੱਲੋਂ ਸਾਨੂੰ ਸੁੱਤਿਆ ਨੂੰ ਕੋਈ ਨਸ਼ੀਲੀ ਚੀਜ਼ ਸੁਘਾਈ ਗਈ, ਜਿਸ ਕਾਰਨ ਚੋਰ ਸਾਡੇ ਕੋਲ ਦੀ ਲੰਘਦੇ ਰਹੇ, ਪਰ ਉਨਾਂ ਬਾਰੇ ਸਾਨੂੰ ਕੁੱਝ ਵੀ ਪਤਾ ਨਹੀਂ ਲੱਗਾ।
ਜਿਕਰਯੋਗ ਹੈ ਕਿ ਇਨਾਂ ਵਾਪਰੀਆਂ ਚੋਰੀਆਂ ਦੀਆਂ ਘਟਨਾ ਸਬੰਧੀ ਏ.ਐਸ.ਆਈ. ਕਮਸ਼ੀਰ ਸਿੰਘ ਥਾਣਾ ਸ਼ਾਹਕੋਟ ਵੱਲੋਂ ਪੁਲਿਸ ਪਾਰਟੀ ਸਮੇਤ ਮੌਕਾ ਦੇਖ ਜਾਂਚ ਸ਼ੁਰੂ ਕੀਤੀ ਗਈ, ਪਰ ਪੁਲਿਸ ਅਜੇ ਇਸ ਬਾਬਤ ਕੁੱਝ ਵੀ ਕਹਿਣ ਤੋਂ ਪਾਸਾ ਵੱਟ ਰਹੀ ਹੈ।