ਲੁਧਿਆਣਾ ਵਿੱਚ 1 ਕਰੋੜ 48 ਲੱਖ 50 ਹਜ਼ਾਰ ਰੁਪਏ ਦੇ ਕਰਜ਼ੇ ਨਾਲ ਜੁੜਿਆ ਮਾਮਲਾ ਸਾਹਮਣੇ ਆਇਆ ਹੈ। ਸ਼ਿਕਾਇਤਕਰਤਾ ਨੇ ਖਾਲੀ ਕਾਗਜ਼ਾਂ ਅਤੇ ਚੈੱਕ ਦੀ ਕਥਿਤ ਦੁਰਵਰਤੋਂ ਕਰਕੇ 8000 ਵਰਗ ਗਜ਼ ਦੇ ਪਲਾਟ ਸਬੰਧੀ ਦਸਤਾਵੇਜ਼ ਤਿਆਰ ਕਰਨ ਦੇ ਦੋਸ਼ ਲਗਾਏ ਹਨ। ਸਰਾਭਾ ਨਗਰ ਪੁਲਿਸ ਨੇ ਛੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਲੁਧਿਆਣਾ ’ਚ 1.48 ਕਰੋੜ ਦੇ ਕਰਜ਼ੇ ਦਾ ਮਾਮਲਾ, ਖਾਲੀ ਕਾਗਜ਼ਾਂ ’ਤੇ ਦਸਤਖ਼ਤ ਕਰਵਾ ਪਲਾਟ ਹੜੱਪਣ ਦੀ ਕੋਸ਼ਿਸ਼ ਦੇ ਇਲਜ਼ਾਮ ਲੁਧਿਆਣਾ: ਕਰਜ਼ੇ ਅਤੇ ਵਿਆਜ ਦੇ ਲੈਣ-ਦੇਣ ਨਾਲ ਜੁੜਿਆ ਇੱਕ ਮਾਮਲਾ ਸਾਹਮਣੇ ਆਇਆ ਹੈ। ਇੱਕ ਵਿਅਕਤੀ ਨੇ ਦੋਸ਼ ਲਗਾਇਆ ਹੈ ਕਿ ਕਰੀਬ 1 ਕਰੋੜ 48 ਲੱਖ 50 ਹਜ਼ਾਰ ਰੁਪਏ ਦੀ ਰਕਮ ਦੇ ਬਦਲੇ ਗਾਰੰਟੀ ਵਜੋਂ ਉਸ ਤੋਂ ਖਾਲੀ ਕਾਗਜ਼ਾਂ ਅਤੇ ਚੈੱਕ ’ਤੇ ਦਸਤਖ਼ਤ ਕਰਵਾਏ ਗਏ। ਬਾਅਦ ਵਿੱਚ ਇਨ੍ਹਾਂ ਦਸਤਾਵੇਜ਼ਾਂ ਦੀ ਕਥਿਤ ਤੌਰ ’ਤੇ ਦੁਰਵਰਤੋਂ ਕਰਕੇ ਉਸ ਦੀ ਜਾਇਦਾਦ ਨਾਲ ਸਬੰਧਤ ਕਾਗਜ਼ ਤਿਆਰ ਕਰਨ ਦੇ ਦੋਸ਼ ਲਗਾਏ ਗਏ ਹਨ।ਸ਼ਿਕਾਇਤਕਰਤਾ 48 ਸਾਲਾ ਨੀਰਜ ਕਪੂਰ, ਵਾਸੀ ਦੁਰਗਾ ਪੁਰੀ, ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਪਹਿਲਾਂ ਵੀ ਸਬੰਧਤ ਵਿਅਕਤੀਆਂ ਤੋਂ ਵਿਆਜ ’ਤੇ ਪੈਸੇ ਲੈਂਦਾ ਰਿਹਾ ਹੈ। ਉਸ ਮੁਤਾਬਕ ਸਤੰਬਰ 2025 ਵਿੱਚ ਉਸ ਨੇ 1 ਕਰੋੜ 48 ਲੱਖ 50 ਹਜ਼ਾਰ ਰੁਪਏ ਵਿਆਜ ’ਤੇ ਲਏ ਸਨ।ਨੀਰਜ ਕਪੂਰ ਦਾ ਦੋਸ਼ ਹੈ ਕਿ ਇਸ ਰਕਮ ਦੇ ਬਦਲੇ ਗਾਰੰਟੀ ਵਜੋਂ ਉਸ ਤੋਂ ਕਰੀਬ 50 ਖਾਲੀ ਕਾਗਜ਼ਾਂ ਅਤੇ ਇੱਕ ਚੈੱਕ ’ਤੇ ਦਸਤਖ਼ਤ ਕਰਵਾਏ ਗਏ। ਸ਼ਿਕਾਇਤਕਰਤਾ ਮੁਤਾਬਕ ਬਾਅਦ ਵਿੱਚ ਜਦੋਂ ਉਸ ਨੇ ਮਾਮਲੇ ਨਾਲ ਸਬੰਧਤ ਦਸਤਾਵੇਜ਼ਾਂ ਦੀ ਜਾਂਚ ਕੀਤੀ ਤਾਂ ਉਸ ਨੂੰ ਕੁਝ ਕਾਗਜ਼ਾਂ ’ਤੇ ਕਥਿਤ ਤੌਰ ’ਤੇ ਜਾਅਲੀ ਦਸਤਖ਼ਤ ਹੋਣ ਦਾ ਪਤਾ ਲੱਗਿਆ।ਸ਼ਿਕਾਇਤ ਵਿੱਚ ਇਹ ਵੀ ਦੋਸ਼ ਲਗਾਇਆ ਗਿਆ ਹੈ ਕਿ ਪਹਿਲਾਂ ਤੋਂ ਦਸਤਖ਼ਤ ਕਰਵਾਏ ਗਏ ਖਾਲੀ ਕਾਗਜ਼ਾਂ ਦੀ ਕਥਿਤ ਦੁਰਵਰਤੋਂ ਕਰਕੇ ਪਿੰਡ ਬੀਰਮੀ, ਹੀਰੋ ਹੋਮਜ਼ ਦੇ ਸਾਹਮਣੇ ਸਥਿਤ 8000 ਵਰਗ ਗਜ਼ ਦੇ ਪਲਾਟ ਨਾਲ ਸਬੰਧਤ ਦਸਤਾਵੇਜ਼ ਤਿਆਰ ਕੀਤੇ ਗਏ।ਨੀਰਜ ਕਪੂਰ ਨੇ ਦੋਸ਼ ਲਗਾਇਆ ਕਿ ਕਾਗਜ਼ੀ ਕਾਰਵਾਈ ਰਾਹੀਂ ਉਕਤ ਪਲਾਟ ਨੂੰ ਦੂਜੀ ਧਿਰ ਦੇ ਹੱਕ ਵਿੱਚ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਦੇ ਨਾਲ ਹੀ ਦਸਤਾਵੇਜ਼ਾਂ ਵਿੱਚ ਕਥਿਤ ਤੌਰ ’ਤੇ ਦੋਵਾਂ ਧਿਰਾਂ ਵਿਚਕਾਰ ‘ਪੂਰਾ ਤੇ ਅੰਤਿਮ ਸਮਝੌਤਾ’ ਹੋਣ ਦੀ ਗੱਲ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ। ਮਾਮਲੇ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਸਰਾਭਾ ਨਗਰ ਪੁਲਿਸ ਨੇ ਛੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਪੁਲਿਸ ਵੱਲੋਂ ਜਿਨ੍ਹਾਂ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ, ਉਨ੍ਹਾਂ ਵਿੱਚ ਰਜਤ ਗੁਪਤਾ, ਆਸ਼ੀਸ਼ ਗੁਪਤਾ, ਅਤੁਲ ਕੁਮਾਰ ਗੁਪਤਾ, ਵਨੀਤਾ ਗੁਪਤਾ, ਵੰਸ਼ ਜੈਨ ਅਤੇ ਰਕਸਿਤ ਜੈਨ ਸ਼ਾਮਲ ਹਨ।ਫਿਲਹਾਲ ਮਾਮਲੇ ਵਿੱਚ ਲਗਾਏ ਗਏ ਦੋਸ਼ਾਂ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਮਾਮਲੇ ਨਾਲ ਜੁੜੇ ਦਸਤਾਵੇਜ਼ਾਂ, ਦਸਤਖ਼ਤਾਂ ਅਤੇ ਜਾਇਦਾਦ ਸਬੰਧੀ ਕਾਗਜ਼ੀ ਕਾਰਵਾਈ ਦੀ ਜਾਂਚ ਤੋਂ ਬਾਅਦ ਹੀ ਪੂਰੀ ਸਥਿਤੀ ਸਪੱਸ਼ਟ ਹੋਵੇਗੀ।Read More







