ਪਟਿਆਲਾ: ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਡਰੱਗ ਕੇਸ ‘ਚ ਐੱਸਆਈਟੀ ਸਾਹਮਣੇ ਪੇਸ਼ ਹੋਣ ਲਈ ਪਟਿਆਲਾ ਪਹੁੰਚੇ ਹਨ। ਇਸ ਦੌਰਾਨ ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆ ਕਿਹਾ ਕਿ ਭਗਵੰਤ ਮਾਨ ਹੀ ਐੱਸਆਈਟੀ ਨੂੰ ਚਲਾ ਰਿਹਾ ਹੈ ਜੋਕਿ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਜਦੋਂ ਇਕ ਬੱਚੀ ਦੇ ਨਾਲ ਖੜਨ ਦਾ ਐਲਾਨ ਕੀਤਾ ਹੈ, ਉਦੋਂ ਸੰਮਨ ਜਾਰੀ ਕਰ ਦਿੱਤਾ ਤੇ ਇਸ ਬਾਰੇ ਪਹਿਲਾਂ ਹੀ ਪਤਾ ਸੀ। ਮਜੀਠੀਆ ਨੇ ਕਿਹਾ ਕਿ ਦੋ ਸਾਲ ਤਕ ਇਸ ਕੇਸ ਬਾਰੇ ਕੋਈ ਨਹੀਂ ਬੋਲਿਆ ਸੀ, ਸਬੂਤ ਹਨ ਤਾਂ ਅਦਾਲਤ ‘ਚ ਪੇਸ਼ ਕਰਦੇ ਪਰ ਇੱਥੇ ਸਿਆਸੀਕਰਨ ਹੋ ਰਿਹਾ ਹੈ।
ਉਨ੍ਹਾਂ ਕਿਹਾ ਕਿ ਉਹ ਗ੍ਰਿਫ਼ਤਾਰੀ ਤੋਂ ਨਹੀਂ ਡਰਦੇ ਪਰ ਉਨ੍ਹਾਂ ਦੀ ਇਸ ਪੇਸ਼ੀ ਦੌਰਾਨ ਪਟਿਆਲਾ ‘ਚ ਲਗਾਇਆ ਗਿਆ ਪੁਲਿਸ ਦਾ ਕਰਫੂ ਸਾਬਿਤ ਕਰਦਾ ਹੈ ਕਿ ਸਰਕਾਰ ਉਨ੍ਹਾਂ ਤੋਂ ਕਿੰਨਾ ਡਰਦੀ ਹੈ। ਮਜੀਠੀਆ ਨੇ ਕਿਹਾ ਕਿ 31 ਤਰੀਕ ਨੂੰ ਸਿੱਟ ਦੇ ਮੁਖੀ ਮੁਖਵਿੰਦਰ ਛੀਨਾ ਦੀ ਸੇਵਾਮੁਕਤੀ ਹੈ ਤੇ ਇਸ ਲਈ ਹੁਣ ਭਗਵੰਤ ਆਪ ਹੀ ਸਿੱਟ ਮੁਖੀ ਬਣ ਕੇ ਆਪਣੀ ਮਰਜ਼ੀ ਕਰ ਲੈਣ।