Last Updated:Mar 16, 2026 5:57 PM ISTਸੁਲਤਾਨਪੁਰ ਲੋਧੀ ਦੀ ਬਲਾਕ ਸੰਮਤੀ ਚੋਣ ਦਿਨ ਭਰ ਸਿਆਸੀ ਤਣਾਅ ਵਿੱਚ ਘਿਰੀ ਰਹੀ। ਨਤੀਜੇ ਆਉਣ ਤੋਂ ਬਾਅਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਚੋਣ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ।+
Block Samiti election: ਕਿਹੜੀ ਪਾਰਟੀ ਦਾ ਬਣਿਆ ਚੇਅਰਮੈਨ ?ਸੁਲਤਾਨਪੁਰ ਲੋਧੀ ਵਿੱਚ ਬਲਾਕ ਸੰਮਤੀ ਦੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਚੋਣ ਨੂੰ ਲੈ ਕੇ ਦਿਨ ਭਰ ਸਿਆਸੀ ਗਰਮਾਹਟ ਬਣੀ ਰਹੀ। ਕਈ ਘੰਟਿਆਂ ਤੱਕ ਚੱਲੇ ਤਣਾਅ ਅਤੇ ਦੋਸ਼ਾਂ ਦੇ ਦਰਮਿਆਨ ਆਖਿਰਕਾਰ ਆਮ ਆਦਮੀ ਪਾਰਟੀ ਨੇ ਦੋਵੇਂ ਅਹੁਦੇ ਆਪਣੇ ਨਾਮ ਕਰ ਲਏ। ਚੋਣ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਵਿਦਿਆ ਰਾਣੀ ਨੂੰ ਬਲਾਕ ਸੰਮਤੀ ਦਾ ਚੇਅਰਮੈਨ ਅਤੇ ਲਾਭ ਸਿੰਘ ਨਬੀਪੁਰ ਨੂੰ ਵਾਈਸ ਚੇਅਰਮੈਨ ਚੁਣਿਆ ਗਿਆ।ਚੋਣ ਨਤੀਜੇ ਸਾਹਮਣੇ ਆਉਣ ਨਾਲ ਹੀ ਸਿਆਸੀ ਮਾਹੌਲ ਹੋਰ ਗਰਮਾ ਗਿਆ। ਦੂਜੇ ਪਾਸੇ ਇਸ ਚੋਣ ਨੂੰ ਲੈ ਕੇ ਵਿਵਾਦ ਵੀ ਖੜ੍ਹਾ ਹੋ ਗਿਆ। ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਦੇ ਸਮਰਥਕਾਂ ਵੱਲੋਂ ਬੀਡੀਪੀਓ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਗਿਆ ਅਤੇ ਚੋਣ ਪ੍ਰਕਿਰਿਆ ’ਤੇ ਸਵਾਲ ਖੜ੍ਹੇ ਕੀਤੇ ਗਏ।ਰਾਣਾ ਇੰਦਰ ਪ੍ਰਤਾਪ ਸਿੰਘ ਨੇ ਦੋਸ਼ ਲਗਾਇਆ ਕਿ ਚੋਣ ਦੌਰਾਨ ਵੱਡੇ ਪੱਧਰ ’ਤੇ ਧੱਕੇਸ਼ਾਹੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਭਾਵੇਂ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਸੀ, ਫਿਰ ਵੀ ਉਹ ਇੱਥੇ ਮੌਜੂਦ ਰਹੇ ਕਿਉਂਕਿ ਉਨ੍ਹਾਂ ਨੂੰ ਲੱਗਿਆ ਕਿ ਲੋਕਤੰਤਰਕ ਪ੍ਰਕਿਰਿਆ ਨਾਲ ਖਿਲਵਾਡ਼ ਹੋ ਰਿਹਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਚੋਣ ਵਿੱਚ ਨਿਯਮਾਂ ਦੀ ਉਲੰਘਣਾ ਹੋਈ ਹੈ ਅਤੇ ਇਸ ਮਾਮਲੇ ਵਿੱਚ ਉਹ ਆਪਣੀ ਲੜਾਈ ਜਾਰੀ ਰੱਖਣਗੇ।ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਨੇ ਇਹ ਸਾਰੇ ਆਰੋਪ ਰੱਦ ਕਰ ਦਿੱਤੇ। ਉਨ੍ਹਾਂ ਕਿਹਾ ਕਿ ਬਲਾਕ ਸੰਮਤੀ ਦੀ ਚੋਣ ਪੂਰੀ ਤਰ੍ਹਾਂ ਕਾਨੂੰਨੀ ਤਰੀਕੇ ਨਾਲ ਕਰਵਾਈ ਗਈ ਹੈ ਅਤੇ ਵੋਟਿੰਗ ਪ੍ਰਕਿਰਿਆ ਵਿੱਚ ਕਿਸੇ ਕਿਸਮ ਦੀ ਗੜਬੜ ਨਹੀਂ ਹੋਈ।ਸੱਜਣ ਸਿੰਘ ਚੀਮਾ ਨੇ ਨਵੇਂ ਚੁਣੇ ਚੇਅਰਮੈਨ ਵਿਦਿਆ ਰਾਣੀ ਅਤੇ ਵਾਈਸ ਚੇਅਰਮੈਨ ਲਾਭ ਸਿੰਘ ਨਬੀਪੁਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਜਿੱਤ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਅਤੇ ਲੋਕਾਂ ਦੇ ਭਰੋਸੇ ਦੀ ਨਿਸ਼ਾਨੀ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧੜਾ ਬਿਨਾਂ ਕਾਰਨ ਇਲਜ਼ਾਮ ਲਗਾ ਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।ਉਨ੍ਹਾਂ ਨੇ ਹਰਵਿੰਦਰ ਸਿੰਘ ਲਾਲੀ ਦੇ ਮਾਮਲੇ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਉਸ ਖਿਲਾਫ਼ ਪਹਿਲਾਂ ਤੋਂ ਮਾਮਲਾ ਦਰਜ ਸੀ, ਜਿਸ ਕਾਰਨ ਪੁਲਿਸ ਆਪਣੀ ਕਾਰਵਾਈ ਕਰ ਰਹੀ ਸੀ। ਉਨ੍ਹਾਂ ਨੇ ਦੱਸਿਆ ਕਿ ਇਸ ਮਾਮਲੇ ਦਾ ਚੋਣ ਪ੍ਰਕਿਰਿਆ ਨਾਲ ਕੋਈ ਸੰਬੰਧ ਨਹੀਂ ਹੈ ਅਤੇ ਇਹ ਸਿਰਫ਼ ਪੁਲਿਸ ਦੀ ਕਾਰਵਾਈ ਦਾ ਹਿੱਸਾ ਸੀ।ਚੋਣਾਂ ਦੇ ਦੌਰਾਨ ਬੀਡੀਪੀਓ ਦਫ਼ਤਰ ਦੇ ਆਲੇ-ਦੁਆਲੇ ਸੁਰੱਖਿਆ ਦੇ ਵੱਡੇ ਪ੍ਰਬੰਧ ਕੀਤੇ ਗਏ ਸਨ ਅਤੇ ਪੁਲਿਸ ਵੀ ਮੌਕੇ ’ਤੇ ਤਾਇਨਾਤ ਰਹੀ। ਦਿਨ ਭਰ ਸਿਆਸੀ ਦਲਾਂ ਦੇ ਸਮਰਥਕਾਂ ਵਿੱਚ ਤਣਾਅ ਦਾ ਮਾਹੌਲ ਬਣਿਆ ਰਿਹਾ, ਪਰ ਅੰਤ ਵਿੱਚ ਚੋਣ ਪ੍ਰਕਿਰਿਆ ਮੁਕੰਮਲ ਹੋ ਗਈ।ਇਸ ਸਾਰੀ ਘਟਨਾ ਤੋਂ ਬਾਅਦ ਸੁਲਤਾਨਪੁਰ ਲੋਧੀ ਦੀ ਸਿਆਸਤ ਵਿੱਚ ਨਵੀਂ ਚਰਚਾ ਛਿੜ ਗਈ ਹੈ। ਇਕ ਪਾਸੇ ਆਮ ਆਦਮੀ ਪਾਰਟੀ ਇਸ ਨੂੰ ਆਪਣੀ ਵੱਡੀ ਜਿੱਤ ਦੱਸ ਰਹੀ ਹੈ, ਜਦਕਿ ਦੂਜੇ ਪਾਸੇ ਵਿਰੋਧੀ ਧੜਾ ਚੋਣ ਪ੍ਰਕਿਰਿਆ ’ਤੇ ਸਵਾਲ ਖੜ੍ਹੇ ਕਰ ਰਿਹਾ ਹੈ। ਆਉਣ ਵਾਲੇ ਦਿਨਾਂ ਵਿੱਚ ਇਹ ਮਾਮਲਾ ਹੋਰ ਵੀ ਸਿਆਸੀ ਰੰਗ ਲੈ ਸਕਦਾ ਹੈ।Location :Kapurthala,PunjabRead More














