ਸ਼ਹਿਰ ਦੇ ਭੀੜ ਵਾਲੇ ਇਲਾਕੇ ਬਹਿਰਾਮਪੁਰ ਰੋਡ ਤੋਂ ਮੋਟਰਸਾਈਕਲ ਤੇ ਆਏ ਦੋ ਵਿਅਕਤੀ ਹੈਰਾਨੀਜਨਕ ਤਰੀਕੇ ਨਾਲ ਦਿਨ ਦਿਹਾੜੇ 75 ਸਾਲਾ ਇਕ ਔਰਤ ਦੇ ਕੰਨਾਂ ਦੀਆਂ ਵਾਲੀਆਂ ਉਤਾਰ ਕੇ ਲੈ ਗਏ। ਪੀੜਤ ਔਰਤ ਅਨੁਸਾਰ ਇਹਨਾਂ ਝਪਟਮਾਰਾਂ ਵਿੱਚੋਂ ਇਕ ਵੱਡੀ ਉਮਰ ਦਾ ਬਾਬਾ ਨੂਮਾ ਵਿਅਕਤੀ ਸੀ ਜਦਕਿ ਦੂਸਰਾ ਜੋ ਮੋਟਰਸਾਈਕਲ ਚਲਾ ਰਿਹਾ ਸੀ ਉਹ ਨੌਜਵਾਨ ਸੀ। ਦੋਵੇਂ ਵਿਅਕਤੀ ਸੀਸੀ ਟੀਵੀ ਵਿੱਚ ਵੀ ਕੈਦ ਹੋਏ ਹਨ
ਜਾਣਕਾਰੀ ਦਿੰਦਿਆਂ ਬਹਿਰਾਮਪੁਰ ਰੋਡ ਨਿਵਾਸੀ ਗੁਦਾਵਰੀ ਪੱਤਣੀਂ ਦਰਸ਼ਨ ਲਾਲ ਨੇ ਦੱਸਿਆ ਕਿ ਉਹ ਦੁਪਹਿਰ 2 ਵਜੇ ਦੇ ਕਰੀਬ ਬੱਚਿਆ ਕੁਝ ਲੈਣ ਲਈ ਘਰ ਤੋਂ ਬਾਹਰ ਸੜਕ ਤੇ ਆਈ ਸੀ। ਕੁਝ ਦੇਰ ਬਾਅਦ ਇਕ ਬਾਬਾਂ ਨੁਮਾ ਬਜ਼ੁਰਗ ਵਿਅਕਤੀ ਆਇਆ ਅਤੇ ਉਸ ਦੇ ਮੂੰਹ ਅੱਗੇ ਇੱਕ ਪੋਟਲੀ ਘੁਮਾਈ ਜਿਸ ਕਾਰਨ ਕੁਝ ਹੀ ਸੈਕਿੰਡਾਂ ਵਿੱਚ ਉਸ ਦੀ ਸੁੱਧ-ਬੁੱਧ ਗੁਆਚ ਗਈ। ਲਗਭਗ 10 ਮਿੰਟ ਬਾਅਦ ਉਸ ਨੂੰ ਹੋਸ਼ ਆਈ ਤਾਂ ਉਸ ਨੇ ਨੇੜੇ ਖੜ੍ਹੇ ਆਪਣੇ ਰਿਸ਼ਤੇਦਾਰ ਪਰਵੀਨ ਕੁਮਾਰ ਨੂੰ ਬਾਬੇ ਨੂੰ ਫੜਨ ਲਈ ਕਿਹਾ ਪਰ ਬਾਬਾ ਨੌਜਵਾਨ ਨਾਲ ਮੋਟਰਸਾਈਕਲ ਦੇ ਪਿੱਛੇ ਬੈਠ ਕੇ ਫ਼ਰਾਰ ਹੋ ਗਿਆ।
ਦੂਜੇ ਪਾਸੇ ਪੀੜਤ ਔਰਤ ਗੋਦਾਵਰੀ ਦੇ ਰਿਸ਼ਤੇਦਾਰ ਪਰਵੀਨ ਕੁਮਾਰ ਨੇ ਦੱਸਿਆ ਕਿ ਉਹ ਕੇਬਲ ਦਾ ਕੰਮ ਕਰਦਾ ਹੈ ਅਤੇ ਇੱਕ ਕੰਪਲੇਂਟ ਠੀਕ ਕਰ ਕੇ ਘਰ ਵਾਪਸ ਆਇਆ ਤਾਂ ਬਾਹਰ ਸੜਕ ਤੇ ਉਸਦੀ ਭਰਜਾਈ ਗੋਦਾਵਰੀ ਅਜੀਬ ਜਿਹੇ ਹਾਲਾਤਾਂ ਵਿਚ ਖੜ੍ਹੀ ਸੀ। ਉਸ ਦੇ ਨੇੜੇ ਬਾਬਾ ਖੜਾ ਸੀ ਜਿਸ ਨਾਲ ਉਸ ਨੇ ਗੱਲਬਾਤ ਵੀ ਕੀਤੀ ਪਰ ਜਦੋਂ ਉਹ ਆਪਣੀ ਭਰਜਾਈ ਨਾਲ ਗੱਲ ਕਰਨ ਲੱਗਾ ਤਾਂ ਉਸ ਨੇ ਕਿਹਾ ਕਿ ਬਾਬੇ ਨੂੰ ਫੜੋ। ਜਦੋਂ ਉਸ ਨੇ ਬਾਬੇ ਨੂੰ ਕਮੀਜ ਤੋਂ ਫੜਨ ਦੀ ਕੋਸ਼ਿਸ਼ ਕੀਤੀ ਤਾਂ ਬਾਬਾ ਮੋਟਰ ਸਾਇਕਲ ਤੇ ਬੈਠ ਚੁੱਕਾ ਸੀ ਅਤੇ ਅਪਆਚੇ ਮੋਟਰਸਈਕਲ ਤੇ ਬੈਠਾ ਦੂਜਾ ਨੌਜਵਾਨ ਮੋਟਰਸਾਇਕਲ ਤੇਜ਼ੀ ਨਾਲ ਭਜਾ ਕੇ ਲੈ ਗਿਆ। ਉਸ ਨੇ ਦੱਸਿਆ ਕਿ ਉਹ ਆਪਣੀ ਭਰਜਾਈ ਗੋਦਾਵਰੀ ਨੂੰ ਨਾਲ ਲੈ ਕੇ ਥਾਣਾ ਸਿਟੀ ਗੁਰਦਾਸਪੁਰ ਗਿਆ ਅਤੇ ਪੁਲਿਸ ਨੂੰ ਸਾਰੀ ਗੱਲਬਾਤ ਦੱਸੀ। ਨੇੜੇ ਦੇ ਸੀਸੀਟੀਵੀ ਕੈਮਰਿਆਂ ਵਿੱਚ ਉੱਥੇ ਘੁੰਮਦਾ-ਫਿਰਦਾ ਅਤੇ ਨੌਜਵਾਨ ਦੇ ਪਿੱਛੇ ਬੈਠ ਕੇ ਜਾਂਦਾ ਬਾਬਾ ਕੈਦ ਹੋਇਆ ਹੈ।ਦੱਸ ਦਈਏ ਕਿ ਦੋ ਦਿਨ ਪਹਿਲਾ ਹੀ ਇਸ ਰੋਡ ਤੇ ਗੁਰਦਾਸਪੁਰ ਪਬਲਿਕ ਸਕੂਲ ਦੇ ਨੇੜੇ ਇੱਕ ਕਰਿਆਨੇ ਦੀ ਦੁਕਾਨ ਦਾਰ ਦੀ ਦੁਕਾਨ ਵਿੱਚ ਵੜ ਕੇ ਇਕ ਮੋਟਰਸਾਈਕਲ ਸਵਾਰ ਨੌਜਵਾਨ ਗੱਲੇ ਵਿੱਚੋ ਸਰੇਆਮ ਦੋ ਹਜ਼ਾਰ ਰੁਪਏ ਕੱਢ ਕੇ ਲੈ ਗਿਆ ਸੀ, ਜਦੋਂ ਦੁਕਾਨਦਾਰ ਕੁਝ ਹੀ ਮਿਨਟ ਲਈ ਦੁਕਾਨ ਛੱਡ ਕੇ ਗਿਆ ਸੀ।