ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ ਮਹੱਲਾ ਦੌਰਾਨ ਸਿੱਖ ਨੌਜਵਾਨ ਪ੍ਰਦੀਪ ਸਿੰਘ ਪੁੱਤਰ ਗੁਰਬਖਸ਼ ਸਿੰਘ ਦਾ ਇਕ ਨੂਰਪੁਰਬੇਦੀ ਦੇ ਨੌਜਵਾਨ ਵੱਲੋਂ ਪਿੰਡ-ਬਢਲ ਲਾਗੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਹੋਲੇ-ਮਹੱਲੇ ਦੌਰਾਨ ਕਤਲ ਕੀਤੇ ਗਏ ਪ੍ਰਦੀਪ ਸਿੰਘ ਬਿਨਾਂ ਸਾਇਲੈਸਰਾਂ ਤੋਂ ਘੁੰਮ ਰਹੇ ਮੋਟਰਸਾਈਕਲਾਂ ਅਤੇ ਵੱਡੇ-ਵੱਡੇ ਸਪੀਕਰ ਲਗਾ ਕੇ ਰੇਸਾਂ ਲਗਾ ਰਹੇ ਟ੍ਰੈਕਟਰਾਂ ਵਾਲਿਆਂ ਨੂੰ ਅਜਿਹੀ ਹੁੱਲੜਬਾਜ਼ੀ ਕਰਨ ਤੋਂ ਰੋਕ ਰਹੇ ਸਨ। ਇਸ ਦੌਰਾਨ ਕੁਝ ਨੌਜਵਾਨਾਂ ਦੀ ਪ੍ਰਦੀਪ ਸਿੰਘ ਨਾਲ ਬਹਿਸ ਹੋ ਗਈ ਅਤੇ ਲੜਾਈ ਝਗੜਾ ਸ਼ੁਰੂ ਹੋ ਗਿਆ, ਜਿਸ ਵਿਚ ਪ੍ਰਦੀਪ ਸਿੰਘ ਦੀ ਕੋਈ ਨੁਕੀਲੀ ਚੀਜ਼ ਵੱਜਣ ਨਾਲ ਮੌਤ ਹੋ ਗਈ। ਮ੍ਰਿਤਕ ਪ੍ਰਦੀਪ ਸਿੰਘ ਕੈਨੇਡਾ ਦਾ ਪੱਕਾ ਵਾਸੀ ਸੀ ਅਤੇ ਹੋਲਾ-ਮਹੱਲਾ ਮਨਾਉਣ ਲਈ ਸ੍ਰੀ ਅਨੰਦਪੁਰ ਸਾਹਿਬ ਆਇਆ ਹੋਇਆ ਸੀ। ਪ੍ਰਦੀਪ ਸਿੰਘ ਦਾ ਕਤਲ ਕਰਨ ਵਾਲੇ ਕਥਿਤ ਦੋਸ਼ੀ ਦੀ ਪਛਾਣ ਨਿਰੰਜਣ ਸਿੰਘ ਵਜੋਂ ਹੋ ਗਈ ਹੈ ਅਤੇ ਕਥਿਤ ਦੋਸ਼ੀ ਦੀ ਜੀਪ ਪੁਲਸ ਨੇ ਬਰਾਮਦ ਕਰ ਲਈ ਹੈ।
ਐੱਸ. ਐੱਸ. ਪੀ. ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਪ੍ਰਦੀਪ ਸਿੰਘ ਪੁੱਤਰ ਗੁਰਬਖਸ਼ ਸਿੰਘ ਵਾਸੀ ਪਿੰਡ ਗਾਜੀਕੋਟ ਥਾਣਾ ਪੁਰਾਣਾਸ਼ਾਲਾ ਜ਼ਿਲ੍ਹਾ ਗੁਰਦਾਸਪੁਰ ਦਾ ਰਹਿਣ ਵਾਲਾ ਸੀ, ਜੋ ਬੀਤੀ ਸੋਮਵਾਰ ਦੇਰ ਸ਼ਾਮ ਝਗੜੇ ਦੌਰਾਨ ਜ਼ਖ਼ਮੀ ਹੋ ਗਿਆ ਸੀ, ਜਿਸ ਉਪਰੰਤ ਉਸ ਦੀ ਮੌਤ ਹੋ ਗਈ। ਦੋਸ਼ੀ ਨੂੰ ਜਲਦੀ ਗ੍ਰਿਫ਼ਤਾਰ ਕਰਕੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ। ਐੱਸ. ਐੱਸ. ਪੀ. ਨੇ ਮੀਡੀਆ ਰਾਹੀ ਹੋਲੇ ਮਹੱਲੇ ਮੌਕੇ ਵਿਖੇ ਦੇਸ਼ ਵਿਦੇਸ਼ ਤੋਂ ਆਉਣ ਵਾਲੀਆਂ ਸੰਗਤਾਂ ਅਤੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਉਹ ਇਸ ਦੌਰਾਨ ਭਾਈਚਾਰਕ ਸਾਂਝ ਬਣਾ ਕੇ ਰੱਖਣ ਅਤੇ ਕਿਸੇ ਵੀ ਤਰ੍ਹਾਂ ਦੀ ਅਫ਼ਵਾਹ ਤੋਂ ਬਚਣ।
POST BY PARMVIR SINGH