ਖਾਲਸਾ ਦੀ ਜਨਮ ਭੂਮੀ ਅਨੰਦਪੁਰ ਸਾਹਿਬ ਵਿਖੇ ਹੋਲਾ ਮਹੱਲਾ ਮਨਾਇਆ ਜਾ ਰਿਹਾ ਹੈ। ਪਿਛਲੇ ਕਈ ਦਿਨਾਂ ਤੋਂ ਸ਼ੁਰੂ ਹੋਏ ਸਮਾਗਮਾਂ ਦੀ ਅੱਜ ਸਮਾਪਤੀ ਹੈ। ਅੱਜ ਆਖਰੀ ਦਿਨ ਲੱਖਾਂ ਦੀ ਗਿਣਤੀ ‘ਚ ਸੰਗਤ ਪਹੁੰਚੀ ਹੋਈ ਹੈ। ਅੱਜ ਸ਼੍ਰੀ ਅਖੰਡ ਸਾਹਿਬ ਦੇ ਭੋਗ ਪਾਏ ਜਾ ਰਹੇ ਹਨ। ਇਸ ਮਗਰੋਂ ਨਿਹੰਗ ਜਥੇਬੰਦੀਆਂ ਵੱਲੋਂ ਮਹੱਲਾ ਸਜਾਇਆ ਜਾਵੇਗਾ। ਅੱਜ ਹੋਲੇ ਮਹੱਲੇ ਦੇ ਤੀਜੇ ਤੇ ਆਖਰੀ ਦਿਨ ਵੱਡੀ ਗਿਣਤੀ ਸੰਗਤ ਤਖਤ ਸ੍ਰੀ ਕੇਸਗੜ੍ਹ ਸਾਹਿਬ ਸਮੇਤ ਹੋਰ ਗੁਰੂ ਘਰਾਂ ਵਿਚ ਮੱਥਾ ਟੇਕ ਕੇ ਆਪਣੀ ਸ਼ਰਧਾ ਦੇ ਫੁੱਲ ਭੇਟ ਕਰ ਰਹੀ ਹੈ। ਇਸ ਵਾਰ ਸਭ ਤੋਂ ਵੱਡੀ ਗਿਣਤੀ ਨੌਜਵਾਨਾਂ ਦੀ ਹੈ। ਬਹੁਤੇ ਨੌਜਵਾਨਾਂ ਨੇ ਵਾਹਨਾਂ ਉੱਪਰ ਕੇਸਰੀ ਨਿਸ਼ਾਨ ਲਾਏ ਹੋਏ ਹਨ।
ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਕਿਹਾ ਹੋਲਾ-ਮਹੱਲਾ ਦੇ ਪਵਿੱਤਰ ਦਿਹਾੜੇ ਮੌਕੇ ਸ੍ਰੀ ਅਨੰਦਪੁਰ ਸਾਹਿਬ ਨਤਮਸਤਕ ਹੋਣ ਲਈ ਪਹੁੰਚੀਆਂ ਸਮੂਹ ਸੰਗਤਾਂ ਦੇ ਚਰਨਾਂ ‘ਚ ਪ੍ਰਣਾਮ…ਸੂਰਬੀਰਤਾ, ਜੋਸ਼ ਤੇ ਜਜ਼ਬੇ ਦਾ ਪ੍ਰਤੀਕ ਇਹ ਦਿਹਾੜਾ ਸਮੁੱਚੇ ਸਿੱਖ ਪੰਥ ਲਈ ਪ੍ਰੇਰਣਾ ਦਾ ਸਰੋਤ ਹੈ, ਇੱਥੇ ਦਿਨ ਰਾਤ ਧਾਰਮਿਕ ਸਮਾਗਮਾਂ ਦਾ ਦੌਰ ਚਲਦਾ ਰਿਹਾ ਤੇ ਅੰਮ੍ਰਿਤ ਸੰਚਾਰ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਸੰਗਤ ਨੇ ਅੰਮ੍ਰਿਤ ਛਕਿਆ। ਸੰਗਤ ਦੀ ਸਹੂਲਤ ਲਈ ਰਿਹਾਇਸ਼, ਲੰਗਰ, ਜੋੜੇ ਘਰ, ਗੱਠੜੀ ਘਰ ਆਦਿ ਦੇ ਇੰਤਜ਼ਾਮ ਵੱਡੇ ਪੱਧਰ ’ਤੇ ਕੀਤੇ ਗਏ। ਇਥੇ ਥਾਂ ਥਾਂ ’ਤੇ ਲੰਗਰ ਲਾਏ ਗਏ।
post by parmvir singh