ਬਿਜਲੀ ਕਰਮਚਾਰੀਆਂ ਦੀ ਸੁਰੱਖਿਆ ਪੰਜਾਬ ਸਰਕਾਰ ਦੀ ਮੁੱਖ ਤਰਜੀਹ : ਤਰੁਨਪ੍ਰੀਤ ਸਿੰਘ ਸੌਂਧ ਖੰਨਾ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ਦੇ ਬਿਜਲੀ ਕਰਮਚਾਰੀਆਂ ਦੀ ਸੁਰੱਖਿਆ ਨੂੰ ਤਰਜੀਹ ਦੇ ਰਹੀ ਹੈ। ਇਸੇ ਕੜੀ ਤਹਿਤ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐੱਸਪੀਸੀਐੱਲ) ਵੱਲੋਂ ਬਿਜਲੀ ਵੰਡ ਪ੍ਰਣਾਲੀ ‘ਤੇ ਕੰਮ ਕਰਨ ਵਾਲੇ ਕਰਮਚਾਰੀਆਂ ਲਈ 10,500 ਸੁਰੱਖਿਆ ਟੂਲ ਕਿੱਟਾਂ ਖਰੀਦੀਆਂ ਗਈਆਂ ਹਨ, ਜਿਨ੍ਹਾਂ ਦੀ ਵੰਡ ਦੀ ਸ਼ੁਰੂਆਤ ਅੱਜ ਬਿਜਲੀ ਮੰਤਰੀ ਸ. ਤਰੁਨਪ੍ਰੀਤ ਸਿੰਘ ਸੌਂਧ ਵਲੋਂ ਪੀਐੱਸਪੀਸੀਐੱਲ ਦੇ ਸਰਾਭਾ ਨਗਰ ਲੁਧਿਆਣਾ ‘ਚ ਪੈਂਦੇ ਦਫਤਰ ਵਿਖੇ ਕਰਵਾਏ ਸਮਾਗਮ ਦੌਰਾਨ ਕੀਤੀ ਗਈ। ਇਸ ਮੌਕੇ ਡਾ. ਬਸੰਤ ਗਰਗ ਆਈ.ਏ.ਐੱਸ., ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ (ਸੀ.ਐੱਮ.ਡੀ.), ਪੀਐੱਸਪੀਸੀਐੱਲ ਅਤੇ ਇੰਜੀ. ਇੰਦਰਪਾਲ ਸਿੰਘ, ਡਾਇਰੈਕਟਰ (ਡਿਸਟ੍ਰੀਬਿਊਸ਼ਨ) ਵੀ ਹਾਜ਼ਿਰ ਰਹੇ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਸ. ਤਰੁਨਪ੍ਰੀਤ ਸਿੰਘ ਸੰਧ ਨੇ ਕਿਹਾ ਕਿ ਬਿਜਲੀ ਕਰਮਚਾਰੀ ਹਰ ਮੌਸਮ ਅਤੇ ਹਰ ਹਾਲਾਤ ਵਿੱਚ ਲੋਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਆਪਣੀਆਂ ਸੇਵਾਵਾਂ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵਲੋਂ ਪੀਐੱਸਪੀਸੀਐੱਲ ਦੇ ਡਿਸਟ੍ਰੀਬਿਊਸ਼ਨ ਸਿਸਟਮ ‘ਤੇ ਕੰਮ ਕਰਦੇ ਹੋਏ ਏ.ਐੱਲ.ਐੱਮ., ਲਾਈਨਮੈਨ ਅਤੇ ਹੋਰ ਕਰਮਚਾਰੀਆਂ ਨਾਲ ਵਾਪਰੇ ਜਾਨਲੇਵਾ ਅਤੇ ਗੈਰ-ਜਾਨਲੇਵਾ ਹਾਦਸਿਆਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ ਜਿਸ ਕਾਰਨ ਕਿੰਨ੍ਹੇ ਹੀ ਬਿਜਲੀ ਕਰਮਚਾਰੀਆਂ ਨੂੰ ਆਪਣੀ ਕੀਮਤੀ ਜਾਨ ਵੀ ਗੁਆਉਣੀ ਪਈ ਹੈ। ਪਰੰਤੂ ਸੂਬਾ ਸਰਕਾਰ ਵਲੋਂ ਹੁਣ ਬਿਜਲੀ ਕਰਮਚਾਰੀਆਂ ਦੀ ਸੁਰੱਖਿਆ ਲਈ ਇਹ ਅਹਿਮ ਉਪਰਾਲਾ ਕੀਤਾ ਹੈ। ਕੈਬਨਿਟ ਮੰਤਰੀ ਨੇ ਬਿਜਲੀ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਸੁਰੱਖਿਆ ਟੂਲ ਕਿੱਟਾਂ ਦੀ ਨਿਯਮਤ ਵਰਤੋਂ ਕਰਨ ਅਤੇ ਸਾਰੇ ਸੁਰੱਖਿਆ ਨਿਯਮਾਂ ਦੀ ਪੂਰੀ ਪਾਲਣਾ ਕਰਨ ਤਾਂ ਜੋ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ ਅਤੇ ਕੰਮ ਦੌਰਾਨ ਹਾਦਸਿਆਂ ਵਿੱਚ ਵੱਡੀ ਕਮੀ ਲਿਆਂਦੀ ਜਾ ਸਕੇ। ਉਹਨਾਂ ਸਪੱਸਟ ਕੀਤਾ ਕਿ ਪੰਜਾਬ ਸਰਕਾਰ ਅਤੇ ਪੀਐੱਸਪੀਸੀਐੱਲ ਬਿਜਲੀ ਕਰਮਚਾਰੀਆਂ ਦੀ ਸੁਰੱਖਿਆ, ਭਲਾਈ ਅਤੇ ਬਿਹਤਰ ਕਾਰਜਸ਼ੈਲੀ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹਨ ਅਤੇ ਭਵਿੱਖ ਵਿੱਚ ਵੀ ਅਜਿਹੇ ਲੋਕ-ਪੱਖੀ ਉਪਰਾਲੇ ਜਾਰੀ ਰਹਿਣਗੇ। ਸਮਾਗਮ ਦੀ ਮੇਜ਼ਬਾਨੀ ਇੰਜੀ. ਜਗਦੇਵ ਸਿੰਘ ਹਾਂਸ, ਮੁੱਖ ਇੰਜੀਨੀਅਰ, ਸੈਂਟਰਲ ਜ਼ੋਨ, ਲੁਧਿਆਣਾ ਵੱਲੋਂ ਕੀਤੀ ਗਈ। ਇਸ ਮੌਕੇ ਮੁੱਖ ਇੰਜੀਨੀਅਰ ਪੀ ਐਂਡ ਐਮ, ਮੁੱਖ ਇੰਜੀਨੀਅਰ ਸਟੋਰ ਐਂਡ ਵਰਕਸ਼ਾਪ ਅਤੇ ਪੀਐੱਸਪੀਸੀਐੱਲ ਦੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।12.60 ਕਰੋੜ ਰੁਪਏ ਦੀ ਲਾਗਤ ਨਾਲ ਕੀਤੀ 10,500 ਸੁਰੱਖਿਆ ਟੂਲ ਕਿੱਟਾਂ ਦੀ ਕੀਤੀ ਖਰੀਦ – ਸੀ.ਐੱਮ.ਡੀ. ਡਾ. ਬਸੰਤ ਗਰਗਪੀਐੱਸਪੀਸੀਐੱਲ ਦੇ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ (ਸੀ.ਐੱਮ.ਡੀ.) ਡਾ. ਬਸੰਤ ਗਰਗ, ਆਈ.ਏ.ਐੱਸ ਨੇ ਦੱਸਿਆ ਕਿ ਸੂਬਾ ਸਰਕਾਰ ਦੀ ਪਹਿਲਕਦਮੀ ਸਦਕਾ ਪੀਐੱਸਪੀਸੀਐੱਲ ਵੱਲੋਂ ਹਰੇਕ ਟੂਲ ਕਿੱਟ ‘ਤੇ ਲਗਭਗ 12,000 ਰੁਪਏ ਖਰਚ ਕੀਤੇ ਗਏ ਹਨ ਅਤੇ 10,500 ਟੂਲ ਕਿੱਟਾਂ ਦੀ ਖਰੀਦ ‘ਤੇ ਕੁੱਲ 12.60 ਕਰੋੜ ਰੁਪਏ ਦੀ ਲਾਗਤ ਆਈ ਹੈ। ਉਹਨਾਂ ਕਿਹਾ ਕਿ ਇਸ ਕਿੱਟ ਦੇ ਨਾਲ-ਨਾਲ ਕਰਮਚਾਰੀਆਂ ਨੂੰ ਇਨ੍ਹਾਂ ਸੁਰੱਖਿਆ ਉਪਕਰਨਾਂ ਦੀ ਸਹੀ ਵਰਤੋਂ ਸਬੰਧੀ ਨਿਰੰਤਰ ਸਿਖਲਾਈ ਵੀ ਦਿੱਤੀ ਜਾ ਰਹੀ ਹੈ, ਤਾਂ ਜੋ ਕੰਮ ਦੌਰਾਨ ਹੋਣ ਵਾਲੇ ਹਾਦਸਿਆਂ ਨੂੰ ਘੱਟ ਤੋਂ ਘੱਟ ਕੀਤਾ ਜਾ ਸਕੇ। ਇਸ ਟੂਲ ਕਿੱਟ ਵਿਚ ਹਰੇਕ ਸੁਰੱਖਿਆ ਟੂਲ ਕਿੱਟ ਵਿੱਚ ਕੈਨਵਸ ਬੈਗ, ਪਲਾਸ, ਸਕ ਡਰਾਈਵਰ ਸੈੱਟ, ਸਪੈਨਰ ਸੈੱਟ, ਰੈਚੇਟ ਸੈੱਟ, ਨਿਓਨ ਟੈਸਟਰ, ਪੋਲ ਸੇਫਟੀ ਬੈਲਟ, ਸੇਫਟੀ ਹੈਲਮੈਟ, ਸੈਂਸਰ, ਰਿਫਲੈਕਟਿਵ ਜੈਕਟ, ਸੇਫਟੀ ਗੋਗਲਜ਼, ਰੀਚਾਰਜ ਹੋਣ ਵਾਲੀ ਐਲ.ਈ.ਡੀ. ਟਾਰਚ ਅਤੇ ਸੇਫਟੀ ਦਸਤਾਨੇ ਸ਼ਾਮਲ ਹਨ, ਜੋ ਕਰਮਚਾਰੀਆਂ ਨੂੰ ਕੰਮ ਦੌਰਾਨ ਵਧੇਰੇ ਸੁਰੱਖਿਆ ਪ੍ਰਦਾਨ ਕਰਨਗੇ।
Rozana Times















