ਕਾਂਗਰਸ ਦੇ ਸੀਨੀਅਰ ਲੀਡਰ ਸੁਖਪਾਲ ਖਹਿਰਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸਮਝਾਇਆ ਹੈ ਕਿ ਆਖਰ ਸਿੱਖ ਵੋਟਰ ਅਕਾਲੀ ਦਲ ਤੋਂ ਦੂਰ ਕਿਉਂ ਹੋਏ ਹਨ। ਖਹਿਰਾ ਨੇ ਟਵੀਟ ਕਰਦਿਆਂ ਅਕਾਲੀ ਦਲ-ਬੀਜੇਪੀ ਸਰਕਾਰ ਵੇਲੇ ਹੋਈਆਂ ਗਲਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਲਈ ਹੀ ਲੋਕਾਂ ਨੇ ਤੁਹਾਨੂੰ ਰੱਦ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਲੋਕਾਂ ਨੇ ਅਕਾਲੀ ਦਲ ਨਹੀਂ ਸਗੋਂ ਮਾੜੀ ਲੀਡਰਸ਼ਿਪ ਨੂੰ ਰਿਜੈਕਟ ਕੀਤਾ ਹੈ।

ਸੁਖਪਾਲ ਖਹਿਰਾ ਨੇ ਟਵੀਟ ਕਰਦਿਆਂ ਕਿਹਾ ਪਿਆਰੇ ਸੁਖਬੀਰ ਸਿੰਘ ਬਾਦਲ, ਇੱਥੇ ਕੋਈ “ਰਾਕੇਟ” ਵਿਗਿਆਨ ਨਹੀਂ ਹੈ ਕਿ ਸਿੱਖਾਂ ਨੇ ਅਕਾਲੀ ਦਲ ਨੂੰ ਕਿਉਂ ਰੱਦ ਕੀਤਾ। ਤੁਹਾਡੇ ਰਾਜ ਵਿੱਚ ਬੇਅਦਬੀ, ਬਹਿਬਲ ਹੱਤਿਆ ਕਾਂਡ, ਐਸਜੀਪੀਸੀ ਤੇ ਅਕਾਲ ਤਖ਼ਤ ਸਾਹਿਬ ਦੀ ਦੁਰਵਰਤੋਂ, ਸੁਮੇਧ ਸੈਣੀ ਵਰਗੇ ਸਿੱਖ ਵਿਰੋਧੀ ਅਫਸਰਾਂ ਨੂੰ ਡੀਜੀਪੀ ਵਜੋਂ ਤਾਇਨਾਤ ਕਰਨਾ, ਜੰਮੂ-ਕਸ਼ਮੀਰ ਵਿੱਚ ਧਾਰਾ 370 ਨੂੰ ਰੱਦ ਕਰਨ ਲਈ ਵੋਟਿੰਗ ਕਰਨ ਕਾਰਨ ਹੀ ਸਿੱਖ ਅਕਾਲੀ ਦਲ ਨੂੰ ਰੱਦ ਕਰ ਰਹੇ ਹਨ। ਇਸ ਦੇ ਨਾਲ ਹੀ ਸੁਖਪਾਲ ਖਹਿਰਾ ਨੇ ਇੱਕ ਹੋਰ ਟਵੀਟ ਕਰਦਿਆਂ ਕਿਹਾ ਕਿ ਸੁਖਬੀਰ ਬਾਦਲ ਇਹ ਵੀ ਸਮਝੋ ਕਿ ਸਿੱਖ ਅਕਾਲੀ ਦਲ ਨੂੰ ਨਹੀਂ ਨਕਾਰ ਰਹੇ ਹਨ ਸਗੋਂ ਸੱਤਾ ਵਿੱਚ ਰਹਿੰਦੇ ਹੋਏ ਤੁਹਾਡੀਆਂ ਕਾਰਵਾਈਆਂ ਕਾਰਨ ਤੁਹਾਡੀ ਲੀਡਰਸ਼ਿਪ ਨੂੰ ਨਕਾਰ ਰਹੇ ਹਨ
POST BY PARMVIR SINGH