ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਬਠਿੰਡਾ ਪਹੁੰਚੇ , ਬਾਦਲ ਪਰਿਵਾਰ ਤੇ ਸਾਧੇ ਨਿਸ਼ਾਨੇ

ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਅੱਜ ਬਠਿੰਡਾ ਦੌਰੇ ਤੇ ਆਏ ਅਤੇ ਇਸ ਮੌਕੇ ਉਨ੍ਹਾਂ ਪੱਤਰਕਾਰਾਂ ਦੇ ਰੂ-ਬ-ਰੂ ਹੁੰਦਿਆਂ ਬਾਦਲ ਪਰਵਾਰ ਨੂੰ ਨਿਸ਼ਾਨੇ ਤੇ ਲਿਆ ਅਤੇ ਉਹਨਾਂ ਨੂੰ ਆਪਣੀ ਲੋਕ ਭਲਾਈ ਪਾਰਟੀ ਖਤਮ ਕਰਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਕਰਕੇ ਕੀਤੇ ਵਾਅਦਿਆਂ ਨੂੰ ਪੂਰਾ ਨਾ ਕਰਕੇ ਧੋਖਾ ਕਰਨ ਦੇ ਦੋਸ਼ ਲਾਏ ਅਤੇ ਇੱਥੋਂ ਤੱਕ ਕਿਹਾ ਕਿ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਨੇ ਕਦੇ ਵੀ ਸਿੱਖਿਆ ਸੁਧਾਰ ਲਈ ਜਤਨ ਨਹੀਂ ਕੀਤੇ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਕਮੇਟੀ ਅਧੀਨ ਚੱਲਦੇ ਵੱਡੇ ਕਾਲਜਾਂ ਨੂੰ ਮਜਬੂਤ ਕਰਨ ਲਈ ਜ਼ਿੰਮੇਵਾਰੀ ਨਹੀਂ ਨਿਭਾਈ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਬਾਦਲ ਪਰਿਵਾਰ ਦੇ ਤਿੰਨ ਜੀਅ ਉਨ੍ਹਾਂ ਨਾਲ ਕਿਸੇ ਵੀ ਪਲੇਟਫਾਰਮ ਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਅਤੇ ਪੰਜਾਬ ਨੂੰ ਮਜ਼ਬੂਤ ਬਣਾਉਣ ਲਈ “ਕੀ ਕੀਤਾ” ਬਹਿਸ ਕਰ ਲੈਣ ਜੇਕਰ ਜਿੱਤ ਗਏ ਤਾਂ 11 ਲੱਖ ਦਾ ਇਨਾਮ ਦੇਵਾਂਗਾ। ਬਲਵੰਤ ਸਿੰਘ ਰਾਮੂਵਾਲੀਆ ਨੇ ਕਿਹਾ ਕਿ ਪੰਜਾਬ ਦੇ ਮੁੰਡੇ-ਕੁੜੀਆਂ ਨੂੰ ਵਿਦੇਸ਼ ਭੇਜਣ ਲਈ ਏਜੰਟਾਂ ਨੇ ਵੱਡੀਆਂ ਠੱਗੀਆਂ ਮਾਰੀਆਂ ਪਰ ਸਮੇਂ ਦੀਆਂ ਸਰਕਾਰਾਂ ਨੇ ਕਦੇ ਕੋਈ ਕਾਰਵਾਈ ਨਹੀਂ ਕੀਤੀ ਜਦੋਂ ਕਿ ਉਨ੍ਹਾਂ ਵੱਲੋਂ ਵੱਡੇ ਪੱਧਰ ਤੇ ਮੁੰਡੇ ਕੁੜੀਆਂ ਨੂੰ ਬਚਾਕੇ ਪੰਜਾਬ ਲਿਆਂਦਾ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ 40 ਹਜ਼ਾਰ ਸਿੰਘ ਸਭਾਵਾਂ, 14 ਹਜ਼ਾਰ ਤੋਂ ਵੱਧ ਪੰਚਾਇਤਾਂ ਅਤੇ ਵਿਧਾਇਕਾਂ ਤੇ ਲੋਕ ਸਭਾ ਮੈਂਬਰਾਂ ਵੱਲੋਂ ਠੱਗੀਆਂ ਮਾਰਨ ਵਾਲੇ ਏਜੰਟ ਖ਼ਿਲਾਫ਼ ਆਵਾਜ਼ ਨਹੀਂ ਉਠਾਈ।ਉਨ੍ਹਾਂ ਕਿਹਾ ਕਿ ਗੰਧਲੀ ਹੋ ਚੁੱਕੀ ਸਿਆਸਤ ਨੂੰ ਸਾਫ ਕਰਨ ਲਈ ਦੁਬਾਰਾ ਪੰਜਾਬ ਦੀ ਸਿਆਸਤ ਵਿੱਚ ਸਰਗਰਮ ਹੋਣਗੇ ਅਤੇ ਲੋਕ ਭਲਾਈ ਪਾਰਟੀ ਨੂੰ ਮਜ਼ਬੂਤ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਨਿਸ਼ਾਨੇ ਤੇ ਲੈਂਦਿਆ ਕਿਹਾ ਕਿ ਉਹ ਘੱਟ ਬੋਲਣ ਅਤੇ ਉਹਨਾਂ ਦੇ ਬੇਤੁਕੇ ਬਿਆਨ ਹੀ ਕਾਂਗਰਸ ਦੇ ਪਤਨ ਦਾ ਕਾਰਨ ਬਣਦੇ ਹਨ। ਇਸ ਮੌਕੇ ਉਨ੍ਹਾਂ ਪਿੰਡ ਕੋਟ ਫੱਤਾ ਵਿੱਖੇ ਮਾਸੂਮ ਬੱਚਿਆਂ ਦੀ ਬਲੀ ਦੇਣ ਵਾਲੇ ਦੋਸ਼ੀਆਂ ਨੂੰ ਸਜ਼ਾ ਕਰਵਾਉਣ ਵਾਲੇ ਪਰਮਜੀਤ ਸਿੰਘ ਕੋਟਫੱਤਾ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ।

See also  21 ਤੋਂ 24 ਜੁਲਾਈ ਤੱਕ ਮੌਸਮ ਨੂੰ ਲੈ ਕੇ ਅਲਰਟ ਜਾਰੀ