ਸਹੁਰੇ ਪਰਿਵਾਰ ਤੋਂ ਤੰਗ ਆ ਕੇ ਇਕ ਵਿਆਹੁਤਾ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕਾ ਦੀ ਪਛਾਣ ਰਵੀਨਾ ਪੁੱਤਰੀ ਗੁਰਦਿਆਲ ਚੰਦ ਵਾਸੀ ਪਿੰਡ ਪੱਦੀ ਜਗੀਰ ਥਾਣਾ ਗੋਰਾਇਆ ਜ਼ਿਲ੍ਹਾ ਜਲੰਧਰ ਵਜੋਂ ਹੋਈ ਹੈ। ਰਵੀਨਾ ਦੇ ਪਿਤਾ ਨੇ ਦੇ ਏ. ਐੱਸ. ਆਈ. ਟਹਿਲ ਦਾਸ ਨੂੰ ਦਿੱਤੇ ਬਿਆਨਾਂ ’ਚ ਦੋਸ਼ ਲਾਇਆ ਹੈ ਕਿ ਉਸ ਦੀ ਕੁੜੀ ਦੀ ਮੌਤ ਲਈ ਉਸ ਦੇ ਸਹੁਰੇ ਪਰਿਵਾਰ ਵਾਲੇ ਜ਼ਿੰਮੇਵਾਰ ਹਨ, ਜੋ ਅਕਸਰ ਦਾਜ ਦੀ ਮੰਗ ਕਰਕੇ ਉਸ ਨੂੰ ਤੰਗ-ਪ੍ਰੇਸ਼ਾਨ ਕਰਦੇ ਸਨ।
ਦਕੋਹਾ ਚੌਂਕੀ ਮੁਖੀ ਮਦਨ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੇ ਪਿਤਾ ਦੇ ਬਿਆਨਾਂ ’ਤੇ ਪੁਲਸ ਨੇ ਰਵੀਨਾ ਦੇ ਪਤੀ ਅਮਨਪ੍ਰੀਤ ਸਿੰਘ, ਸਹੁਰਾ ਗੁਰਦਿਆਲ ਸਿੰਘ, ਸੱਸ ਬਲਵਿੰਦਰ ਕੌਰ, ਜੇਠ ਕਮਲਜੀਤ ਸਿੰਘ, ਜੇਠਾਣੀ ਸੀਮਾ ਰਾਣੀ ਅਤੇ ਨਨਾਣ ਸੋਨੀਆ ਖ਼ਿਲਾਫ਼ ਥਾਣਾ ਰਾਮਾ ਮੰਡੀ ’ਚ ਕੇਸ ਦਰਜ ਕਰ ਲਿਆ ਹੈ। ਜੇਠਾਣੀ ਸੀਮਾ ਰਾਣੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਬਾਕੀ 5 ਫਰਾਰ ਦੋਸ਼ੀਆਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਮ੍ਰਿਤਕ ਦੇ ਪਿਤਾ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਕਿਹਾ ਹੈ ਕਿ ਉਹ ਮਜ਼ਦੂਰੀ ਕਰਦਾ ਹੈ। ਉਸ ਦੇ ਜਵਾਈ ਅਮਨਪ੍ਰੀਤ ਦਾ 28 ਨਵੰਬਰ ਨੂੰ ਫੋਨ ਆਇਆ ਕਿ ਤੁਹਾਡੀ ਬੇਟੀ ਰਵੀਨਾ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ ਹੈ ਅਤੇ ਉਸ ਨੂੰ ਰਾਮਾ ਮੰਡੀ ਦੇ ਗੁੱਡਵਿਲ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ, ਜਦੋਂ ਉਹ ਹਸਪਤਾਲ ਪਹੁੰਚਿਆ ਤਾਂ ਗੇਟ ’ਤੇ ਖੜ੍ਹੇ ਉਸ ਦੀ ਲੜਕੀ ਦੇ ਜੇਠ ਕਮਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਕੁੜੀ ਦੀ ਮੌਤ ਹੋ ਚੁੱਕੀ ਹੈ।