ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ਼ਹੀਦ ਸਿੰਘਾਂ ਹੁਸ਼ਿਆਰਪੁਰ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ, ਪੰਜ ਪਿਆਰਿਆਂ ਦੀ ਅਗਵਾਈ ਅਤੇ ਮੁੱਖ ਸੇਵਾਦਾਰ ਸੰਤ ਬਾਬਾ ਰਣਜੀਤ ਸਿੰਘ ਤੇ ਬੀਬੀ ਸੰਦੀਪ ਕੌਰ ਦੀ ਦੇਖ-ਰੇਖ ਹੇਠ ਸਜਾਇਆ ਇਹ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋਇਆ, ਜੋ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ, ਚੌਂਕਾਂ ’ਚੋਂ ਹੁੰਦਾ ਹੋਇਆ ਮੁੜ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ।
ਨਗਰ ਕੀਰਤਨ ਦਾ ਵੱਖ-ਵੱਖ ਸਥਾਨਾਂ ’ਤੇ ਫੁੱਲਾਂ ਦੀ ਵਰਖ਼ਾ ਕਰਕੇ ਤੇ ਸੁੰਦਰ ਗੇਟ ਬਣਾ ਕੇ ਸੰਗਤਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਦੌਰਾਨ ਹਾਥੀ, ਘੋੜੇ ਤੇ ਊਠ ਨਗਰ ਕੀਰਤਨ ਦੀ ਸ਼ੋਭਾ ਨੂੰ ਹੋਰ ਵਧਾ ਰਹੇ ਸਨ।
ਇਸ ਮੌਕੇ ਵੱਖ-ਵੱਖ ਰਾਗੀ-ਢਾਡੀ ਜਥਿਆਂ ਤੇ ਪ੍ਰਚਾਰਕਾਂ ਵਲੋਂ ਸੰਗਤਾਂ ਨੂੰ ਮਨੋਹਰ ਕਥਾ-ਕੀਰਤਨ ਤੇ ਗੁਰਮਤਿ ਵਿਚਾਰਾਂ ਰਾਹੀਂ ਨਿਹਾਲ ਕੀਤਾ। ਇਸ ਮੌਕੇ ਗੱਤਕਾ ਪਾਰਟੀ ਵਲੋਂ ਵੀ ਜੌਹਰ ਦਿਖਾਏ ਗਏ। ਇਸ ਮੌਕੇ ਸੰਗਤਾਂ ਦੇ ਛਕਣ ਲਈ ਵੱਖ-ਵੱਖ ਪ੍ਰਕਾਰ ਦੇ ਲੰਗਰ ਵੀ ਲਗਾਏ ਗਏ। ਇਸ ਮੌਕੇ ਵੱਖ-ਵੱਖ ਸਭਾ, ਸੁਸਾਇਟੀਆਂ ਤੇ ਵੱਡੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ।