ਮੋਗਾ ਰੈਲੀ ‘ਚ ਗਰਜੇ ਕੇਜਰੀਵਾਲ! ਕਿਹਾ-  ਹੁਣ ਸੰਵਿਧਾਨ ਬਚਾਉਣ ਦੀ ਜ਼ਿੰਮੇਵਾਰੀ ‘ਆਪ’ ਦੇ ਮੋਢਿਆਂ ‘ਤੇ…

0
1
Screenshot

ਮੋਗਾ ਦੀ ਇਤਿਹਾਸਕ ਰੈਲੀ ਵਿੱਚ ਕੇਜਰੀਵਾਲ ਦਾ ਵੱਡਾ ਐਲਾਨ: ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ ਹਰ ਮਹਿਲਾ ਨੂੰ ਮਿਲ ਰਹੇ ਹਨ 1000 ਰੁਪਏ, 1 ਦਸੰਬਰ ਤੱਕ ਬਾਕੀ ਰਹਿੰਦੀਆਂ ਲਾਭਪਾਤਰੀਆਂ ਦੇ ਖਾਤਿਆਂ ‘ਚ ਆਉਣਗੇ ਪੈਸੇ ਕੇਜਰੀਵਾਲ ਨੇ ਔਰਤਾਂ ਨੂੰ ਪਰਿਵਾਰ ਦੇ ਮਰਦਾਂ ਨੂੰ ਪਾਰਟੀ ਨਾਲ ਜੋੜਨ ਦੀ ਕੀਤੀ ਅਪੀਲਮੋਗਾ : ਆਮ ਆਦਮੀ ਪਾਰਟੀ (AAP) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਮੋਗਾ ਵਿਖੇ ਇੱਕ ਵਿਸ਼ਾਲ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੀਆਂ ਪ੍ਰਾਪਤੀਆਂ ਗਿਣਵਾਈਆਂ ਅਤੇ ਵਿਰੋਧੀ ਪਾਰਟੀਆਂ ‘ਤੇ ਤਿੱਖੇ ਨਿਸ਼ਾਨੇ ਸਾਧੇ। ਇਸ ਮੌਕੇ ਮੰਚ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ, ਸੂਬਾ ਪ੍ਰਧਾਨ ਅਮਨ ਅਰੋੜਾ ਸਮੇਤ ਕਈ ਕੈਬਨਿਟ ਮੰਤਰੀ ਅਤੇ ਸੀਨੀਅਰ ਆਗੂ ਮੌਜੂਦ ਸਨ।ਰੈਲੀ ਨੂੰ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅੱਜ ਦਾ ਦਿਨ (26 ਨਵੰਬਰ) ਬੇਹੱਦ ਇਤਿਹਾਸਕ ਹੈ, ਕਿਉਂਕਿ 26 ਨਵੰਬਰ 1949 ਨੂੰ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੇ ਦੇਸ਼ ਦਾ ਸੰਵਿਧਾਨ ਬਣਾਇਆ ਸੀ ਅਤੇ 26 ਨਵੰਬਰ 2012 ਨੂੰ ਹੀ ਆਮ ਆਦਮੀ ਪਾਰਟੀ ਦੀ ਸਥਾਪਨਾ ਹੋਈ ਸੀ। ਉਨ੍ਹਾਂ ਕਿਹਾ ਕਿ ਇਹ ਮਹਿਜ਼ ਸਬੱਬ ਨਹੀਂ ਹੈ, ਸਗੋਂ ਕੁਦਰਤ ਦਾ ਇਸ਼ਾਰਾ ਹੈ ਕਿ ਅੱਜ ਜਦੋਂ ਦੇਸ਼ ਦੇ ਸੰਵਿਧਾਨ ਨੂੰ ਕੁਚਲਿਆ ਜਾ ਰਿਹਾ ਹੈ, ਤਾਂ ਸੰਵਿਧਾਨ ਨੂੰ ਬਚਾਉਣ ਦੀ ਜ਼ਿੰਮੇਵਾਰੀ ਆਮ ਆਦਮੀ ਪਾਰਟੀ ਦੇ ਮੋਢਿਆਂ ‘ਤੇ ਹੈ।ਆਪਣੀ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਗੱਲ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ 2022 ਦੀਆਂ ਚੋਣਾਂ ਦੌਰਾਨ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਜੋ ਗਾਰੰਟੀਆਂ ਦਿੱਤੀਆਂ ਸਨ, ਮੁੱਖ ਮੰਤਰੀ ਭਗਵੰਤ ਮਾਨ ਨੇ ਉਹ ਸਾਰੀਆਂ ਗਾਰੰਟੀਆਂ ਪੂਰੀਆਂ ਕਰ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਮੁਫ਼ਤ ਬਿਜਲੀ, ਬਜ਼ੁਰਗਾਂ ਲਈ ਤੀਰਥ ਯਾਤਰਾ, ਮੁਹੱਲਾ ਕਲੀਨਿਕ, ਮੁਫ਼ਤ ਇਲਾਜ ਬੀਮਾ ਕਾਰਡ ਅਤੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਦਾ ਕੰਮ ਲਗਾਤਾਰ ਜਾਰੀ ਹੈ।’ਮਾਵਾਂ-ਧੀਆਂ ਸਤਿਕਾਰ ਯੋਜਨਾ’ ਬਾਰੇ ਵਿਰੋਧੀਆਂ ਵੱਲੋਂ ਚੁੱਕੇ ਜਾ ਰਹੇ ਸਵਾਲਾਂ ਦਾ ਜਵਾਬ ਦਿੰਦਿਆਂ ਕੇਜਰੀਵਾਲ ਨੇ ਸਪੱਸ਼ਟ ਕੀਤਾ ਕਿ ਇਸ ਯੋਜਨਾ ਨੂੰ ਲਾਗੂ ਕਰਨ ਵਿੱਚ ਇਸ ਲਈ ਸਮਾਂ ਲੱਗਿਆ, ਕਿਉਂਕਿ ਪਿਛਲੀਆਂ ਸਰਕਾਰਾਂ ਪੰਜਾਬ ਦਾ ਖਜ਼ਾਨਾ ਲੁੱਟ ਕੇ ਖਾਲੀ ਕਰ ਗਈਆਂ ਸਨ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਚਾਰ ਸਾਲ ਪੂਰੀ ਇਮਾਨਦਾਰੀ ਨਾਲ ਸਰਕਾਰ ਦਾ ਇੱਕ-ਇੱਕ ਪੈਸਾ ਬਚਾ ਕੇ ਖਜ਼ਾਨੇ ਨੂੰ ਮੁੜ ਭਰਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਨੇ ਪੰਜਾਬ ਦੇ ਫੰਡ ਰੋਕ ਕੇ ਅਤੇ ਅਦਾਲਤਾਂ ਰਾਹੀਂ ਇਸ ਯੋਜਨਾ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ AAP ਸਰਕਾਰ ਨੇ ਇਸ ਨੂੰ ਲਾਗੂ ਕਰਕੇ ਦਿਖਾਇਆ।ਕੇਜਰੀਵਾਲ ਨੇ ਯੋਜਨਾ ਬਾਰੇ ਭਰਮ ਦੂਰ ਕਰਦਿਆਂ ਦੱਸਿਆ ਕਿ ਹਰ ਮਹਿਲਾ ਨੂੰ ਪ੍ਰਤੀ ਮਹੀਨਾ 1000 ਰੁਪਏ ਦਿੱਤੇ ਜਾ ਰਹੇ ਹਨ, ਜੋ ਕਿ ਤਿੰਨ-ਤਿੰਨ ਮਹੀਨਿਆਂ ਦੀ ਕਿਸ਼ਤ (3000 ਰੁਪਏ) ਦੇ ਰੂਪ ਵਿੱਚ ਇਕੱਠੇ ਖਾਤਿਆਂ ਵਿੱਚ ਪਾਏ ਜਾ ਰਹੇ ਹਨ। ਉਨ੍ਹਾਂ ਐਲਾਨ ਕੀਤਾ ਕਿ ਜਿਨ੍ਹਾਂ ਯੋਗ ਔਰਤਾਂ ਦੇ ਖਾਤਿਆਂ ਵਿੱਚ ਅਜੇ ਪੈਸੇ ਨਹੀਂ ਆਏ, ਉਨ੍ਹਾਂ ਨੂੰ 1 ਦਸੰਬਰ ਤੱਕ ਇਹ ਰਾਸ਼ੀ ਮਿਲ ਜਾਵੇਗੀ।ਅੰਤ ਵਿੱਚ ਕੇਜਰੀਵਾਲ ਨੇ ਰੈਲੀ ਵਿੱਚ ਪਹੁੰਚੀਆਂ ਔਰਤਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਦੇ ਮਰਦਾਂ (ਪਤੀ, ਭਰਾ ਅਤੇ ਦਿਓਰ) ਨੂੰ ਵੀ ਆਮ ਆਦਮੀ ਪਾਰਟੀ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰਨ। ਉਨ੍ਹਾਂ ਕਿਹਾ ਕਿ ਔਰਤਾਂ ਨੂੰ ਮਿਲਣ ਵਾਲਾ ਇਹ ਪੈਸਾ ਅਖੀਰ ਘਰ ਦੇ ਰਾਸ਼ਨ ਅਤੇ ਪਰਿਵਾਰ ਦੀ ਭਲਾਈ ‘ਤੇ ਹੀ ਖਰਚ ਹੋਣਾ ਹੈ, ਅਤੇ ਇਸ ਦੇ ਨਾਲ ਹੀ ਮਰਦਾਂ ਨੂੰ ਮੁਫ਼ਤ ਬਿਜਲੀ ਅਤੇ ਖੇਤਾਂ ਲਈ ਨਹਿਰੀ ਪਾਣੀ ਦੀ ਸਹੂਲਤ ਵੀ ਲਗਾਤਾਰ ਮਿਲਦੀ ਰਹੇਗੀ।Read More

Rozana Times

LEAVE A REPLY

Please enter your comment!
Please enter your name here