ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਗ੍ਰਿਫ਼ਤਾਰੀ ਮਗਰੋਂ ਸਿਆਸਤ ਗਰਮਾ ਗਈ ਹੈ। ਦਿੱਲੀ ਅੰਦਰ ਸੁਰੱਖਿਆ ਏਜੰਸੀਆਂ ਅਲਰਟ ਹਨ। ਪੁਲਿਸ ਨੇ ਕੱਲ੍ਹ ਸ਼ਾਮ ਤੋਂ ਹੀ ਸੁਰੱਖਿਆ ਇੰਤਜ਼ਾਮ ਪੁਖਤਾ ਕਰ ਦਿੱਤੇ ਹਨ। ਆਮ ਆਦਮੀ ਪਾਰਟੀ ਵੱਲੋਂ ਵਿਰੋਧ ਪ੍ਰਦਰਸ਼ਨ ਦੇ ਖਤਰੇ ਨੂੰ ਵੇਖਦਿਆਂ ਪੁਲਿਸ ਪੂਰੀ ਤਰ੍ਹਾਂ ਚੌਕਸ ਹੈ। ਹਾਸਲ ਜਾਣਕਾਰੀ ਮੁਤਾਬਕ ਕੇਂਦਰੀ ਜਾਂਚ ਬਿਊਰੋ ਵੱਲੋਂ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਗ੍ਰਿਫ਼ਤਾਰੀ ਖ਼ਿਲਾਫ਼ ਆਮ ਆਦਮੀ ਪਾਰਟੀ ਦੇ ਸੱਦੇ ਦੇ ਮੱਦੇਨਜ਼ਰ ਦੀਨ ਦਿਆਲ ਉਪਾਧਿਆਏ (ਡੀਡੀਯੂ) ਮਾਰਗ ’ਤੇ ਸਵੇਰੇ ਸੁਰੱਖਿਆ ਵਧਾ ਦਿੱਤੀ ਹੈ।
ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕੇਂਦਰੀ ਦਿੱਲੀ ਦੇ ਡੀਡੀਯੂ ਮਾਰਗ ‘ਤੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ, ਜਿੱਥੇ ਭਾਰਤੀ ਜਨਤਾ ਪਾਰਟੀ (ਭਾਜਪਾ) ਤੇ ‘ਆਪ’ ਦੋਵਾਂ ਦੇ ਮੁੱਖ ਦਫ਼ਤਰ ਸਥਿਤ ਹਨ। ਸ਼ਹਿਰ ਦੇ ਮੱਧ ਹਿੱਸੇ ਵਿੱਚ ਦਿਨ ਵੇਲੇ ਆਵਾਜਾਈ ਵੀ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਆਪ ਦੇ ਸੀਨੀਅਰ ਆਗੂ ਗੋਪਾਲ ਰਾਏ ਨੇ ਕਿਹਾ ਹੈ ਕਿ ਪਾਰਟੀ ਇਸ ਦਿਨ ਨੂੰ ‘ਕਾਲੇ ਦਿਵਸ’ ਵਜੋਂ ਮਨਾਏਗੀ ਤੇ ਮਨੀਸ਼ ਸਿਸੋਦੀਆ ਦੀ ਗ੍ਰਿਫ਼ਤਾਰੀ ਖ਼ਿਲਾਫ਼ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ਕਰੇਗੀ।
post by parmvir singh