ਹਾਕੀ ਵਿਸ਼ਵ ਕੱਪ ਦੇ ਕਰਾਸ ਓਵਰ ਮੈਚ ‘ਚ ਭਾਰਤੀ ਟੀਮ ਨੂੰ ਕਰੀਬੀ ਮੁਕਾਬਲੇ ਤੋਂ ਬਾਅਦ ਹਾਰ ਦਾ ਸਾਹਮਣਾ ਕਰਨਾ ਪਿਆ। ਪੂਰੇ ਮੈਚ ਦੌਰਾਨ ਟੀਮ ਇੰਡੀਆ ਮੈਚ ‘ਚ ਮਜ਼ਬੂਤ ਸਥਿਤੀ ‘ਚ ਨਜ਼ਰ ਆਈ ਪਰ ਅੰਤ ‘ਚ ਕੀਵੀਆਂ ਨੇ ਬਾਜ਼ੀ ਮਾਰ ਲਈ। ਇਸ ਹਾਰ ਨਾਲ ਭਾਰਤੀ ਟੀਮ ਹਾਕੀ ਵਿਸ਼ਵ ਕੱਪ 2023 ‘ਚੋਂ ਬਾਹਰ ਹੋ ਗਈ ਹੈ, ਜਦਕਿ ਨਿਊਜ਼ੀਲੈਂਡ ਨੇ ਕੁਆਰਟਰ ਫਾਈਨਲ ‘ਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਮੈਚ 3-3 ਦੀ ਬਰਾਬਰੀ ‘ਤੇ ਖਤਮ ਹੋਇਆ, ਜਿਸ ਤੋਂ ਬਾਅਦ ਨਤੀਜਾ ਪੈਨਲਟੀ ਸ਼ੂਟਆਊਟ ਰਾਹੀਂ ਆਉਣਾ ਸੀ।

ਇਸ ਤੋਂ ਪਹਿਲਾਂ ਭਾਰਤ ਨੇ ਆਪਣੇ ਪਿਛਲੇ ਮੈਚ ਵਿੱਚ ਸਪੇਨ ਨੂੰ ਹਰਾਇਆ ਸੀ। ਜਿਸ ਕਾਰਨ ਉਹ ਗਰੁੱਪ-ਡੀ ਵਿੱਚ ਦੂਜੇ ਸਥਾਨ ’ਤੇ ਰਿਹਾ। ਭਾਰਤ ਕੋਲ ਕ੍ਰਾਸ ਓਵਰ ਮੈਚ ਰਾਹੀਂ ਹੀ ਕੁਆਰਟਰ ਫਾਈਨਲ ਤੱਕ ਪਹੁੰਚਣ ਦਾ ਰਾਹ ਸੀ। ਸ਼ੂਟਆਊਟ ਦੌਰਾਨ ਨਿਊਜ਼ੀਲੈਂਡ ਦੀ ਟੀਮ ਨੇ ਸ਼ੁਰੂ ਤੋਂ ਹੀ ਚੰਗੀ ਪਕੜ ਬਣਾਈ ਰੱਖੀ ਸੀ। 2-2 ਤੱਕ ਦੋਵੇਂ ਟੀਮਾਂ ਸ਼ੂਟਆਊਟ ‘ਚ ਬਰਾਬਰੀ ‘ਤੇ ਚੱਲ ਰਹੀਆਂ ਸਨ। ਇੱਥੋਂ ਭਾਰਤ ਇੱਕ ਬਦਲਾਅ ਤੋਂ ਖੁੰਝ ਗਿਆ। ਕੀਵੀ ਟੀਮ ਨੇ ਇਸ ਦਾ ਹੀ ਫਾਇਦਾ ਉਠਾਇਆ। ਨਿਊਜ਼ੀਲੈਂਡ ਕੋਲ ਵਾਧੂ ਮੌਕਾ ਹੋਣ ਦੇ ਬਾਵਜੂਦ ਭਾਰਤ ਸ਼ੂਟਆਊਟ ਵਿੱਚ 4-4 ਨਾਲ ਅੱਗੇ ਹੋ ਗਿਆ ਸੀ ਪਰ ਮਹਿਮਾਨ ਟੀਮ ਨੇ ਭਾਰਤ ਨੂੰ ਸ਼ੂਟਆਊਟ ਵਿੱਚ 5-4 ਨਾਲ ਹਰਾਇਆ। ਭਾਰਤੀ ਹਾਕੀ ਟੀਮ ਨੇ ਸ਼ੁਰੂ ਤੋਂ ਹੀ ਮੈਚ ‘ਤੇ ਪਕੜ ਬਣਾਈ ਰੱਖੀ ਸੀ ਪਰ ਜਿਵੇਂ ਹੀ ਮੈਚ ਆਪਣੇ ਆਖਰੀ ਪੜਾਅ ‘ਤੇ ਪਹੁੰਚਿਆ ਤਾਂ ਨਿਊਜ਼ੀਲੈਂਡ ਨੇ ਵਾਪਸੀ ਕੀਤੀ। ਕੁਆਰਟਰ ਫਾਈਨਲ ਵਿੱਚ ਨਿਊਜ਼ੀਲੈਂਡ ਦਾ ਸਾਹਮਣਾ ਹੁਣ ਮੌਜੂਦਾ ਵਿਸ਼ਵ ਚੈਂਪੀਅਨ ਬੈਲਜੀਅਮ ਨਾਲ ਹੋਵੇਗਾ।