ਪੰਜਾਬ ਦੇ 5 ਵਾਰ ਮੁੱਖ ਮੰਤਰੀ ਰਹੇ ਸਵ ਪਰਕਾਸ਼ ਸਿੰਘ ਬਾਦਲ ਦੀ ਆਤਮਿਕ ਸਾਂਤੀ ਲਈ ਅੱਜ ਸ੍ਰੋਮਣੀ ਅਕਾਲੀ ਦਲ ਜਿਲ੍ਹਾ ਫਰੀਦਕੋਟ ਵੱਲੋਂ ਵਿਸ਼ੇਸ ਸਰਧਾਂਜਲੀ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਸ਼ੇਸ ਤੌਰ ਤੇ ਪਹੁੰਚੇ ਅਤੇ ਉਹਨਾਂ ਜਿੱਥੇ ਇਸ ਸਰਧਾਂਜਲੀ ਸਮਾਗਮ ਮੌਕੇ ਸ੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦਾ ਇਸ ਉਪਰਾਲੇ ਲਈ ਧੰਨਵਾਦ ਕੀਤਾ ਉਥੇ ਹੀ ਉਹਨਾਂ ਸਵ. ਪਰਕਾਸ਼ ਸਿੰਘ ਬਾਦਲ ਦੇ ਲਗਭਗ 70 ਸਾਲ ਦੇ ਰਾਜਨੀਤਿਕ ਜੀਵਨ ਤੇ ਚਾਨਣਾਂ ਪਾਇਆ ਅਤੇ ਉਹਨਾਂ ਵੱਲੋਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਨਾਲ ਸਿੱਖ ਕੌਮ ਲਈ ਕੀਤੇ ਨੇਕ ਕੰਮਾਂ ਦਾ ਜਿਕਰ ਕੀਤਾ।
ਇਸ ਮੌਕੇ ਆਪਣੇ ਸੰਬੋਧਨ ਭਾਸ਼ਣ ਵਿਚ ਬੋਲਦਿਆ ਸੁਖਬੀਰ ਬਾਦਲ ਨੇ ਕਿਹਾ ਕਿ ਸਵ. ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਲੋਕਾਂ ਲਈ ਦਰਦ ਰੱਖਣ ਵਾਲੇ ਇਨਸਾਨ ਸਨ। ਉਹਨਾਂ ਕਿਹਾ ਕਿ 1966 ਤੋਂ ਬਾਅਦ ਨਵੇਂ ਪੰਜਾਬ ਦੇ ਨਿਰਮਾਣ ਵਿਚ ਉਹਨਾਂ ਦਾ ਵੱਡਾ ਯੋਗਦਾਨ ਰਿਹਾ ਅਤੇ ਵੱਖ ਵੱਖ ਸਮਿਆਂ ਤੇ ਉਹਨਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਰਹਿੰਦਿਆਂ ਕਰਵਾਏ ਗਏ ਵਿਕਾਸ਼ ਕਾਰਜਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਹ ਪ੍ਰਕਾਸ਼ ਸਿੰਘ ਬਾਦਲ ਵੱਲੋਂ ਆਪਣੇ ਕਾਰਜਕਾਲ ਦੌਰਾਨ ਕਰਵਾਏ ਗਏ ਕੰਮਾਂ ਦਾ ਜਿਕਰ ਕਰਦਿਆ ਕਿਹਾ ਕਿ ਪੰਜਾਬ ਅੰਦਰ ਬੁਢਾਪਾ ਪੈਨਸ਼ਨ, ਗਰੀਬ ਲੜਕੀਆ ਦੇ ਵਿਆਹ ਲਈ ਸਗਨ ਸਕੀਮ, ਗਰੀਬ ਪਰਿਵਾਰਾਂ ਲਈ ਆਟਾ ਦਾਲ ਸਕੀਮ, ਮੈਰੀਟੋਰੀਅਸ ਸਕੂਲ, ਅਦਰਸ਼ ਸਕੂਲ, ਪੰਜਾਬ ਅੰਦਰ ਨਹਿਰੀ ਪਾਣੀ ਦੀ ਸਪਲਾਈ ਲਈ ਨਹਿਰਾਂ, ਸੂਏ ਅਤੇ ਕੱਸੀਆਂ ਦੇ ਨਾਲ ਨਾਲ ਪੱਕੇ ਖਾਲੇ, ਕਿਸਾਨਾਂ ਨੂੰ ਖੇਤੀ ਸੈਕਟਰ ਲਈ ਮੁਫਤ ਬਿਜਲੀ ਕੁਨੈਕਸਨ, ਅਤੇ ਪੰਜਾਬ ਦੇ ਕਿਸਾਨਾਂ ਲਈ ਸੱਭ ਤੋਂ ਵੱਡਾ ਫੈਸਲਾ ਟਰੈਕਟਰ ਨੂੰ ਕਿਸਾਨ ਦਾ ਗੱਡਾ ਕਹਿ ਕਿ ਉਸ ਦਾ ਟੈਕਸ ਮੁਆਫ ਕਰ ਦਿੱਤਾ । ਉਹਨਾਂ ਕਿਹਾ ਕਿ ਪੰਜਾਬ ਦੀ ਭਲਾਈ ਲਈ ਅੱਜ ਤੱਕ ਜੋ ਵੀ ਕੰਮ ਹੋਇਆ ਉਹ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਵਿਚ ਹੀ ਹੋਇਆ। ਇਸ ਮੌਕੇ ਉਹਨਾਂ ਇਸ ਸਰਧਾਂਂਜਲੀ ਸਮਾਗਮ ਵਿਚ ਆਏ ਸਾਰੇ ਪਾਰਟੀ ਵਰਕਰਾਂ ਦਾ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੀ ਜਿਲ੍ਹਾ ਜਥੇਬੰਦੀ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਸਿਰੋਪਾਓ ਦੇ ਕੇ ਸਨਮਾਨ ਕੀਤਾ।