ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੀ ਸੂਬਾ ਕਮੇਟੀ ਦੇ ਸੱਦੇ ਤੇ ਅੱਜ ਜਿਲਾ ਫਰੀਦਕੋਟ ਇਕਾਈ ਨੇ ਪੰਜਾਬ `ਚੋਂ ਕੇਂਦਰੀ ਸੁਰੱਖਿਆ ਬਲ ਫੌਰੀ ਵਾਪਸ ਸੱਦੇ ਜਾਣ, ਐਨ.ਆਈ.ਏ. ਨੂੰ ਸੂਬੇ ਤੋਂ ਦੂਰ ਰੱਖਿਆ ਜਾਵੇ ਤੇ ਪੰਜਾਬ ਦੇ ਮਾਹੌਲ ਨੂੰ ਖੌਫ਼ਜ਼ਦਾ ਬਣਾ ਕੇ ਪੇਸ਼ ਕਰਨ ਦੇ ਸਾਰੇ ਕਦਮ ਫੌਰੀ ਰੋਕੇ ਜਾਣ ਲਈ ਪ੍ਰਦਰਸ਼ਨ ਕਰਕੇ ਪ੍ਰਸ਼ਾਸ਼ਨ ਨੂੰ ਮੰਗ ਪੱਤਰ ਸੌਂਪਿਆ।
ਜਥੇਬੰਦੀ ਆਗੂਆਂ ਨੇ ਕਿਹਾ ਅੰਮ੍ਰਿਤਪਾਲ ਸਿੰਘ ਤੇ ਉਸਦੇ ਸਮਰਥਕਾਂ ਖਿਲਾਫ਼ ਪੁਲਸ ਕਾਰਵਾਈ ਨੂੰ ਮੁਲਕ ਪੱਧਰ ’ਤੇ ਅੰਨ੍ਹੇ ਰਾਸ਼ਟਰਵਾਦ ਨੂੰ ਉਭਾਰਨ ਦਾ ਸਾਧਨ ਬਣਾਇਆ ਗਿਆ ਹੈ, ਜਿਸ ਤਹਿਤ ਪੰਜਾਬ ਅੰਦਰ ਇੰਟਰਨੈੱਟ ਬੰਦ ਕਰਨ, ਕੇਂਦਰੀ ਸੁਰੱਖਿਆ ਬਲ ਸੱਦਣ ਤੇ ਉਹਨਾਂ ਦੇ ਫਲੈਗ ਮਾਰਚਾਂ ਰਾਹੀਂ ਦਹਿਸ਼ਤ ਫੈਲਾਉਣ, ਸਿਰੇ ਦੀ ਧੱਕੜ ਤੇ ਜਾਬਰ ਏਜੰਸੀ ਐਨ.ਆਈ.ਏ. ਨੂੰ ਪੰਜਾਬ ਭੇਜਣ ਤੇ ਐਨ.ਐਸ.ਏ. ਵਰਗੇ ਜਾਬਰ ਕਾਨੂੰਨ ਮੜ੍ਹਨ ਦੇ ਕਦਮ ਚੁੱਕੇ ਗਏ ਹਨ। ਇਹਨਾਂ ਕਦਮਾਂ ਨਾਲ ਅਜਿਹਾ ਝੂਠਾ ਪ੍ਰਭਾਵ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਜਿਵੇਂ ਪੰਜਾਬ ਕੋਈ ਵੱਡੀ ਗੜਬੜ ਵਾਲਾ ਇਲਾਕਾ ਹੋਵੇ ਅਤੇ ਕੇਂਦਰੀ ਸਰਕਾਰ ਦੇ ਦਖ਼ਲ ਨਾਲ ਪੰਜਾਬ ਦੀ ਹਾਲਤ ਨੂੰ ਕਾਬੂ ਕੀਤਾ ਜਾ ਰਿਹਾ ਹੋਵੇ। ਜਦ ਕਿ ਇਹ ਪੰਜਾਬ ਦੀ ਹਾਲਤ ਬਾਰੇ ਪੂਰੀ ਤਰ੍ਹਾਂ ਗਲਤ ਪੇਸ਼ਕਾਰੀ ਹੈ ਅਤੇ ਫਿਰਕੂ ਤਾਕਤਾਂ ਦੀ ਅਸਲ ਸਮਰੱਥਾ ਤੋਂ ਕਿਤੇ ਵਧਵੀਂ ਕਾਰਵਾਈ ਹੈ। ਉਨ੍ਹਾਂ ਕਿਹਾ ਕਿ ਇਸ ਮਸਲੇ ਨੂੰ ਲੈਕੇ ਪੁਲਿਸ ਨੇ ਕਈ ਨੌਜਵਾਨਾਂ ਨੂੰ NSA ਤਹਿਤ ਗ੍ਰਿਫਤਾਰ ਕਰਕੇ ਜੇਲ ਭੇਜਿਆ ਹੈ ਜੋਕਿ ਸਰਾਸਰ ਧੱਕਾ ਹੈ। ਇਸ ਮੌਕੇ ਤੇ ਜੱਥੇਬੰਦੀ ਨੇ NSA ਤਹਿਤ ਗ੍ਰਿਫਤਾਰ ਨੌਜਵਾਨ ਰਿਹਾ ਕਰਨ,ਪੰਜਾਬ ਵਿਚੋਂ ਕੇਂਦਰੀ ਸੁਰੱਖਿਆ ਬਲਾਂ ਨੂੰ ਵਾਪਿਸ ਭੇਜਣ ਸਮੇਤ ਕੇਂਦਰੀ ਜਾੰਚ ਏਜੇਂਸੀਆਂ ਦੀ ਕਾਰਵਾਈ ਬੰਦ ਕਰਨ ਦੀ ਮੰਗ ਰੱਖੀ। ਇਸ ਤੋਂ ਪਹਿਲਾਂ ਸ਼ਹਿਰ ਵਿਚ ਰੋਸ਼ ਮਾਰਚ ਵੀ ਕੱਢਿਆ ਗਿਆ।