ਜ਼ੀ-20 ਦੇਸ਼ਾਂ ਦੀਆਂ ਦੇਸ਼ ਭਰ ਵਿਚ ਚਲ ਰਹੀਆਂ ਮੀਟਿੰਗਾਂ ਦੇ ਦੌਰ ਦੌਰਾਨ ਪਹਿਲੀ ਲੇਬਰ-20 ( ਐੱਲ-20 ) ਮੀਟਿੰਗ ਪੰਜਾਬ ਦੇ ਅੰਮ੍ਰਿਤਸਰ ਵਿੱਚ ਹੋਣ ਤੋਂ ਇੱਕ ਦਿਨ ਪਹਿਲਾਂ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋ ਪੰਜਾਬ ਵਿਚ 15 ਥਾਵਾਂ ਤੇ ਪੁਤਲੇ ਫੂਕ ਕੇ ਵਿਰੋਧ ਕੀਤਾ ਗਿਆ |ਗੁਰਦਾਸਪੁਰ ਵਿੱਚ ਵੀ ਕਿਸਾਨ ਮਜਦੂਰ ਸੰਘਰਸ਼ ਕਮੇਟੀ ਬਾਬਾ ਮਸਤੁ ਸ਼ਾਹ ਵੱਲੋਂ ਕੇਂਦਰ ਅਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ। ਜੀ-20 ਦੇ ਅਧੀਨ ਜੁੜੇ ਸਮੂਹਾਂ ਵਿੱਚੋਂ ਹੀ ਇੱਕ ਹੈ। ਇਸ ਵਿੱਚ ਜੀ-20 ਦੇਸ਼ਾਂ ਦੇ ਟਰੇਡ ਯੂਨੀਅਨ ਕੇਂਦਰਾਂ ਦੇ ਆਗੂ ਅਤੇ ਨੁਮਾਇੰਦੇ ਸ਼ਾਮਲ ਹੁੰਦੇ ਹਨ ਜੋ ਕਿਰਤ ਨਾਲ ਸਬੰਧਤ ਮੁੱਦਿਆਂ ਨੂੰ ਹੱਲ ਕਰਨ ਦੇ ਨਾਮ ਤੇ ਲੁਕਵੇਂ ਢੰਗ ਨਾਲ ਵੱਖ ਵੱਖ ਦੇਸ਼ਾਂ ਵਿਚ ਕਾਰਪੋਰੇਟ ਪੱਖੀ ਨੀਤੀ ਤੇ ਹੀ ਕੰਮ ਕਰਦੇ ਹਨ । ਉਹਨਾ ਕਿਹਾ ਕਿ ਸਿੱਖਿਆ ਅਤੇ ਕਿਰਤ ਨੀਤੀ ਨੂੰ ਲੈ ਕੇ ਹੋਣ ਜਾ ਰਹੀ ਇਹ ਮੀਟਿੰਗ ਲੋਕਾਂ ਦੇ ਅੱਖੀਂ ਘੱਟਾ ਪਾਉਣ ਵਾਂਗ ਹੈ ਕਿਉਂਕਿ ਕਾਰਪੋਰੇਟ ਪੱਖੀ ਇਹ ਦੇਸ਼ ਸਸਤੀ ਤੋਂ ਸਸਤੀ ਲੇਬਰ ਅਤੇ ਮਹਿੰਗੀ ਤੋਂ ਮਹਿੰਗੀ ਸਿੱਖਿਆ ਵਾਲੀਆਂ ਨੀਤੀਆਂ ਤੇ ਕੰਮ ਕਰਦੇ ਹਨ, ਇਹੀ ਦੇਸ਼ ਕਿਸਾਨਾਂ ਨੂੰ ਸਬਸਿਡੀ ਦੇਣ ਦੇ ਖਿਲਾਫ ਹਨ ਅਤੇ ਇਹਨਾਂ ਦੀਆਂ ਨੀਤੀਆਂ ਹੀ ਐੱਮ.ਐੱਸ.ਪੀ. ਦੇਣ ਦੇ ਰਸਤੇ ਵਿਚ ਵੱਡਾ ਅੜਿੱਕਾ ਹਨ |
ਇਹ ਗਰੁੱਪ ਕੁਲ ਦੁਨੀਆ ਦੇ 75% ਵਪਾਰ ਨੂੰ ਕੰਟਰੋਲ ਕਰਦਾ ਹੈ ਅਤੇ ਵੱਖ ਵੱਖ ਦੇਸ਼ਾਂ ਨਾਲ ਕੀਤੇ ਜਾਣ ਵਾਲੇ ਕਿਸਾਨ ਵਲੋਂ ਪੈਦਾ ਕੀਤੇ ਜਾਂਦੇ ਖਾਧ ਪਦਾਰਥਾਂ ਦੇ ਵਪਾਰਕ ਲੈਣ ਦੇਣ ਨੂੰ ਪ੍ਰਭਾਵਿਤ ਕਰਦਾ ਹੈ, ਜਿਸ ਕਾਰਨ ਕਿਸਾਨਾਂ ਨੂੰ ਫਸਲਾਂ ਦਾ ਪੂਰਾ ਭਾਅ ਨਹੀਂ ਮਿਲਦਾ ਅਤੇ ਮਜਦੂਰ ਨੂੰ ਪੂਰੀ ਮਜਦੂਰੀ ਨਹੀਂ ਮਿਲ ਪਾਓਂਦੀ, ਸੋ ਅਜਿਹੀਆਂ ਮੀਟਿੰਗਾਂ ਭਾਰਤ ਅਤੇ ਹੋਰ ਵਿਕਾਸਸ਼ੀਲ ਦੇਸ਼ਾਂ ਦੇ ਕੁਦਰਤੀ ਸਰੋਤਾਂ ਅਤੇ ਖੇਤੀ ਸੈਕਟਰ ਦੀ ਸੰਸਾਰ ਬੈਂਕ, ਮੁਦਰਾ ਕੋਸ਼ ਫੰਡ, ਵਿਸ਼ਵ ਵਪਾਰ ਸੰਸਥਾ ਵਰਗੇ ਸਾਮਰਾਜਵਾਦੀ ਅਦਾਰਿਆਂ ਹੱਥੋਂ ਲੁੱਟ ਲਈ ਨਵੇਂ ਨਵੇਂ ਰਾਹ ਬਣਾਏ ਜਾ ਰਹੇ ਹਨ | ਕਿਸਾਨਾਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਸਰਕਾਰਾਂ ਵਿਚ ਬੈਠੇ ਸਿਆਸਤਦਾਨ ਲੋਕਾਂ ਨਾਲ ਧ੍ਰੋਹ ਕਮਾ ਰਹੇ ਹਨ, ਇਹਨਾਂ ਦੇਸ਼ਾਂ ਦੇ ਇਸ਼ਾਰੇ ਤੇ ਹੀ ਤਿੰਨ ਕਾਲੇ ਖੇਤੀ ਕਾਨੂੰਨ ਲਿਆਂਦੇ ਗਏ ਸਨ ਅਤੇ ਹੁਣ ਪੰਜਾਬ ਦੇ ਪਾਣੀਆਂ ਤੇ ਕਬਜ਼ਾ ਕਰਨ ਲਈ ਵਿਉਂਤਾਂ ਘੜੀਆਂ ਜਾ ਰਹੀਆਂ ਹਨ ਅਤੇ ਸਰਕਾਰਾਂ ਇਹਨਾਂ ਨੀਤੀਆਂ ਨੂੰ ਲਾਗੂ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੀਆਂ ਹਨ | ਓਹਨਾ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਹੋਰ ਵੱਖ ਵੱਖ ਰੂਪਾਂ ਵਿਚ ਹਮਲੇ ਸਾਹਮਣੇ ਆਉਣਗੇ ਪਰ ਜਥੇਬੰਦੀ ਆਪਣੀ ਪੂਰੀ ਸਮਰੱਥਾ ਨਾਲ ਇਸਦੇ ਵਿਰੋਧ ਅਤੇ ਲੋਕਾਂ ਦੇ ਹੱਕ ਵਿੱਚ ਖੜੀ ਹੈ | ਇਸ ਮੌਕੇ ਕਿਸਾਨ ਆਗੂਆਂ ਕਿਹਾ ਕਿ ਅੱਜ ਪੰਜਾਬ ਅਤੇ ਦੇਸ਼ ਹਿਤੈਸ਼ੀ ਜਥੇਬੰਦੀਆਂ, ਬੁੱਧੀਜੀਵੀਆਂ ਅਤੇ ਸਮਾਜ ਸ਼ਾਸਤਰੀਆਂ ਨੂੰ ਚਾਹੀਦਾ ਹੈ ਕਿ ਉਹ ਸਾਰੇ ਇਹਨਾਂ ਨੀਤੀਆਂ ਖਿਲਾਫ ਆਵਾਜ਼ ਬੁਲੰਦ ਕਰਕੇ, ਭਾਰਤ ਅਤੇ ਪੰਜਾਬ ਨੂੰ ਇਹਨਾਂ ਸਾਮਰਾਜਵਾਦੀ ਤਾਕਤਾਂ ਦੇ, ਗੁਲਾਮ ਹੋਣ ਤੋਂ ਬਚਾਓਣ ਦੀ ਲੜਾਈ ਵਿਚ ਹਿੱਸਾ ਪਾਉਣ।
post by parmvir singh