ਖੇਡ ਵਿਭਾਗ ਦੇ ਅਧਿਕਾਰੀਆਂ ਵੱਲੋਂ ਟੀਮ ਦਾ ਹਵਾਈ ਅੱਡੇ ‘ਤੇ ਢੋਲ ਦੀ ਤਾਲ ਉਤੇ ਭੰਗੜੇ, ਰਵਾਇਤੀ ਹਾਰਾਂ ਅਤੇ ਪੰਜਾਬੀ ਮਹਿਮਾਨ ਨਿਵਾਜ਼ੀ ਨਾਲ ਨਿੱਘਾ ਸਵਾਗਤ ਕੀਤਾ ਗਿਆ। ਇਸ ਮੋਹ-ਭਿੱਜੇ ਸਵਾਗਤ ਤੋਂ ਖੁਸ਼ ਹੋਏ ਮਹਿਮਾਨ ਖਿਡਾਰੀਆਂ ਨੇ ਮੇਜ਼ਬਾਨਾਂ ਦਾ ਧੰਨਵਾਦ ਕੀਤਾ ਅਤੇ ਹਾਕੀ ਦੇ ਮੱਕੇ ਵਜੋਂ ਜਾਣੀ ਜਾਂਦੀ ਧਰਤੀ ਪੰਜਾਬ ਵਿੱਚ ਖੇਡਣ ਲਈ ਉਤਸ਼ਾਹ ਜ਼ਾਹਿਰ ਕੀਤਾ।ਟੂਰਨਾਮੈਂਟ ਲਈ ਜਾਪਾਨ ਦੀ ਟੀਮ ਵਿੱਚ ਯਾਮਾਦਾ ਸ਼ੋਟਾ, ਤਨਾਕਾ ਸੇਰੇਨ, ਵਾਤਨਬੇ ਜੂਨ, ਮਾਤਸੁਮੋਟੋ ਕਾਜ਼ੂਮਾਸਾ, ਨਾਗਾਈ ਯੁਮਾ, ਯਾਮਾਸ਼ਿਤਾ ਮਨਾਬੂ, ਫੁਜੀਸ਼ਿਮਾ ਰਾਏਕੀ (ਕਪਤਾਨ), ਨਾਗਯੋਸ਼ੀ ਕੇਨ, ਸੈਤੋ ਹੀਰੋ, ਕਾਸ਼ੀਵਾਗੀ ਰੇਨ, ਤਨਾਕਾ ਸੁਬਾਸਾ, ਓਕਾ ਰਯੋਮਾ, ਕਾਵਾਮੁਰਾ ਯੂਸੁਕੇ, ਕੁਰੋਦਾ ਕਿਸ਼ੋ (ਗੋਲਕੀਪਰ), ਯਾਮਾਨਾਕਾ ਮੋਟੋਯਾ, ਓਚਾਈ ਹਾਰੂਕੀ, ਕਿਤਾਗਾਵਾ ਤਾਕੁਮੀ (ਗੋਲਕੀਪਰ) ਅਤੇ ਫੁਕੁਦਾ ਕੇਂਟਾਰੋ ਸ਼ਾਮਲ ਹਨ।ਏਸ਼ੀਅਨ ਚੈਂਪੀਅਨਜ਼ ਟਰਾਫੀ ਦੌਰਾਨ ਟੀਮ ਲਈ ਸੁਚਾਰੂ ਠਹਿਰ, ਅਭਿਆਸ ਸੈਸ਼ਨਾਂ ਅਤੇ ਯਾਤਰਾ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਪਹਿਲੀ ਵਾਰ ਪੰਜਾਬ ਵਿੱਚ ਕਰਵਾਈ ਜਾ ਰਹੀ ਏਸ਼ੀਅਨ ਚੈਂਪੀਅਨਜ਼ ਟਰਾਫੀ ਵਿੱਚ ਪ੍ਰਮੁੱਖ ਏਸ਼ੀਆਈ ਦੇਸ਼ਾਂ ਦੀ ਭਾਗੀਦਾਰੀ ਨਾਲ ਚੋਟੀ ਦੇ ਹਾਕੀ ਐਕਸ਼ਨ ਹੋਣ ਦੀ ਉਮੀਦ ਹੈ।ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰੰਤਰ ਯਤਨਾਂ ਸਦਕਾ, ਪੰਜਾਬ ਦੀ ਧਰਤੀ ਪਹਿਲੀ ਵਾਰ ਕਿਸੇ ਅੰਤਰਰਾਸ਼ਟਰੀ ਹਾਕੀ ਟੂਰਨਾਮੈਂਟ ਦੀ ਗਵਾਹ ਬਣ ਰਹੀ ਹੈ।ਪੰਜਾਬ ਸਰਕਾਰ ਨੇ ਟੂਰਨਾਮੈਂਟ ਵਿੱਚ ਹਿੱਸਾ ਲੈਣ ਵਾਲੀਆਂ ਸਾਰੀਆਂ ਟੀਮਾਂ ਨੂੰ ਅੰਤਰਰਾਸ਼ਟਰੀ ਖੇਡ ਸਮਾਗਮ ਦੇ ਅਨੁਕੂਲ ਵਿਸ਼ਵ ਪੱਧਰੀ ਸਹੂਲਤਾਂ, ਸੁਰੱਖਿਆ ਅਤੇ ਪਰਾਹੁਣਚਾਰੀ ਨੂੰ ਯਕੀਨੀ ਬਣਾਇਆ ਹੈ।ਜਪਾਨ ਅਤੇ ਮੇਜ਼ਬਾਨ ਭਾਰਤ ਤੋਂ ਇਲਾਵਾ, ਦੱਖਣੀ ਕੋਰੀਆ, ਚੀਨ, ਮਲੇਸ਼ੀਆ ਅਤੇ ਬੰਗਲਾਦੇਸ਼ ਦੀਆਂ ਟੀਮਾਂ ਵੀ ਏਸ਼ੀਅਨ ਚੈਂਪੀਅਨਜ਼ ਟਰਾਫੀ ਟੂਰਨਾਮੈਂਟ ਵਿੱਚ ਹਿੱਸਾ ਲੈ ਰਹੀਆਂ ਹਨ, ਜੋ 27 ਅਕਤੂਬਰ ਨੂੰ ਜਲੰਧਰ ਦੇ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿੱਚ ਸ਼ੁਰੂ ਹੋਵੇਗਾI ਫਾਈਨਲ 5 ਨਵੰਬਰ ਨੂੰ ਮੁਹਾਲੀ ਦੇ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਹਾਕੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ।







