ਮਾਨ ਸਰਕਾਰ ਨੇ ਐਂਟੀ-ਡਰੋਨ ਸਿਸਟਮ ਨਾਲ ਨਸ਼ਾ ਸਮਗਲਿੰਗ ‘ਤੇ ਲਗਾਈ ਲਗਾਮ, ਕੇਂਦਰ ‘ਤੇ ਸਾਧਿਆ ਨਿਸ਼ਾਨਾ
ਚੰਡੀਗੜ੍ਹ – ਪੰਜਾਬ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਅਕਾਲੀ-ਭਾਜਪਾ ਅਤੇ ਕੇਂਦਰ ਸਰਕਾਰ ਉੱਤੇ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਤਿੱਖੇ ਹਮਲੇ ਕੀਤੇ ਹਨ। ਚੀਮਾ ਨੇ ਦੋਸ਼ ਲਾਇਆ ਕਿ ਪੰਜਾਬ ਵਿੱਚ 2007 ਤੋਂ 2017 ਦੌਰਾਨ ਅਕਾਲੀ-ਭਾਜਪਾ ਗਠਜੋੜ ਸਰਕਾਰ ਦੇ ਸ਼ਾਸਨਕਾਲ ਵੇਲੇ ਸੂਬੇ ਅੰਦਰ ਨਸ਼ਿਆਂ ਦਾ ਹੜ੍ਹ ਆਇਆ ਸੀ। ਉਹਨਾਂ ਕਿਹਾ ਕਿ ਪੰਜਾਬੀਆਂ ਨੇ ‘ਚਿੱਟਾ’ ਸ਼ਬਦ ਪਹਿਲੀ ਵਾਰ ਅਕਾਲੀ-ਭਾਜਪਾ ਦੇ ਇਸੇ ਨਾ-ਪਾਕ ਗਠਜੋੜ ਦੇ ਸਮੇਂ ਹੀ ਸੁਣਿਆ ਸੀ, ਜਿਸ ਤੋਂ ਪਹਿਲਾਂ ਇੱਥੇ ਇਸ ਦਾ ਕੋਈ ਨਾਮੋ-ਨਿਸ਼ਾਨ ਨਹੀਂ ਸੀ।ਮੰਤਰੀ ਹਰਪਾਲ ਸਿੰਘ ਚੀਮਾ ਨੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਉਸ ਸਮੇਂ ਦੀ ਸਰਕਾਰ ਦੇ ਅਹੁਦੇਦਾਰਾਂ ਅਤੇ ਆਗੂਆਂ ਦੁਆਰਾ ਸਰਕਾਰੀ ਗੱਡੀਆਂ ਦਾ ਸ਼ਰੇਆਮ ਦੁਰਉਪਯੋਗ ਕੀਤਾ ਜਾਂਦਾ ਸੀ। ਨਸ਼ਾ ਵੇਚਣ ਲਈ ਅੱਗੇ-ਪਿੱਛੇ ਸਰਕਾਰੀ ਗੱਡੀਆਂ ਲਗਾ ਕੇ ਸਪਲਾਈ ਕੀਤੀ ਜਾਂਦੀ ਸੀ ਅਤੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਗਈ। ਉਹਨਾਂ ਯਾਦ ਦਿਵਾਇਆ ਕਿ ਜਦੋਂ ਜਲੰਧਰ ਵਿੱਚ ਈ.ਡੀ. (ਇੰਫੋਰਸਮੈਂਟ ਡਾਇਰੈਕਟੋਰੇਟ) ਦੇ ਇੱਕ ਅਹਿਮ ਅਧਿਕਾਰੀ ਨੇ ਡਰੱਗ ਕੇਸਾਂ ਦੀ ਜਾਂਚ ਕਰਦਿਆਂ ਅਕਾਲੀ ਅਤੇ ਭਾਜਪਾ ਨੇਤਾਵਾਂ ਖ਼ਿਲਾਫ਼ ਸ਼ਿਕੰਜਾ ਕੱਸਣਾ ਸ਼ੁਰੂ ਕੀਤਾ, ਤਾਂ ਉਸ ਦਾ ਤੁਰੰਤ ਤਬਾਦਲਾ ਕਰ ਦਿੱਤਾ ਗਿਆ। ਜੋ ਵੀ ਕੋਈ ਨਸ਼ਿਆਂ ਖ਼ਿਲਾਫ਼ ਆਵਾਜ਼ ਉਠਾਉਂਦਾ ਸੀ, ਅਕਾਲੀ-ਭਾਜਪਾ ਸਰਕਾਰ ਮਿਲ ਕੇ ਉਸ ਨੂੰ ਰਸਤੇ ਤੋਂ ਹਟਾ ਦਿੰਦੀ ਸੀ।ਕੇਂਦਰ ਸਰਕਾਰ ਅਤੇ ਬੀ.ਐਸ.ਐਫ. (BSF) ਦੀ ਭੂਮਿਕਾ ‘ਤੇ ਸਵਾਲ ਚੁੱਕਦਿਆਂ ਚੀਮਾ ਨੇ ਕਿਹਾ ਕਿ ਪੰਜਾਬ ਦੀ ਪਾਕਿਸਤਾਨ ਨਾਲ ਲੱਗਦੀ 555 ਕਿਲੋਮੀਟਰ ਲੰਬੀ ਅੰਤਰਰਾਸ਼ਟਰੀ ਸਰਹੱਦ ਦਾ 55 ਕਿਲੋਮੀਟਰ ਦਾ ਦਾਇਰਾ ਸਿੱਧਾ ਬੀ.ਐਸ.ਐਫ. ਅਤੇ ਕੇਂਦਰ ਦੀ ਭਾਜਪਾ ਸਰਕਾਰ ਦੇ ਅਧੀਨ ਆਉਂਦਾ ਹੈ। ਭਾਜਪਾ ਸਰਕਾਰ ਬਾਰਡਰ ਤੋਂ ਹੁੰਦੀ ਸਮਗਲਿੰਗ ਨੂੰ ਰੋਕਣ ਵਿੱਚ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ।ਦੂਜੇ ਪਾਸੇ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਵਡਿਆਈ ਕਰਦਿਆਂ ਉਹਨਾਂ ਕਿਹਾ ਕਿ ‘ਆਪ’ ਸਰਕਾਰ ਨਸ਼ਿਆਂ ਵਿਰੁੱਧ ਪੂਰੀ ਗੰਭੀਰਤਾ ਨਾਲ ਜੰਗ ਲੜ ਰਹੀ ਹੈ। ਭਗਵੰਤ ਮਾਨ ਦੀ ਅਗਵਾਈ ਹੇਠ ਗਠਿਤ ਹਾਈ ਪਾਵਰ ਕਮੇਟੀ ਰਾਹੀਂ “ਯੁੱਧ ਨਸ਼ਿਆਂ ਦੇ ਵਿਰੁੱਧ” ਮੁਹਿੰਮ ਚਲਾਈ ਜਾ ਰਹੀ ਹੈ। ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਰਾਜ ਹੈ ਜਿਸ ਦੀ ਪੁਲਿਸ ਨੇ ਅੰਤਰਰਾਸ਼ਟਰੀ ਸਮਗਲਿੰਗ ਨੂੰ ਠੱਲ੍ਹ ਪਾਉਣ ਲਈ ‘ਐਂਟੀ-ਡਰੋਨ ਸਿਸਟਮ’ ਸਥਾਪਿਤ ਕੀਤਾ ਹੈ। ਸਰਕਾਰ ਜਿੱਥੇ ਨਸ਼ਾ ਤਸਕਰਾਂ ‘ਤੇ ਸਖ਼ਤੀ ਕਰ ਰਹੀ ਹੈ, ਉੱਥੇ ਹੀ ਨਸ਼ੇ ਦੀ ਗ੍ਰਿਫ਼ਤ ਵਿੱਚ ਆਏ ਨੌਜਵਾਨਾਂ ਦੇ ਮੁੜ ਵਸੇਬੇ ਅਤੇ ਇਲਾਜ ਲਈ ਵੀ ਸਾਰਥਕ ਕਦਮ ਚੁੱਕ ਰਹੀ ਹੈ। ਪੰਜਾਬ ਪੁਲਿਸ ਨੇ ਸਰਹੱਦ ਤੋਂ ਹੁੰਦੀ 90 ਫ਼ੀਸਦੀ ਨਸ਼ਾ ਤਸਕਰੀ ਨੂੰ ਠੱਲ੍ਹ ਪਾ ਦਿੱਤੀ ਹੈ।ਚੀਮਾ ਨੇ ਭਾਜਪਾ ਸ਼ਾਸਿਤ ਸੂਬੇ ਗੁਜਰਾਤ ‘ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਜਿੱਥੇ ਪਿਛਲੇ 30 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਭਾਜਪਾ ਦੀ ਸਰਕਾਰ ਹੈ, ਉੱਥੋਂ ਦੀਆਂ ਬੰਦਰਗਾਹਾਂ ਅਤੇ ਸਰਹੱਦਾਂ ਰਾਹੀਂ ਅੱਜ ਪੂਰੇ ਦੇਸ਼ ਵਿੱਚ ਸਭ ਤੋਂ ਵੱਧ ਨਸ਼ਾ ਸਪਲਾਈ ਕੀਤਾ ਜਾ ਰਹਾ ਹੈ। ਉਹਨਾਂ ਕਿਹਾ ਕਿ ਜਦੋਂ ਵੀ ਪੰਜਾਬ ਜਾਂ ਹੋਰ ਰਾਜਾਂ ਵਿੱਚ ਕੋਈ ਨਸ਼ਾ ਤਸਕਰ ਫੜਿਆ ਜਾਂਦਾ ਹੈ ਅਤੇ ਜਾਂਚ ਵਿੱਚ ਉਸ ਦੇ ਮੁੱਖ ਸਰੋਤ (Source) ਬਾਰੇ ਪੁੱਛਿਆ ਜਾਂਦਾ ਹੈ, ਤਾਂ ਪਹਿਲੇ ਨੰਬਰ ‘ਤੇ ਗੁਜਰਾਤ ਅਤੇ ਦੂਜੇ ਨੰਬਰ ‘ਤੇ ਰਾਜਸਥਾਨ ਦਾ ਨਾਮ ਸਾਹਮਣੇ ਆਉਂਦਾ ਹੈ। ਇਹਨਾਂ ਦੋਵਾਂ ਰਾਜਾਂ ਵਿੱਚ ਭਾਜਪਾ ਦੀ ਸਰਕਾਰ ਹੈ।ਉਹਨਾਂ ਕਿਹਾ ਕਿ ਭਾਜਪਾ ਦੇਸ਼ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਵਿੱਚ ਅਸਫਲ ਰਹੀ ਹੈ, ਇਸ ਲਈ ਉਹ ਗੁਜਰਾਤ ਤੋਂ 1500 ਤੋਂ 2000 ਕਿਲੋਮੀਟਰ ਦੂਰ ਪੰਜਾਬ, ਦਿੱਲੀ ਅਤੇ ਹੋਰਨਾਂ ਸੂਬਿਆਂ ਵਿੱਚ ਨਸ਼ਾ ਭੇਜ ਕੇ ਜਵਾਨੀ ਨੂੰ ਗੁਮਰਾਹ ਅਤੇ ਬਰਬਾਦ ਕਰ ਰਹੀ ਹੈ। ਚੀਮਾ ਨੇ ਦਾਅਵਾ ਕੀਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਗਲੀ-ਮੁਹੱਲੇ ਵਿੱਚ ਨਸ਼ਾ ਵੇਚਣ ਵਾਲੇ ਕਿਸੇ ਵੀ ਪੈਡਲਰ ਜਾਂ ਤਸਕਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਇਹ ਜੰਗ ਨਿਰੰਤਰ ਜਾਰੀ ਰਹੇਗੀ।Read More















