ਚਾਈਨਾ ਡੋਰ ਵਿਰੁੱਧ ਡਿਪਟੀ ਕਮਿਸ਼ਨਰ ਮੈਡਮ ਕੋਮਲ ਮਿੱਤਲ ਅਤੇ ਐਸਐਸਪੀ ਸਰਤਾਜ ਸਿੰਘ ਚਾਹਲ ਦੇ ਦਿਸ਼ਾ ਨਿਰਦੇਸ਼ਾਂ ਤੇ ਹੁਸਿ਼ਆਰਪੁਰ ਦੀ ਸਪੈਸ਼ਲ ਬਰਾਂਚ ਦੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ ਤੇ ਦਸੂਹਾ ਚ ਇਕ ਰਣਨੀਤੀ ਤਹਿਤ 1124 ਚਾਈਨਾ ਡੋਰ ਦੇ ਗੱਟੂ ਬਰਾਮਦ ਕਰਨ ਚ ਸਫਲਤਾ ਹਾਸਿਲ ਕੀਤੀ ਹੈ।
ਜਾਣਕਾਰੀ ਦਿੰਦਿਆਂ ਮੌਕੇ ਤੇ ਮੌਜੂਦ ਅਧਿਕਾਰੀਆਂ ਨੇ ਦੱਸਿਆ ਕਿ ਸਪੈਸ਼ਲ ਬਰਾਂਚ ਦੀ ਟੀਮ ਸ਼ਾਮ ਲਾਲ ਪੁੱਤਰ ਦਰਸ਼ਨ ਸਿੰਘ ਵਾਸੀ ਮਿਸ਼ਨ ਰੋਡ ਦਸੂਹਾ ਤੋਂ ਪਹਿਲਾਂ ਇਕ ਗੱਟੂ ਖਰੀਦਿਆਂ ਤੇ ਫਿਰ ਉਸਨੂੰ ਦਸੂਹਾ ਪੁਲਿਸ ਦੀ ਮੱਦਦ ਨਾਲ ਹਿਰਾਸਤ ਚ ਲੈ ਕੇ ਉਸਦੇ ਗੋਦਾਮ ਚ ਛਾਪਾ ਮਾਰਿਆ ਤਾਂ ਉਥੋਂ 1124 ਗੱਟੂ ਬਰਾਮਦ ਹੋਏ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਕਥਿਤ ਦੋਸ਼ੀ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।