ਲਿੰਕ ਰੋੜ ਤੇ ਲੋਕਾਂ ਨੇ ਝੋਨਾਂ ਲਾਕੇ ਸੂਬਾ ਸਰਕਾਰ ਖਿਲਾਫ਼ ਕੀਤਾ ਰੋਸ਼ ਪ੍ਰਦਰਸ਼ਨ


ਵਿਧਾਨ ਸਭਾ ਦਸੂਹਾ ਵਿੱਚ ਪੈਂਦੇ ਪਿੰਡ ਘਗਵਾਲ ਅਤੇ ਸਵਾਰ ਤੋਂ ਹਾਜੀਪੁਰ ਨੂੰ ਜਾਂਦੇ ਲਿੰਕ ਰੋੜ ਦੀ ਖਸਤਾ ਹਾਲਤ ਕਾਰਨ ਲੋਕ ਪਿਛਲੇ ਦੋ ਸਾਲ ਤੋਂ ਪਰੇਸ਼ਾਨ ਹਨ। ਜਿਸਦੇ ਚਲਦਿਆਂ ਲੋਕਾਂ ਨੇ ਪਿਛਲੀ ਸਰਕਾਰ ਨੂੰ ਅਲਵਿਦਾ ਕਹਿਣ ਲਈ ਇਸ ਆਸ ਨਾਲ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਸਨ ਕਿ ਉਹ ਲੋਕਾਂ ਨੂੰ ਲਿੰਕ ਸੜਕਾਂ ਚੰਗਿਆਂ ਬਣਾ ਕੇ ਦੇਵੇਗੀ। ਪਰ ਲਗਭੱਗ 14 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਘਗਵਾਲ ਦੇ ਲਿੰਕ ਰੋੜਾਂ ਨੂੰ ਬਨਾਉਣ ਵਿੱਚ ਕਿਸੇ ਕਿਸਮ ਦੀ ਦਿਲਚਸਪੀ ਨਹੀਂ ਵਿਖਾਈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸੜਕ ਤੇ ਪਏ ਵੱਡੇ ਵੱਡੇ ਖੱਢਿਆਂ ਵਿੱਚ ਖੜੇ ਬਰਸਾਤੀ ਪਾਣੀ ਵਿੱਚ ਝੋਨੇ ਦੀ ਫਸਲ ਲਗਾਉਂਦਿਆਂ ਨੌਜਵਾਨਾਂ ਨੇ ਰੋਸ ਪ੍ਰਦਰਸ਼ਨ ਕੀਤਾ। ਉਪਰੋਕਤ ਲਿੰਕ ਸੜਕਾਂ ਤੇ ਲੋਕ ਚੱਲਣ ਲਈ ਮਜ਼ਬੂਰ ਹਨ,ਪਰ ਜਦੋਂ ਕਿਸੇ ਮਰੀਜ਼ ਨੂੰ ਇਨ੍ਹਾਂ ਸੜਕਾਂ ਤੋਂ ਹਸਪਤਾਲ ਲਿਜਾਣਾ ਪੈਂਦਾ ਹੈ ਤਾਂ ਮਰੀਜ਼ ਦੇ ਪਰਿਵਾਰ ਦੇ ਮੰਨ ਵਿੱਚ ਕਿਹੋ ਜਿਹਾ ਡਰ ਬੈਠਦਾ ਹੈ, ਇਹ ਤਾਂ ਉਹੀ ਪਰਿਵਾਰ ਜਾਣਦਾ ਹੈ। ਹਲਕਾ ਵਿਧਾਇਕ ਕਰਮਵੀਰ ਘੁੰਮਣ ਜੋ ਅਕਸਰ ਕੰਢੀ ਖੇਤਰ ਵਿੱਚ ਵਿਚਰਦੇ ਹਨ, ਉਹ ਕਦੇ ਇਨ੍ਹਾਂ ਦੋਵੇਂ ਲਿੰਕ ਸੜਕਾਂ ਨੂੰ ਵੀ ਵੇਖਣ।

ਉਕਤ ਸੜਕਾਂ ਦੀ ਮੰਦੀ ਹਾਲਤ ਵੇਖ ਕੇ ਸ਼ਇਦ ਉਹ ਇਸ ਵੱਲ ਧਿਆਨ ਦੇਣ ਦਾ ਮੰਨ ਬਣਾਕੇ ਇਨ੍ਹਾਂ ਸੜਕਾਂ ਦਾ ਕੰਮ ਸ਼ੁਰੂ ਕਰਵਾ ਦੇਣ। ਇਲਾਕੇ ਭਰ ਲੋਕਾਂ ਨੇ ਕਿਹਾ ਕਿ ਉਕਤ ਸੜਕਾਂ ਨੂੰ ਸਰਕਾਰ ਬਣਾ ਨਹੀਂ ਰਹੀ ਅਤੇ ਲੋਕ ਉਨ੍ਹਾਂ ਸੜਕਾਂ ਦੀ ਖਸਤਾ ਹਾਲਤ ਕਾਰਣ ਪਰੇਸ਼ਾਨ ਹਨ। ਜਿਸ ਕਰਕੇ ਉਨ੍ਹਾਂ ਨੂੰ ਸੜਕਾਂ ਤੇ ਝੋਨੇ ਦੀ ਫਸਲ ਲਗਾਉਣ ਲਈ ਮਜ਼ਬੂਰ ਹੋਣਾ ਪਿਆ। ਤਾਂ ਜੋ ਸੂਬਾ ਸਰਕਾਰ ਤੱਕ ਲੋਕਾਂ ਨੂੰ ਆ ਰਹੀ ਇਸ ਪਰੇਸ਼ਾਨੀ ਦੀ ਗੱਲ ਸਰਕਾਰ ਤੱਕ ਪਹੁੰਚ ਸਕੇ। ਲੋਕਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਇਹੋ ਜਿਹੇ ਰੋਸ਼ ਪ੍ਰਦਰਸ਼ਨ ਕਰਕੇ ਹੀ ਕੰਮ ਕਰਵਾਉਣੇ ਪੈਣਗੇ ਤਾਂ ਫੇਰ ਬਦਲਾਵ ਕਿੱਥੇ ਆਇਆ । ਉਨ੍ਹਾਂ ਨੇ ਸੂਬਾ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਜਲਦੀ ਉਪਰੋਕਤ ਲਿੰਕ ਸੜਕਾਂ ਦੀ ਉਸਾਰੀ ਦਾ ਕੰਮ ਨਹੀਂ ਲਗਾਇਆ ਗਿਆ ਤਾਂ ਕਰੀਬ ਇੱਕ ਦਰਜਨ ਪਿੰਡਾਂ ਦੇ ਲੋਕਾਂ ਨੂੰ ਸੂਬਾ ਸਰਕਾਰ ਦੇ ਖਿਲਾਫ਼ ਤਿੱਖਾ ਸੰਘਰਸ਼ ਛੇੜਨ ਲਈ ਮਜ਼ਬੂਰ ਹੋਣਗੇ। ਜਦੋਂ ਇਸ ਸਬੰਧੀ ਵਿਧਾਇਕ ਕਰਮਵੀਰ ਸਿੰਘ ਘੁੰਮਣ ਦੇ ਨਾਲ ਸਪੰਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਦੋ ਦਿਨ ਲਈ ਚੰਡੀਗੜ੍ਹ ਲਈ ਗਏ ਹੋਏ ਹਨ ।

See also   ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਿਚਲ ਨਗਰ ਸਾਹਿਬ ਵਿਖੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮਾਂ ਵਿੱਚ ਸ਼ਾਮਲ ਹੋਣ ਸਮੇਂ ਲੋਕ ਨਿਰਮਾਣ ਮੰਤਰੀ ਵੱਲੋਂ ਖੂਨਦਾਨ