ਕਿਸਾਨ ਮਜਦੂਰ ਜਥੇਬੰਦੀ ਵੱਲੋਂ ਸੈਂਕੜੇ ਔਰਤਾਂ ਮਹਿਲਾ ਪਹਿਲਵਾਨਾਂ ਦੇ ਮੋਰਚੇ ਦੀ ਹਮਾਇਤ ‘ਚ ਦਿੱਲੀ ਰਵਾਨਾ

ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਅੱਜ ਸੈਂਕੜੇ ਔਰਤਾਂ ਦਾ ਕਾਫ਼ਲਾ ਦਿੱਲੀ ਦੇ ਜੰਤਰ ਮੰਤਰ ਤੇ ਚੱਲ ਰਹੇ ਮਹਿਲਾ ਪਹਿਲਵਾਨਾਂ ਦੇ ਮੋਰਚੇ ਦੀ ਹਮਾਇਤ ਲਈ ਬਿਆਸ ਪੁਲ ਤੋਂ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਅਤੇ ਜਥੇਬੰਦੀ ਦੇ ਸੀਨੀਅਰ ਆਗੂ ਸਰਵਣ ਸਿੰਘ ਪੰਧੇਰ ਦੀ ਅਗਵਾਹੀ ਵਿੱਚ ਰਵਾਨਾ ਹੋਇਆ । ਓਹਨਾ ਕਿਹਾ ਕਿ ਜਥੇਬੰਦੀ ਪਹਿਲਵਾਨਾਂ ਦੁਆਰਾ 28 ਮਈ ਨੂੰ ਸੰਸਦ ਵੱਲ ਸ਼ਾਂਤਮਈ ਮਾਰਚ ਕਰਨ ਦੇ ਸੱਦੇ ਦਾ ਪੂਰਨ ਸਮਰਥਨ ਕਰਦੀ ਹੈ । ਆਗੂਆਂ ਨੇ ਕਿਹਾ ਕਿ ਇੱਕ ਪਾਸੇ ਦੇਸ਼ ਦਾ ਨਾਮ ਦੁਨੀਆ ਦੇ ਰੌਸ਼ਨ ਕਰਨ ਵਾਲੀਆਂ ਧੀਆਂ ਅੱਜ ਜੌਨ ਸੋਸ਼ਣ ਦਾ ਇਨਸਾਫ ਮੰਗਦੇ ਹੋਏ ਦਿਨ ਰਾਤ ਸੜਕ ਤੇ ਸੌਂ ਰਹੀਆਂ ਹਨ ਜਦਕਿ ਦੂਜੇ ਪਾਸੇ ਦੁਨੀਆ ਦੇ ਦੂਜੇ ਸਭ ਤੋਂ ਵੱਡੇ ਲੋਕਤੰਤਰ ਅਖਵਾਉਣ ਵਾਲੇ ਦੇਸ਼ ਦੇ ਸਿਆਸਤਦਾਨਾਂ ਵੱਲੋਂ ਨਵੀਂ ਸੰਸਦ ਦੀ ਇਮਾਰਤ ਬਣਾਉਣ ਵਰਗੇ ਬੇਲੋੜੇ ਕੰਮ ਕੀਤੇ ਜਾ ਰਹੇ ਹਨ ਜੋ ਕਿ ਅਤਿ ਨਿੰਦਣਯੋਗ ਹੈ । ਓਹਨਾ ਕਿਹਾ ਕਿ ਮੋਦੀ ਸਰਕਾਰ ਤੁਰੰਤ ਬ੍ਰਿਜ ਭੂਸ਼ਨ ਸ਼ਰਨ ਸਿੰਘ ਤੇ ਕਾਰਵਾਈ ਕਰਦੇ ਹੋਏ ਉਸਨੂੰ ਸੰਸਦ ਤੋਂ ਬਰਖਾਸਤ ਕਰਕੇ ਜੇਲ੍ਹ ਵਿੱਚ ਬੰਦ ਕਰੇ, ਦੇਸ਼ ਦੀਆਂ ਸਭ ਕਿਸਾਨ ਮਜਦੂਰ ਜਥੇਬੰਦੀਆਂ ਪਹਿਲਵਾਨਾਂ ਦੇ ਨਾਲ ਖੜੀਆਂ ਹਨ । ਸੂਬਾ ਜਨਰਲ ਸਕੱਤਰ ਰਾਣਾ ਰਣਬੀਰ ਸਿੰਘ ਅਤੇ ਸੂਬਾ ਪ੍ਰੈਸ ਸਕੱਤਰ ਕੰਵਰਦਲੀਪ ਸੈਦੋਲੇਹਲ ਨੇ ਜਾਣਕਾਰੀ ਦਿੰਦੇ ਕਿਹਾ ਕਿ ਜਥੇਬੰਦੀ ਵੱਲੋਂ ਸੂਬਾ ਕਮੇਟੀ ਦੀ ਮੀਟਿੰਗ ਸੱਦ ਕੇ 29,30,31 ਮਈ ਨੂੰ ਬੀ.ਕੇ.ਯੂ ਏਕਤਾ ਆਜ਼ਾਦ ਨਾਲ ਤਾਲਮੇਲਵੇ ਰੂਪ ਵਿੱਚ ਪਾਣੀਆਂ ਨੂੰ ਲੈ ਕੇ 10 ਜਗ੍ਹਾ ਤੇ ਲੱਗਣ ਵਾਲੇ ਮੋਰਚਿਆਂ ਦੀਆਂ ਤਿਆਰੀਆਂ ਦੇ ਜਾਇਜ਼ੇ ਲੈ ਲਏ ਗਏ ਹਨ ।

ਇਸ ਮੌਕੇ ਸੂਬਾ ਆਗੂ ਸਤਨਾਮ ਸਿੰਘ ਪੰਨੂ ਨੇ ਕਿਹਾ ਕਿ ਸੂਬਾ ਸਰਕਾਰ ਪੰਚਾਇਤੀ ਜਮੀਨਾਂ ਛੁਡਵਾਉਣ ਦੀ ਆੜ ਹੇਠ ਕਿਸਾਨਾਂ ਤੇ ਮਜਦੂਰਾਂ ਦੁਆਰਾ ਖੂਨ ਪਸੀਨਾ ਡੋਲ੍ਹ ਕੇ ਸਰਕਾਰਾਂ ਦੇ ਸੱਦੇ ਤੇ ਆਬਾਦ ਕੀਤੀਆਂ ਜਮੀਨਾਂ ਖੋਹਣ ਵਾਲਾ ਘਿਨੌਣਾ ਕਰਮ ਕਰਕੇ ਬੇਲੋੜੇ ਵਿਵਾਦ ਨੂੰ ਹਵਾ ਨਾ ਦੇਵੇ ਤਾਂ ਬੇਹਤਰ ਹੋਵੇਗਾ, ਓਹਨਾ ਕਿਹਾ ਕਿ ਜਥੇਬੰਦੀ ਪੰਚਾਇਤੀ ਜਮੀਨ ਦੱਬਣ ਵਾਲਿਆਂ ਦ ਹੱਕ ਵਿੱਚ ਨਹੀਂ, ਪਰ ਲੋਕ ਦੁਆਰਾ ਆਬਾਦ ਕੀਤੀਆਂ ਜੁਮਲਾ ਮੁਸਤਰਕਾ ਜਮੀਨਾਂ ਨੂੰ ਸਰਕਾਰ ਵਲੋਂ ਪੰਚਾਇਤੀ ਬਣਾ ਕੇ ਖੋਹਣ ਦਾ ਡਟਵਾਂ ਵਿਰੋਧ ਕੀਤਾ ਜਾਵੇਗਾ ਅਤੇ ਕਿਸੇ ਵੀ ਕੀਮਤ ਤੇ ਅਜਿਹਾ ਨਹੀਂ ਹੋਣ ਦਿੱਤਾ ਜਾਵੇਗਾ । ਓਹਨਾ ਸਰਕਾਰ ਵੱਲੋਂ ਸਮਾਜਿਕ ਕਾਰਕੁਨ ਅਤੇ ਲੋਕ ਪੱਖ ਚ ਲਿਖਣ ਵਾਲੀ ਡਾ. ਨਵਸ਼ਰਨ ਕੌਰ ਦੇ ਖਿਲਾਫ ਸਰਕਾਰਾਂ ਵੱਲੋਂ ਬਦਲੇ ਦੀ ਭਾਵਨਾ ਨਾਲ ਕੀਤੀ ਜਾ ਰਹੀ ਕਾਰਵਾਈ ਦੀ ਨਿਖੇਧੀ ਕਰਦੇ ਹੋਏ ਚੇਤਾਵਨੀ ਦਿੱਤੀ ਕਿ ਸਰਕਾਰਾਂ ਅਜਿਹੇ ਬੁਧੀਜੀਵੀ ਵਰਗ ਨੂੰ ਤੰਗ ਕਰਨਾ ਬੰਦ ਕਰੇ । ਇਸ ਮੌਕੇ ਕੰਧਾਰ ਸਿੰਘ ਭੋਏਵਾਲ, ਦਿਆਲ ਸਿੰਘ ਮੀਆਂਵਿੰਡ, ਬਲਵਿੰਦਰ ਸਿੰਘ ਚੋਹਲਾ, ਬੀਬੀ ਰਣਜੀਤ ਕੌਰ ਕੱਲ੍ਹਾ, ਬੀਬੀ ਰੁਪਿੰਦਰ ਕੌਰ ਅਬਦਾਲ, ਬਿਨੀ ਕੰਵਲਜੀਤ ਕੌਰ ਵਡਾਲਾ, ਬੀਬੀ ਦਵਿੰਦਰ ਕੌਰ ਪੰਧੇਰ, ਬੀਬੀ ਪਰਮਿੰਦਰ ਕੌਰ, ਬੀਬੀ ਰਤਨ ਕੌਰ, ਬੀਬੀ ਵੀਰ ਕੌਰ ਹਾਜ਼ਿਰ ਸਨ ।

See also  ਸਰਕਾਰੀ ਸਕੂਲਾਂ ਦੀ ਅਧਿਆਪਕ ਯੂਨੀਅਨ 'ਤੇ ਬੱਚਿਆਂ ਵੱਲੋਂ ਪੁਲਿਸ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ