ਇਲਾਕੇ ਚ ਦੁਸ਼ਮਣੀ ਦੇ ਚੱਲਦਿਆਂ ਹਮਲਾਵਰਾਂ ਵੱਲੋਂ ਦੁਕਾਨ ਦੀ ਕੀਤੀ ਭੰਨ-ਤੌੜ ਤੇ ਇੱਕ ਵਿਅਕਤੀ ਨੂੰ ਕੀਤਾ ਜ਼ਖਮੀ

ਅੰਮ੍ਰਿਤਸਰ ਦੇ ਥਾਣਾ ਹੇਰ ਕੰਬੋਜ ਦੇ ਪੰਡੌਰੀ ਵੜੈਚ ਇਲਾਕੇ ਵਿੱਚ ਦੁਸ਼ਮਣੀ ਦੇ ਚੱਲਦਿਆਂ ਹਥਿਆਰਬੰਦ ਹਮਲਾਵਰਾਂ ਵੱਲੋਂ ਇੱਕ ਦੁਕਾਨ ਦੀ ਭੰਨ-ਤੋੜ ਕਰਕੇ ਇੱਕ ਵਿਅਕਤੀ ਨੂੰ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦਿਆਂ ਸਾਬਕਾ ਸਰਪੰਚ ਇਕਬਾਲ ਸਿੰਘ ਨੇ ਦੱਸਿਆ ਕਿ ਮੰਗਲਵਾਰ ਸਵੇਰੇ 10 ਵਜੇ ਦੇ ਕਰੀਬ ਦੋ ਦਰਜਨ ਦੇ ਕਰੀਬ ਵਿਅਕਤੀ 4 ਕਾਰਾਂ ਅਤੇ 5 ਮੋਟਰਸਾਈਕਲਾਂ ‘ਤੇ ਆਏ ਜੋ ਤੇਜ਼ਧਾਰ ਹਥਿਆਰਾਂ ਨਾਲ ਲੈਸ ਸਨ। ਹਮਲਾਵਰ ਜਿਵੇਂ ਹੀ ਦੁਕਾਨ ਦੇ ਅੰਦਰ ਦਾਖਲ ਹੋਏ, ਉਨ੍ਹਾਂ ਨੇ ਇਸ ਦੀ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ। ਦੁਕਾਨ ‘ਤੇ ਬੈਠੇ ਗੁਰਮੁੱਖ ਸਿੰਘ ਨੇ ਜਦੋਂ ਹਮਲਾਵਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਹਮਲਾਵਰਾਂ ਨੇ ਉਸ ‘ਤੇ ਹਮਲਾ ਕਰ ਦਿੱਤਾ ਅਤੇ ਉਸ ਨੂੰ ਜ਼ਖਮੀ ਕਰਨ ਤੋਂ ਬਾਅਦ ਦੁਕਾਨ ਦੇ ਨਾਲ ਲੱਗਦੇ ਦੋ ਸਾਈਕਲ ਅਤੇ ਸਕੂਟੀ ਦੀ ਭੰਨ-ਤੋੜ ਕੀਤੀ ਅਤੇ ਧਮਕੀਆਂ ਦਿੰਦੇ ਹੋਏ ਭੱਜ ਗਏ। ਜਾਂਦੇ ਸਮੇਂ ਹਮਲਾਵਰ ਮੇਜ਼ ਦੇ ਗਲੇ ਵਿੱਚ ਰੱਖੀ 35 ਹਜ਼ਾਰ ਦੀ ਰਾਸ਼ੀ ਵੀ ਆਪਣੇ ਨਾਲ ਲੈ ਗਏ। ਜਿਸ ਸਮੇਂ ਹਮਲਾਵਰਾਂ ਨੇ ਹਮਲਾ ਕੀਤਾ, ਉਸ ਸਮੇਂ ਇਹ ਸਾਰੀ ਘਟਨਾ ਨੇੜੇ ਦੀ ਦੁਕਾਨ ‘ਤੇ ਲੱਗੇ ਕਲੋਜ਼ ਸਰਕਟ ਕੈਮਰੇ (ਸੀ.ਸੀ.ਟੀ.ਵੀ.) ‘ਚ ਕੈਦ ਹੋ ਗਈ।

\ਉਨ੍ਹਾਂ ਦੱਸਿਆ ਕਿ ਉਕਤ ਹਮਲਾਵਰਾਂ ਦੀ ਕੁਝ ਦਿਨ ਪਹਿਲਾਂ ਵਿਆਹ ਸਮਾਗਮ ‘ਚ ਮਨਦੀਪ ਸਿੰਘ ਨਾਲ ਲੜਾਈ ਹੋਈ ਸੀ, ਜਿਸ ਦੀ ਰੰਜਿਸ਼ ਵੀ ਰੱਖੀ ਗਈ ਸੀ ਅਤੇ ਉਕਤ ਹਮਲਾ ਇਸੇ ਦੁਸ਼ਮਣੀ ਕਾਰਨ ਕੀਤਾ ਗਿਆ ਹੈ | ਉਕਤ ਸਾਬਕਾ ਸਰਪੰਚ ਇਕਬਾਲ ਸਿੰਘ ਨੇ ਦੋਸ਼ ਲਾਇਆ ਕਿ ਇਹ ਸਭ ਕੁਝ ਆਮ ਆਦਮੀ ਪਾਰਟੀ ਦੇ ਹਲਕਾ ਅਟਾਰੀ ਦੇ ਵਿਧਾਇਕ ਜਸਵਿੰਦਰ ਸਿੰਘ ਰਮਦਾਸ ਦੀ ਸ਼ਹਿ ‘ਤੇ ਹੋ ਰਿਹਾ ਹੈ। ਕਿਉਂਕਿ ਹਮਲਾਵਰ ਆਮ ਆਦਮੀ ਪਾਰਟੀ ਨਾਲ ਸਬੰਧਤ ਹਨ। ਵਿਧਾਇਕ ਦੇ ਦਬਾਅ ਕਾਰਨ ਪੁਲੀਸ ਕਾਰਵਾਈ ਕਰਨ ਵਿੱਚ ਢਿੱਲ ਮਚਾ ਰਹੀ ਹੈ। ਕਿਉਂਕਿ ਹਮਲਾਵਰਾਂ ਦੀ ਕੁਝ ਦਿਨ ਪਹਿਲਾਂ ਦੁਕਾਨ ਦੇ ਮਾਲਕ ਨਾਲ ਲੜਾਈ ਵੀ ਹੋਈ ਸੀ ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਜੇਕਰ ਪੁਲਿਸ ਨੇ ਕਾਰਵਾਈ ਕੀਤੀ ਹੁੰਦੀ ਤਾਂ ਅੱਜ ਇਹ ਹਮਲਾ ਨਾ ਹੋਣਾ ਸੀ। ਪੀੜਤਾਂ ਨੇ ਇਨਸਾਫ਼ ਦੀ ਗੁਹਾਰ ਲਗਾਉਂਦੇ ਹੋਏ ਉਕਤ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।

See also  ਪਾਕਿਸਤਾਨ ਵੱਲੋ ਮੁੜ ਦਾਖ਼ਲ ਹੋਇਆ ਭਾਰਤੀ ਸਰਹੱਦ ਅੰਦਰ ਡਰੋਨ।

ਇਸ ਸਬੰਧ ਵਿੱਚ ਪੁਲੀਸ ਚੌਕੀ ਬੱਲ ਕਲਾਂ ਦੇ ਇੰਚਾਰਜ ਜਸਬੀਰ ਸਿੰਘ ਨੇ ਦੱਸਿਆ ਕਿ ਦੋਵਾਂ ਧਿਰਾਂ ਵੱਲੋਂ ਸ਼ਿਕਾਇਤਾਂ ਆਈਆਂ ਹਨ। ਦੋਵੇਂ ਪਾਸੇ ਦੇ ਆਦਮੀ ਜ਼ਖਮੀ ਹੋਏ ਹਨ। ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ ਪੁਲਿਸ ‘ਤੇ ਕੋਈ ਦਬਾਅ ਨਹੀਂ ਹੈ, ਨਿਰਪੱਖ ਜਾਂਚ ਕੀਤੀ ਜਾ ਰਹੀ ਹੈ, ਜੋ ਵੀ ਦੋਸ਼ੀ ਪਾਇਆ ਗਿਆ, ਉਸ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।