ਅੰਮ੍ਰਿਤਸਰ ਦੇ ਇਲਾਕੇ ਮੋਹਕਮਪੂਰਾ ਦੇ ਵਿਚ ਹੋਇਆ ਅਨੋਖਾ ਵਿਆਹ

ਅੰਮ੍ਰਿਤਸਰ ਦੇ ਇਲਾਕੇ ਮੋਹਕਮਪੂਰਾ ਦੇ ਵਿੱਚ ਅੱਜ ਇੱਕ ਅਜੀਬ ਹੀ ਵਿਆਹ ਦੇਖਣ ਨੂੰ ਮਿਲਿਆ। ਦੱਸਣਯੋਗ ਹੈ ਕਿ ਕੋਟਕਪੂਰਾ ਇਲਾਕੇ ਦੀਆਂ ਮੜ੍ਹੀਆਂ ਦੇ ਵਿਚ ਲੰਮੇਂ ਸਮੇਂ ਤੋਂ ਦਾਦੀ ਅਤੇ ਪੋਤੀ ਰਹਿ ਰਹੀਆਂ ਸਨ। ਆਪਣੀ ਇਮਾਨਦਾਰੀ ਅਤੇ ਨਿੱਘੇ ਸੁਭਾਅ ਦੇ ਚੱਲਦਿਆਂ ਦੋਵੇਂ ਦਾਦੀ ਅਤੇ ਪੋਤੀ ਇਲਾਕੇ ਦੇ ਲੋਕਾਂ ਦੀਆਂ ਹਰਮਨ ਪਿਆਰੀਆਂ ਹਨ। ਅੱਜ ਇਸ ਗਰੀਬ ਮੜੀਆਂ ਵਿਚ ਰਹਿਣ ਵਾਲੀ ਲੜਕੀ ਦਾ ਵਿਆਹ ਸਾਰੇ ਇਲਾਕਾ ਨਿਵਾਸੀਆਂ ਨੇ ਇਕੱਠੇ ਹੋ ਕੇ ਕੀਤਾ।


ਇਲਾਕਾ ਨਿਵਾਸੀਆਂ ਨੇ ਹੀ ਲੜਕੀ ਲਈ ਮੁੰਡਾ ਲੱਭਿਆ ਅਤੇ ਉਸ ਦੇ ਸਾਰੇ ਕਾਰਜ ਆਪਣੇ ਹਥੀਂ ਕੀਤੇ। ਸਭ ਤੋਂ ਵੱਡੀ ਗੱਲ ਇਹ ਰਹੀ ਕਿ ਉਹ ਮੜ੍ਹੀਆਂ ਦੇ ਵਿੱਚ ਰਹਿਣ ਵਾਲੀ ਲੜਕੀ ਦੀ ਬਰਾਤ ਵੀ ਮੜ੍ਹੀਆਂ ਵਿਚ ਆਈ। ਵਿਆਹ ਦੀਆਂ ਸਾਰੀਆਂ ਰਸਮਾਂ ਮੜ੍ਹੀਆਂ ਦੇ ਵਿਚ ਹੀ ਪੂਰੀਆਂ ਕੀਤੀਆਂ ਗਈਆਂ। ਇਸ ਮੌਕੇ ਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਇਲਾਕਾ ਨਿਵਾਸੀ ਅਸ਼ੋਕ ਕੁਮਾਰ, ਮਨਦੀਪ ਸਿੰਘ ਅਤੇ ਰਾਜੇਸ਼ ਕੁਮਾਰ ਨੇ ਦੱਸਿਆ ਕਿ ਉਕਤ ਦਾਦੀ ਪੋਤੀ ਪਿਛਲੇ ਲੰਮੇ ਸਮੇਂ ਤੋਂ ਉਨ੍ਹਾਂ ਦੇ ਇਲਾਕੇ ਦੇ ਵਿੱਚ ਬਣੀਆਂ ਮੜ੍ਹੀਆਂ ਅੰਦਰ ਇਕ ਛੋਟੇ ਜਿਹੇ ਕਮਰੇ ਵਿੱਚ ਰਹਿ ਰਹੀਆਂ ਹਨ।


ਉਨ੍ਹਾਂ ਦੱਸਿਆ ਕਿ ਅੱਜ ਮੜ੍ਹੀਆਂ ਦੇ ਵਿਚ ਹੀ ਉਕਤ ਲੜਕੀ ਦੀ ਬਰਾਤ ਆਈ ਹੈ ਅਤੇ ਲੜਕੀ ਦੇ ਵਿਆਹ ਦਾ ਸਾਰਾ ਪ੍ਰਬੰਧ ਇਲਾਕਾ ਨਿਵਾਸੀਆਂ ਵੱਲੋਂ ਕੀਤਾ ਗਿਆ ਹੈ। ਇੱਥੋਂ ਤਕ ਕਿ ਲੜਕੀ ਲਈ ਮੁੰਡਾ ਵੀ ਇਲਾਕਾ ਨਿਵਾਸੀਆਂ ਨੇ ਰਲ ਕੇ ਲੱਭਿਆ ਹੈ। ਉਨ੍ਹਾਂ ਦੱਸਿਆ ਕਿ ਕੁਝ ਲੋਕ ਭਾਵੇ ਮੜ੍ਹੀਆਂ ਦੇ ਸਬੰਧ ਵਿੱਚ ਕਈ ਵਿਚਾਰ ਕਰਦੇ ਹਨ, ਪਰ ਅੱਜ ਉਕਤ ਲੜਕੀ ਦੀ ਬਰਾਤ ਸਿੱਧੀ ਮੜ੍ਹੀਆਂ ਵਿੱਚ ਆਈ ਅਤੇ ਵਿਆਹ ਦੀਆਂ ਸਾਰੀਆਂ ਰਸਮਾਂ ਮੜ੍ਹੀਆਂ ਵਿੱਚ ਵੀ ਪੂਰੀਆਂ ਕੀਤੀਆਂ ਗਈਆਂ।


ਇਸ ਮੌਕੇ ਤੇ ਉਕਤ ਲੜਕੀ ਦੀ ਦਾਦੀ ਪ੍ਰਕਾਸ਼ ਕੌਰ ਨੇ ਦੱਸਿਆ ਕਿ ਉਹ ਬੇਹੱਦ ਖੁਸ਼ ਹੈ ਕਿ ਅੱਜ ਇਲਾਕਾ ਵਾਸੀਆਂ ਦੀ ਮਦਦ ਨਾਲ ਉਸ ਦੀ ਧੀ ਆਪਣੇ ਸਹੁਰੇ ਘਰ ਚਲੇ ਗਈ ਹੈ। ਉਸ ਨੇ ਕਿਹਾ ਕਿ ਉਹ ਇਸ ਲਈ ਸਾਰੇ ਇਲਾਕਾ ਨਿਵਾਸੀਆਂ ਦਾ ਧੰਨਵਾਦ ਕਰਦੀ ਹੈ।

See also  ਜਲਾਲਾਬਾਦ ਨੇੜੇ ਸੜਕੀ ਹਾਦਸੇ ਦੌਰਾਨ ਦੋ ਜ਼ਖਮੀ ਹਾਲਤ ਗੰਭੀਰ