Punjab Budget Session: ਪੰਜਾਬ ਵਿਧਾਨ ਸਭਾ ਵਿੱਚ ਅੱਜ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਵਿਰੁੱਧ ਪੇਸ਼ ਕੀਤਾ ਗਿਆ ‘ਨਿੰਦਾ ਮਤਾ’ (Censure Motion) ਭਾਰੀ ਹੰਗਾਮੇ ਅਤੇ ਬਹਿਸ ਤੋਂ ਬਾਅਦ ਪਾਸ ਕਰ ਦਿੱਤਾ ਗਿਆ ਹੈ। ਔਰਤਾਂ ਵਿਰੁੱਧ ਵਰਤੀ ਗਈ ਕਥਿਤ ਅਪਮਾਨਜਨਕ ਸ਼ਬਦਾਵਲੀ ਦੇ ਮੁੱਦੇ ’ਤੇ ਸੱਤਾ ਪੱਖ ਵੱਲੋਂ ਲਿਆਂਦੇ ਗਏ ਇਸ ਮਤੇ ’ਤੇ ਸਦਨ ਵਿੱਚ ਤਿੱਖੀ ਨੋਕ-ਝੋਕ ਹੋਈ। ਸਦਨ ਵਿੱਚ ਨਿੰਦਾ ਪ੍ਰਸਤਾਅ ਤੇ ਬਹਿਸ ਮਗਰੋਂ ਜ਼ੁਬਾਨੀ ਵੋਟਿੰਗ ਹੋਈ। ਸਪੀਕਰ ਨੇ ਜ਼ੁਬਾਨੀ ਵੋਟਿੰਗ ਲਈ ਕਾਂਗਰਸੀ ਵਿਧਾਇਕਾਂ ਨੂੰ ਲਗਾਤਾਰ ਤਿੰਨ ਮੌਕੇ ਦਿੱਤੇ, ਪਰ ਕਾਂਗਰਸੀ ਵਿਧਾਇਕਾ ਨੇ ਪੂਰੀ ਤਰ੍ਹਾਂ ਚੁੱਪ ਵੱਟੀ ਰੱਖੀ। ਇਸ ’ਤੇ ਸਪੀਕਰ ਨੇ ਸਪੱਸ਼ਟ ਕੀਤਾ ਕਿ ਕਾਂਗਰਸੀ ਵਿਧਾਇਕਾਂ ਦੀ ਇਸ ਚੁੱਪ ਨੂੰ ਮਤੇ ਦੇ ਵਿਰੋਧ (ਨਾਂਹ) ਵਿੱਚ ਮੰਨਿਆ ਜਾਵੇਗਾ।ਦੱਸ ਦਈਏ ਕਿ ਇਸ ਤੋਂ ਪਹਿਲਾਂ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਵਿੱਚ ਅੱਜ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੱਲੋਂ ਔਰਤਾਂ ਨੂੰ 1000 ਰੁਪਏ ਦੇਣ ਸਬੰਧੀ ਪਾਈ ਗਈ ਇੱਕ ਸੋਸ਼ਲ ਮੀਡੀਆ ਪੋਸਟ ਨੇ ਸਿਆਸੀ ਭੂਚਾਲ ਲਿਆ ਦਿੱਤਾ ਸੀ। ‘ਆਪ’ ਵਿਧਾਇਕਾ ਸਰਬਜੀਤ ਕੌਰ ਮਾਣੂਕੇ ਨੇ ਸਦਨ ਵਿੱਚ ਖਹਿਰਾ ਵਿਰੁੱਧ ‘ਨਿੰਦਾ ਮਤਾ’ (Censure Motion) ਪੇਸ਼ ਕੀਤਾ, ਜਿਸ ਦੀ ਪ੍ਰੌੜਤਾ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੀਤੀ ਸੀ। ਮਾਣੂਕੇ ਨੇ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਖਹਿਰਾ ਦੀ ਟਿੱਪਣੀ ਔਰਤਾਂ ਦੇ ਸਨਮਾਨ ਦੇ ਖ਼ਿਲਾਫ਼ ਹੈ ਅਤੇ ਇਸ ਲਈ ਉਨ੍ਹਾਂ ਨੂੰ ਜਨਤਕ ਤੌਰ ’ਤੇ ਮੁਆਫ਼ੀ ਮੰਗਣੀ ਚਾਹੀਦੀ ਹੈ। ਇਸ ਤੋਂ ਪਹਿਲਾਂ ‘ਆਪ’ ਵਿਧਾਇਕਾ ਇੰਦਰਜੀਤ ਕੌਰ, ਜੀਵਨਜੋਤ ਕੌਰ ਅਤੇ ਡਾ. ਅਮਨਦੀਪ ਅਰੋੜਾ ਸਰਬਜੀਤ ਕੌਰ ਮਾਣੂਕੇ ਸਪੀਕਰ ਦੀ ਕੁਰਸੀ ਕੋਲ ਜਾ ਕੇ ਖਹਿਰਾ ਖਿਲਾਫ਼ ਨਾਅਰੇਬਾਜ਼ੀ ਕੀਤੀ ਸੀ
ਮੈਡੀਕਲ ਕਾਲਜਾਂ ਦੀ ਉਸਾਰੀ ਦੇ ਮੁੱਦੇ ਨੂੰ ਲੈ ਕੇ ਸੱਤਾ ਪੱਖ ਅਤੇ ਵਿਰੋਧੀ ਧਿਰ ਵਿਚਾਲੇ ਜ਼ਬਰਦਸਤ ਟਕਰਾਅ ਦੇਖਣ ਨੂੰ ਮਿਲਿਆ। ਕਾਂਗਰਸੀ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਅਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਸਰਕਾਰ ਨੂੰ ਘੇਰਦਿਆਂ ਸਵਾਲ ਕੀਤਾ ਕਿ ਪਹਿਲੇ ਸਾਲ 16 ਮੈਡੀਕਲ ਕਾਲਜ ਬਣਾਉਣ ਦਾ ਵਾਅਦਾ ਕੀਤਾ ਗਿਆ ਸੀ, ਪਰ ਸਰਕਾਰ ਸਿਰਫ਼ 5 ਕਾਲਜਾਂ ਦਾ ਹੀ ਵੇਰਵਾ ਦੇ ਸਕੀ ਹੈ। ਕਾਂਗਰਸੀ ਆਗੂਆਂ ਨੇ ਦੋਸ਼ ਲਾਇਆ ਕਿ ਬਾਕੀ ਦੱਸੇ ਜਾ ਰਹੇ ਕਾਲਜ ਪ੍ਰਾਈਵੇਟ ਹਨ ਅਤੇ ਸਰਕਾਰ ਆਪਣੇ ਵਾਅਦੇ ਤੋਂ ਭੱਜ ਰਹੀ ਹੈ। ਜਵਾਬ ਵਿੱਚ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਾਂਗਰਸ ’ਤੇ ਪਿਛਲੇ 40 ਸਾਲਾਂ ਵਿੱਚ ਕੁਝ ਨਾ ਕਰਨ ਦਾ ਦੋਸ਼ ਮੜ੍ਹਦਿਆਂ ਕਿਹਾ ਕਿ ‘ਆਪ’ ਸਰਕਾਰ ਨੇ 4 ਸਾਲਾਂ ਵਿੱਚ ਮਿਸਾਲੀ ਕੰਮ ਕੀਤੇ ਹਨ। ਇਸ ਬਹਿਸ ਦੌਰਾਨ ਮਾਹੌਲ ਉਦੋਂ ਹੋਰ ਭਖ ਗਿਆ ਜਦੋਂ ਮੰਤਰੀ ਅਮਨ ਅਰੋੜਾ ਦੇ ਬੋਲਣ ’ਤੇ ਪ੍ਰਤਾਪ ਸਿੰਘ ਬਾਜਵਾ ਨੇ ਸਖ਼ਤ ਇਤਰਾਜ਼ ਜਤਾਇਆ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਬਾਜਵਾ ’ਤੇ ਅਪਸ਼ਬਦ ਬੋਲਣ ਦੇ ਗੰਭੀਰ ਦੋਸ਼ ਲਗਾਏ, ਜਿਸ ਤੋਂ ਬਾਅਦ ਦੋਵਾਂ ਪਾਰਟੀਆਂ ਦੇ ਵਿਧਾਇਕ ਸਦਨ ਦੇ ਵਿਚਕਾਰ (ਵੈੱਲ ਵਿੱਚ) ਇਕੱਠੇ ਹੋ ਗਏ ਅਤੇ ਟਕਰਾਅ ਵਾਲੀ ਸਥਿਤੀ ਬਣ ਗਈ। ਅਖੀਰ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਦਖਲ ਦਿੰਦਿਆਂ ਦੋਵਾਂ ਧਿਰਾਂ ਨੂੰ ਸ਼ਾਂਤ ਕਰਵਾ ਕੇ ਬਿਠਾਇਆ।














