ਮੁੱਖ ਮੰਤਰੀ ਭਗਵੰਤ ਮਾਨ ਨੇ ਦੁਹਰਾਇਆ ਕਿ ਇਹ ਕਦਮ ਕਿਸਾਨਾਂ ਸਿਰ ਚੜ੍ਹੇ ਨਾਜਾਇਜ਼ ਕਰਜ਼ੇ ਦੇ ਬੋਝ ਨੂੰ ਘਟਾਉਣ ਅਤੇ ਉਨ੍ਹਾਂ ਨੂੰ ਸ਼ਾਹੂਕਾਰਾਂ ਦੇ ਚੁੰਗਲ ਵਿੱਚੋਂ ਕੱਢ ਕੇ ਸੰਕਟ ਵਿੱਚੋਂ ਬਾਹਰ ਲਿਆਉਣ ਵਿੱਚ ਸਹਾਇਕ ਸਿੱਧ ਹੋਵੇਗਾ। ‘ਹੁਣ ਕਿਸਾਨਾਂ ਨੂੰ ਖੁਦਕੁਸ਼ੀਆਂ ਨਹੀਂ ਕਰਨ ਦੇਵਾਂਗੇ’; ਮਾਨ ਸਰਕਾਰ ਨੇ ‘ਕਿਸਾਨ ਕ੍ਰੈਡਿਟ ਕਾਰਡ’ ਦੀ ਲਿਮਟ ‘ਚ ਕੀਤਾ ਵੱਡਾ ਵਾਧਾ
ਭਗਵੰਤ ਮਾਨ ਸਰਕਾਰ ਵੱਲੋਂ ਸੂਬੇ ਦੇ ਅੰਨਦਾਤੇ ਲਈ ਇੱਕ ਬਹੁਤ ਹੀ ਅਹਿਮ ਅਤੇ ਵੱਡਾ ਫੈਸਲਾ ਲਿਆ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਸੂਬਾ ਸਰਕਾਰ ਕਿਸਾਨਾਂ ਨੂੰ ਆਰਥਿਕ ਮੰਦਹਾਲੀ ਕਾਰਨ ਖੁਦਕੁਸ਼ੀਆਂ ਦੇ ਰਾਹ ਨਹੀਂ ਪੈਣ ਦੇਵੇਗੀ। ਇਸੇ ਉਦੇਸ਼ ਤਹਿਤ ਪੰਜਾਬ ਵਿੱਚ ਪੂਰੇ 26 ਸਾਲਾਂ ਬਾਅਦ ਕਿਸਾਨ ਕ੍ਰੈਡਿਟ ਕਾਰਡ (KCC) ਰਾਹੀਂ ਮਿਲਣ ਵਾਲੇ ਕਰਜ਼ੇ ਦੀ ਸੀਮਾ ਵਿੱਚ ਵੱਡਾ ਵਾਧਾ ਕਰਕੇ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ।ਸਰਕਾਰ ਦੇ ਨਵੇਂ ਫੈਸਲੇ ਅਨੁਸਾਰ, ਹੁਣ ਕਿਸਾਨਾਂ ਨੂੰ ਕਣਕ ਦੀ ਫ਼ਸਲ ‘ਤੇ ਲੋਨ ਦੀ ਲਿਮਟ ਵਧਾ ਕੇ ₹30,000 ਪ੍ਰਤੀ ਏਕੜ ਕਰ ਦਿੱਤੀ ਗਈ ਹੈ। ਇਸ ਫੈਸਲੇ ਨਾਲ ਕਿਸਾਨਾਂ ਨੂੰ ਖੇਤੀਬਾੜੀ ਦੇ ਖ਼ਰਚਿਆਂ ਅਤੇ ਫ਼ਸਲ ਦੀ ਬਿਜਾਈ ਲਈ ਨਕਦੀ ਦੀ ਕਿੱਲਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਅਤੇ ਉਹ ਆਸਾਨੀ ਨਾਲ ਬੈਂਕਾਂ ਤੋਂ ਵੱਧ ਕਰਜ਼ਾ ਲੈ ਸਕਣਗੇ।ਫ਼ਸਲੀ ਕਰਜ਼ੇ ਦੇ ਨਾਲ-ਨਾਲ ਪੰਜਾਬ ਸਰਕਾਰ ਨੇ ਵਾਤਾਵਰਣ ਨੂੰ ਬਚਾਉਣ ਅਤੇ ਪਰਾਲੀ ਨੂੰ ਅੱਗ ਲਗਾਉਣ ਦੀ ਪ੍ਰਥਾ ਨੂੰ ਨੱਥ ਪਾਉਣ ਲਈ ਵੀ ਇੱਕ ਵਿਸ਼ੇਸ਼ ਪਹਿਲਕਦਮੀ ਕੀਤੀ ਹੈ। ਹੁਣ ਕਿਸਾਨਾਂ ਨੂੰ ਆਪਣੇ ਖੇਤਾਂ ਵਿੱਚ ਪਰਾਲੀ ਦੀ ਸੁਚੱਜੀ ਸਾਂਭ-ਸੰਭਾਲ ਕਰਨ ਲਈ ₹2000 ਪ੍ਰਤੀ ਏਕੜ ਦਾ ਵੱਖਰਾ ਲੋਨ ਵੀ ਮੁਹੱਈਆ ਕਰਵਾਇਆ ਜਾਵੇਗਾ, ਤਾਂ ਜੋ ਕਿਸਾਨ ਬਿਨਾਂ ਕਿਸੇ ਆਰਥਿਕ ਬੋਝ ਦੇ ਪਰਾਲੀ ਪ੍ਰਬੰਧਨ ਦੇ ਆਧੁਨਿਕ ਸਾਧਨਾਂ ਦੀ ਵਰਤੋਂ ਕਰ ਸਕਣ।ਮੁੱਖ ਮੰਤਰੀ ਭਗਵੰਤ ਮਾਨ ਨੇ ਦੁਹਰਾਇਆ ਕਿ ਇਹ ਕਦਮ ਕਿਸਾਨਾਂ ਸਿਰ ਚੜ੍ਹੇ ਨਾਜਾਇਜ਼ ਕਰਜ਼ੇ ਦੇ ਬੋਝ ਨੂੰ ਘਟਾਉਣ ਅਤੇ ਉਨ੍ਹਾਂ ਨੂੰ ਸ਼ਾਹੂਕਾਰਾਂ ਦੇ ਚੁੰਗਲ ਵਿੱਚੋਂ ਕੱਢ ਕੇ ਸੰਕਟ ਵਿੱਚੋਂ ਬਾਹਰ ਲਿਆਉਣ ਵਿੱਚ ਸਹਾਇਕ ਸਿੱਧ ਹੋਵੇਗਾ।














