Last Updated:Apr 30, 2026 5:04 PM ISTਫਰੌਤੀ ਨਾ ਦੇਣ ‘ਤੇ ਘਰ ਬਾਹਰ ਚੱਲੀਆਂ ਗੋਲੀਆਂ ਨੇ ਅੰਮ੍ਰਿਤਸਰ ਵਿੱਚ ਦਹਿਸ਼ਤ ਫੈਲਾ ਦਿੱਤੀ ਹੈ। CCTV ‘ਚ ਕੈਦ ਹੋਈ ਇਹ ਵਾਰਦਾਤ ਕਈ ਸਵਾਲ ਖੜ੍ਹੇ ਕਰ ਰਹੀ ਹੈ। ਆਖਿਰ ਕੌਣ ਹੈ ਇਸ ਦੇ ਪਿੱਛੇ? ਪੜ੍ਹੋ ਪੂਰੀ ਖ਼ਬਰ…+
News18ਅੰਮ੍ਰਿਤਸਰ ਦੇ ਪਿੰਡ ਪੰਡੋਰੀ ਵੜੈਚ ਵਿੱਚ ਦਹਿਸ਼ਤ ਦਾ ਮਾਹੌਲ ਉਸ ਵੇਲੇ ਬਣ ਗਿਆ ਜਦੋਂ ਇੱਕ ਪਰਿਵਾਰ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ਦੇ ਘਰ ਦੇ ਬਾਹਰ ਗੋਲੀਆਂ ਚਲਾਈਆਂ ਗਈਆਂ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਘਰ ਦੇ ਮਾਲਕ ਸ਼ਮਸ਼ੇਰ ਸਿੰਘ ਤੋਂ ਪਹਿਲਾਂ ਫਰੌਤੀ ਦੀ ਮੰਗ ਕੀਤੀ ਗਈ ਸੀ ਅਤੇ ਪੈਸੇ ਨਾ ਦੇਣ ‘ਤੇ ਹਮਲਾਵਰਾਂ ਨੇ ਗੋਲੀਬਾਰੀ ਕਰ ਦਿੱਤੀ।ਮਿਲੀ ਜਾਣਕਾਰੀ ਮੁਤਾਬਕ, ਸ਼ਮਸ਼ੇਰ ਸਿੰਘ ਨੂੰ ਕੁਝ ਦਿਨ ਪਹਿਲਾਂ ਅਣਪਛਾਤੇ ਵਿਅਕਤੀਆਂ ਵੱਲੋਂ ਫੋਨ ਕਰਕੇ 25 ਤੋਂ 30 ਲੱਖ ਰੁਪਏ ਦੀ ਫਰੌਤੀ ਮੰਗੀ ਗਈ ਸੀ। ਪਰਿਵਾਰ ਦਾ ਦਾਅਵਾ ਹੈ ਕਿ ਫੋਨ ਕਰਨ ਵਾਲਿਆਂ ਨੇ ਆਪਣੇ ਆਪ ਨੂੰ ਗੈਂਗਸਟਰ ਡੋਨੀ ਬਲ ਦੇ ਨਾਮ ਨਾਲ ਜੋੜਿਆ ਅਤੇ ਧਮਕੀ ਦਿੱਤੀ ਕਿ ਜੇਕਰ ਰਕਮ ਨਾ ਦਿੱਤੀ ਗਈ ਤਾਂ ਪੂਰੇ ਪਰਿਵਾਰ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ।ਜਦੋਂ ਪਰਿਵਾਰ ਨੇ ਇਹ ਮੰਗ ਪੂਰੀ ਨਹੀਂ ਕੀਤੀ, ਤਾਂ ਹਮਲਾਵਰਾਂ ਵੱਲੋਂ ਰਾਤ ਦੇ ਸਮੇਂ ਘਰ ਦੇ ਬਾਹਰ ਗੋਲੀਆਂ ਚਲਾਈਆਂ ਗਈਆਂ। ਇਸ ਪੂਰੀ ਵਾਰਦਾਤ ਦੀਆਂ ਤਸਵੀਰਾਂ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈਆਂ, ਜੋ ਹੁਣ ਜਾਂਚ ਦਾ ਅਹਿਮ ਹਿੱਸਾ ਬਣ ਰਹੀਆਂ ਹਨ।ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਫੈਲ ਗਈ ਅਤੇ ਪਰਿਵਾਰ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਪਰਿਵਾਰਕ ਮੈਂਬਰਾਂ ਨੇ ਇਨਸਾਫ ਦੀ ਮੰਗ ਕਰਦਿਆਂ ਕਿਹਾ ਕਿ ਉਹ ਡਰੇ ਹੋਏ ਹਨ ਅਤੇ ਉਨ੍ਹਾਂ ਦੀ ਜਾਨ ਨੂੰ ਖਤਰਾ ਬਣਿਆ ਹੋਇਆ ਹੈ।ਦੂਜੇ ਪਾਸੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਹਮਲਾਵਰਾਂ ਦੀ ਪਹਿਚਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।ਇਸ ਘਟਨਾ ਨੇ ਇੱਕ ਵਾਰ ਫਿਰ ਇਲਾਕੇ ਵਿੱਚ ਸੁਰੱਖਿਆ ਪ੍ਰਬੰਧਾਂ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਹੁਣ ਦੇਖਣਾ ਇਹ ਹੈ ਕਿ ਪੁਲਿਸ ਇਸ ਮਾਮਲੇ ਵਿੱਚ ਕਿੰਨੀ ਜਲਦੀ ਕਾਰਵਾਈ ਕਰਦੀ ਹੈ ਅਤੇ ਪਰਿਵਾਰ ਨੂੰ ਕਦੋਂ ਇਨਸਾਫ ਮਿਲਦਾ ਹੈ।Location :Amritsar,PunjabRead More
Rozana Times















