Last Updated:Apr 20, 2026 1:46 PM ISTਵੀਜ਼ਾ ਖਤਮ ਹੋਣ ਤੋਂ ਬਾਅਦ ਲਿਆ ਇੱਕ ਫੈਸਲਾ ਨੌਜਵਾਨ ਨੂੰ ਅਪਰਾਧ ਦੀ ਦੁਨੀਆ ਵਿੱਚ ਲੈ ਗਿਆ। ਪਰ ਆਖ਼ਿਰਕਾਰ ਇੱਕ ਛਾਪੇ ਨੇ ਉਸਦੀ ਸਾਰੀ ਕਹਾਣੀ ਬਦਲ ਕੇ ਰੱਖ ਦਿੱਤੀ…+
1 ਕਰੋੜ ਦੀ ਵੱਡੀ ਚੋਰੀ, ਇਸ ਜਗ੍ਹਾ ਪੰਜਾਬੀ ਮੁੰਡਾ ਗ੍ਰਿਫ਼ਤਾਰਆਸਟ੍ਰੇਲੀਆ ਤੋਂ ਇੱਕ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਪੰਜਾਬੀ ਨੌਜਵਾਨ ਨੇ ਆਪਣੇ ਵੀਜ਼ਾ ਖਤਮ ਹੋਣ ਤੋਂ ਬਾਅਦ ਅਜਿਹਾ ਰਸਤਾ ਅਪਣਾਇਆ ਜਿਸ ਨੇ ਉਸਨੂੰ ਸਿੱਧਾ ਜੇਲ੍ਹ ਤੱਕ ਪਹੁੰਚਾ ਦਿੱਤਾ। ਵਿਕਟੋਰਿਆ ਪੁਲਿਸ ਵੱਲੋਂ ਇਸ ਨੌਜਵਾਨ ਨੂੰ ਇੱਕ ਕਰੋੜ ਰੁਪਏ ਤੋਂ ਵੱਧ ਦੇ ਸਮਾਨ ਦੀ ਚੋਰੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।ਪੁਲਿਸ ਜਾਂਚ ਅਨੁਸਾਰ 39 ਸਾਲਾ ਇਹ ਨੌਜਵਾਨ ਭਾਰਤ ਤੋਂ ਸਟਡੀ ਵੀਜ਼ਾ ‘ਤੇ ਆਸਟ੍ਰੇਲੀਆ ਆਇਆ ਸੀ। ਪਰ ਜਦੋਂ ਉਸਦਾ ਵੀਜ਼ਾ ਖਤਮ ਹੋ ਗਿਆ, ਤਾਂ ਵਾਪਸ ਦੇਸ਼ ਜਾਣ ਦੀ ਬਜਾਏ ਉਸਨੇ ਗੈਰਕਾਨੂੰਨੀ ਤਰੀਕੇ ਨਾਲ ਉੱਥੇ ਰਹਿਣਾ ਸ਼ੁਰੂ ਕਰ ਦਿੱਤਾ। ਹਾਲਾਤ ਇਥੇ ਤੱਕ ਪਹੁੰਚ ਗਏ ਕਿ ਉਹ ਦਿਨ ਦੇ ਸਮੇਂ ਲੁਕ ਕੇ ਰਹਿੰਦਾ ਅਤੇ ਰਾਤ ਨੂੰ ਚੋਰੀ ਕਰਨ ਲਈ ਨਿਕਲ ਪੈਂਦਾ ਸੀ।ਹੈਰਾਨੀ ਦੀ ਗੱਲ ਇਹ ਹੈ ਕਿ ਉਸਨੇ ਇੱਕ-ਦੋ ਨਹੀਂ, ਸਗੋਂ ਲਗਾਤਾਰ 6 ਮਹੀਨਿਆਂ ਵਿੱਚ 68 ਤੋਂ ਵੱਧ ਵਾਰ ਚੋਰੀਆਂ ਕੀਤੀਆਂ। ਉਸਦਾ ਨਿਸ਼ਾਨਾ ਮੁੱਖ ਤੌਰ ‘ਤੇ ਸੁਪਰਮਾਰਕੀਟ ਸਟੋਰ ਰਹੇ, ਜਿੱਥੋਂ ਉਹ ਇਲੈਕਟ੍ਰਿਕ ਟੂਥਬਰਸ਼, ਰੇਜ਼ਰ, ਵਿਟਾਮਿਨ ਅਤੇ ਸਕਿਨਕੇਅਰ ਵਰਗੇ ਮਹਿੰਗੇ ਉਤਪਾਦ ਚੋਰੀ ਕਰਦਾ ਸੀ। ਬਾਅਦ ਵਿੱਚ ਇਹ ਸਮਾਨ ਬਲੈਕ ਮਾਰਕੀਟ ਵਿੱਚ ਵੇਚ ਕੇ ਵੱਡੀ ਕਮਾਈ ਕਰਦਾ ਰਿਹਾ।ਜਾਂਚ ਦੌਰਾਨ ਸਾਹਮਣੇ ਆਇਆ ਕਿ ਇਹ ਨੌਜਵਾਨ ਇਕ ਵੱਡੇ ਚੋਰ ਗਿਰੋਹ ਨਾਲ ਜੁੜਿਆ ਹੋਇਆ ਸੀ, ਜਿਸ ਦੇ ਹੋਰ ਮੈਂਬਰ ਪਹਿਲਾਂ ਹੀ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ। ਇਸ ਪੂਰੇ ਨੈੱਟਵਰਕ ਨੂੰ ਤੋੜਨ ਲਈ ਵਿਕਟੋਰਿਆ ਪੁਲਿਸ ਨੇ ‘ਆਪਰੇਸ਼ਨ ਸੁਪਰਨੋਵਾ’ ਦੇ ਨਾਮ ਨਾਲ ਖ਼ਾਸ ਮੁਹਿੰਮ ਚਲਾਈ, ਜਿਸਨੂੰ ਚੋਰੀ ਵਿਰੁੱਧ ਸਭ ਤੋਂ ਵੱਡੀਆਂ ਕਾਰਵਾਈਆਂ ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ।ਪੁਲਿਸ ਨੇ ਪਹਿਲਾਂ ਇਸ ਗਿਰੋਹ ਨਾਲ ਸੰਬੰਧਤ ਕਰੀਬ 30 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਇਹ ਪੂਰਾ ਸੰਗਠਿਤ ਗਿਰੋਹ ਹੈ, ਜੋ ਚੋਰੀ ਦਾ ਸਮਾਨ ਇਕੱਠਾ ਕਰਕੇ ਬਲੈਕ ਮਾਰਕੀਟ ਵਿੱਚ ਵੇਚਦਾ ਸੀ। ਇਸ ਜਾਣਕਾਰੀ ਦੇ ਆਧਾਰ ‘ਤੇ ਪੁਲਿਸ ਨੇ 18 ਅਪ੍ਰੈਲ ਨੂੰ ਮੇਲਬਰਨ ਦੇ ਸਨਸ਼ਾਈਨ ਵੈਸਟ ਇਲਾਕੇ ਵਿੱਚ ਛਾਪਾ ਮਾਰਿਆ।ਇਸ ਕਾਰਵਾਈ ਦੌਰਾਨ ਪੁਲਿਸ ਨੂੰ ਉਸ ਘਰ ਵਿੱਚੋਂ ਚੋਰੀ ਕੀਤਾ ਸਮਾਨ ਵੀ ਬਰਾਮਦ ਹੋਇਆ ਅਤੇ ਪੰਜਾਬੀ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਦੇ ਮੁਤਾਬਕ, ਇਹ ਇਸ ਗਿਰੋਹ ਦਾ 31ਵਾਂ ਦੋਸ਼ੀ ਹੈ, ਜਦਕਿ ਕਈ ਹੋਰ ਲੋਕਾਂ ਨੂੰ ਪਹਿਲਾਂ ਹੀ ਜੇਲ੍ਹ ਭੇਜਿਆ ਜਾ ਚੁੱਕਾ ਹੈ ਅਤੇ ਕੁਝ ਦੇ ਕੇਸ ਅਦਾਲਤ ਵਿੱਚ ਚੱਲ ਰਹੇ ਹਨ।ਪੁਲਿਸ ਨੇ ਦੱਸਿਆ ਕਿ ਇਹ ਕਾਰਵਾਈ ਬਾਕਸ ਹਿਲ ਡਿਵੀਜ਼ਨਲ ਰਿਸਪਾਂਸ ਯੂਨਿਟ ਦੀ ਅਗਵਾਈ ਵਿੱਚ ਕੀਤੀ ਗਈ ਅਤੇ ਇੱਕ ਸਾਲ ਤੋਂ ਇਸ ਗਿਰੋਹ ਦੀ ਤਲਾਸ਼ ਕੀਤੀ ਜਾ ਰਹੀ ਸੀ। ਲੰਬੇ ਸਮੇਂ ਦੀ ਮਿਹਨਤ ਤੋਂ ਬਾਅਦ ਆਖ਼ਿਰਕਾਰ ਇਸ ਵੱਡੇ ਨੈੱਟਵਰਕ ਨੂੰ ਬੇਨਕਾਬ ਕੀਤਾ ਗਿਆ।ਇਸ ਪੂਰੇ ਮਾਮਲੇ ਨੇ ਨਾ ਸਿਰਫ਼ ਕਾਨੂੰਨੀ ਤੌਰ ‘ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ, ਸਗੋਂ ਵਿਦੇਸ਼ਾਂ ਵਿੱਚ ਰਹਿੰਦੇ ਨੌਜਵਾਨਾਂ ਲਈ ਵੀ ਇੱਕ ਵੱਡਾ ਸਬਕ ਛੱਡਿਆ ਹੈ ਕਿ ਗਲਤ ਰਸਤੇ ਦੀ ਚੋਣ ਆਖ਼ਿਰਕਾਰ ਨੁਕਸਾਨ ਹੀ ਲਿਆਉਂਦੀ ਹੈ।Read More
Rozana Times















