ਚੋਣ ਕਮਿਸ਼ਨ ਨੇ ਚਾਰ ਰਾਜਾਂ (ਅਸਾਮ, ਕੇਰਲਾ, ਪੱਛਮੀ ਬੰਗਾਲ ਤੇ ਤਾਮਿਲ ਨਾਡੂ) ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਪੁੱਡੂਚੇਰੀ ’ਚ ਅਸੈਂਬਲੀ ਚੋਣਾਂ ਲਈ ਚੋਣ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਅਸਾਮ, ਕੇਰਲਾ ਤੇ ਪੁੱਡੂਚੇਰੀ ਵਿੱਚ ਇਕਹਿਰੇ ਗੇੜ ਤਹਿਤ 9 ਅਪਰੈਲ ਨੂੰ ਪੋਲਿੰਗ ਹੋਵੇਗੀ। ਪੱਛਮੀ ਬੰਗਾਲ ਵਿੱਚ 23 ਤੇ 29 ਅਪਰੈਲ ਨੂੰ ਦੋ ਗੇੜਾਂ ਵਿੱਚ ਵੋਟਾਂ ਪੈਣਗੀਆਂ ਜਦੋਂਕਿ ਤਾਮਿਲ ਨਾਡੂ ਵਿੱਚ 23 ਅਪਰੈਲ ਨੂੰ ਇਕੋ ਗੇੜ ’ਚ ਵੋਟਿੰਗ ਹੋਵੇਗੀ। ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੇ ਪ੍ਰੈੱਸ ਕਾਨਰਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਚਾਰ ਰਾਜਾਂ ਅਤੇ ਇਕ ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ ਕੁੱਲ 824 ਸੀਟਾਂ ਲਈ ਵੋਟਾਂ ਦੀ ਗਿਣਤੀ 4 ਮਈ ਨੂੰ ਹੋਵੇਗੀ। ਚੋਣਾਂ ਦੇ ਐਲਾਨ ਨਾਲ ਚੋਣ ਜ਼ਾਬਤਾ ਫੌਰੀ ਅਮਲ ਵਿੱਚ ਆ ਗਿਆ ਹੈ। ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੇ ਦੋ ਚੋਣ ਕਮਿਸ਼ਨਰਾਂ- ਸੁਖਬੀਰ ਸਿੰਘ ਸੰਧੂ ਤੇ ਵਿਵੇਕ ਜੋਸ਼ੀ, ਦੀ ਮੌਜੂਦਗੀ ਵਿੱਚ ਕਿਹਾ, ‘‘ਅਸਾਮ ਦੀਆਂ ਸਾਰੀਆਂ ਸੀਟਾਂ ਲਈ 9 ਅਪਰੈਲ ਨੂੰ ਵੋਟਿੰਗ ਹੋਵੇਗੀ। ਪੱਛਮੀ ਬੰਗਾਲ ਵਿੱਚ 23 ਅਪਰੈਲ ਤੇ 29 ਅਪਰੈਲ ਨੂੰ ਦੋ ਗੇੜਾਂ ਵਿੱਚ ਵੋਟਾਂ ਪੈਣਗੀਆਂ। ਕੇਰਲਾ ਤੇ ਪੁੱਡੂਚੇਰੀ ਦੀਆਂ ਸਾਰੀਆਂ ਸੀਟਾਂ ਲਈ 9 ਅਪਰੈਲ ਜਦੋਂਕਿ ਤਾਮਿਲ ਨਾਡੂ ਵਿੱਚ 23 ਅਪਰੈਲ ਨੂੰ ਪੋਲਿੰਗ ਹੋਵੇਗੀ। ਚੋਣਾਂ ਹਿੰਸਾ ਜਾਂ ਦਬਾਅ ਮੁਕਤ ਹੋਣਗੀਆਂ ਤੇ ਚੋਣ ਕਮਿਸ਼ਨ ਕਿਸੇ ਵੀ ਉਲੰਘਣਾ ਖਿਲਾਫ਼ ਸਖ਼ਤ ਕਾਰਵਾਈ ਕਰੇਗਾ।
ਤਾਮਿਲ ਨਾਡੂ ਵਿੱਚ ਕੁੱਲ 234 ਅਸੈਂਬਲੀ ਸੀਟਾਂ ਹਨ, ਜਿੱਥੇ ਡੀ ਐੱਮ ਕੇ ਆਗੂ ਐੱਮ ਕੇ ਸਟਾਲਿਨ 7 ਮਈ 2021 ਤੋਂ ਮੁੱਖ ਮੰਤਰੀ ਹਨ। ਪੱਛਮੀ ਬੰਗਾਲ ਅਸੈਂਬਲੀ ਵਿੱਚ 294 ਅਸੈਂਬਲੀ ਸੀਟਾਂ ਹਨ ਤੇ ਮੁੱਖ ਮੰਤਰੀ ਮਮਤਾ ਬੈਨਰਜੀ ਸਾਲ 2011 ਤੋਂ ਇਥੇ ਸੱਤਾ ਵਿੱਚ ਹੈ। 140 ਮੈਂਬਰੀ ਕੇਰਲਾ ਅਸੈਂਬਲੀ ਵਿੱਚ ਖੱਬੇਪੱਖੀ ਆਗੂ ਤੇ ਮੁੱਖ ਮੰਤਰੀ ਪਿਨਾਰਈ ਵਿਜਯਨ ਦੀ ਅਗਵਾਈ ਹੇਠ 2016 ਤੋਂ ਖੱਬੇ ਜਮਹੂਰੀ ਮੋਰਚੇ (ਐੱਲ ਡੀ ਐੱਫ) ਦੀ ਸਰਕਾਰ ਹੈ। ਅਸਾਮ ਵਿੱਚ 126 ਅਸੈਂਬਲੀ ਸੀਟਾਂ ਹਨ ਤੇ ਉੱਤਰ-ਪੂਰਬੀ ਰਾਜ ਵਿੱਚ 2016 ਤੋਂ ਭਾਜਪਾ ਸੱਤਾ ’ਚ ਹੈ। ਹਿਮੰਤਾ ਬਿਸਵਾ ਸਰਮਾ 2021 ਤੋਂ ਮੁੱਖ ਮੰਤਰੀ ਹਨ। ਪੁੱਡੂਚੇਰੀ ਦੇ ਮੁੱਖ ਮੰਤਰੀ ਐੱਨ ਰੰਗਾਸਾਮੀ 2021 ਤੋਂ ਸੱਤਾ ਵਿੱਚ ਹਨ। ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਕੁੱਲ 33 ਸੀਟਾਂ ਹਨ।














