ਤਾਲਿਬਾਨ ਨੇ 100 ਤੋਂ ਵੱਧ ਪਾਕਿ ਫੌਜੀ ਢੇਰ ਕਰਨ ਦਾ ਕੀਤਾ ਦਾਅਵਾ

0
13

ਇੰਟਰਨੈਸ਼ਨਲ ਡੈਸਕ- ਇਕ ਪਾਸੇ ਇਰਾਨ ਦੀ ਜੰਗ ਨੂੰ ਪੂਰੀ ਦੁਨੀਆ ‘ਚ ਤੜਥੱਲੀ ਮਚਾਈ ਹੋਈ ਹੈ, ਉੱਥੇ ਹੀ ਪਾਕਿਸਤਾਨ ਤੇ ਅਫਗਾਨਿਸਤਾਨ ਦੀ ਜੰਗ ਵੀ ਭਿਆਨਕ ਹੁੰਦੀ ਜਾ ਰਹੀ ਹੈ। ਇਸੇ ਦੌਰਾਨ ਅਫ਼ਗਾਨ ਰੱਖਿਆ ਮੰਤਰਾਲੇ ਨੇ ਸਰਹੱਦ ਪਾਰ ਪਾਕਿਸਤਾਨੀ ਫੌਜ ਦੇ ਖਿਲਾਫ ਇੱਕ ਵੱਡੀ ਫੌਜੀ ਕਾਰਵਾਈ ਦਾ ਦਾਅਵਾ ਕੀਤਾ ਹੈ।

ਅਫਗਾਨ ਰੱਖਿਆ ਮੰਤਰਾਲੇ ਦੇ ਬੁਲਾਰੇ, ਇਨਾਇਤੁੱਲਾ ਖਵਾਰਿਜ਼ਮੀ ਨੇ ਸ਼ੁੱਕਰਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ਵਿੱਚ ਦੱਸਿਆ ਕਿ ਪਿਛਲੇ 24 ਘੰਟਿਆਂ ਵਿੱਚ ਅਫਗਾਨ ਸੁਰੱਖਿਆ ਬਲਾਂ ਨੇ ਪਾਕਿਸਤਾਨੀ ਸਰਹੱਦ ਅੰਦਰ 28 ਵੱਖ-ਵੱਖ ਥਾਵਾਂ ‘ਤੇ ਹਮਲੇ ਕੀਤੇ ਹਨ, ਜਿਸ ‘ਚ ਉਨ੍ਹਾਂ ਨੇ 109 ਪਾਕਿਸਤਾਨੀ ਸੈਨਿਕਾਂ ਨੂੰ ਮਾਰ ਸੁੱਟਿਆ ਹੈ, ਜਦਕਿ 150 ਦੇ ਕਰੀਬ ਹੋਰ ਜ਼ਖਮੀ ਹੋਏ ਹਨ। ਉਨ੍ਹਾਂ ਅੱਗੇ ਦੱਸਿਆ ਕਿ ਇਸ ਕਾਰਵਾਈ ਦੌਰਾਨ 14 ਪਾਕਿਸਤਾਨੀ ਫੌਜੀ ਚੌਕੀਆਂ ਅਤੇ 3 ਅਹਿਮ ਫੌਜੀ ਟਿਕਾਣਿਆਂ ਨੂੰ ਵੀ ਤਬਾਹ ਕਰ ਦਿੱਤਾ ਗਿਆ ਹੈ। ਇਹ ਹਮਲੇ ਸਰਹੱਦ ‘ਤੇ ਵਾਰ-ਵਾਰ ਹੋ ਰਹੀ ਗੋਲੀਬਾਰੀ ਅਤੇ ਪਾਕਿਸਤਾਨੀ ਫੌਜ ਵੱਲੋਂ ਕੀਤੀਆਂ ਕਥਿਤ ਕਾਰਵਾਈਆਂ ਦੇ ਜਵਾਬ ਵਿੱਚ ਕੀਤੇ ਗਏ ਹਨ। ਇਰਾਨ ‘ਚ ਚੱਲ ਰਹੀ ਜੰਗ ਦੇ ਵਿਚਕਾਰ, ਦੱਖਣੀ ਏਸ਼ੀਆ ਵਿੱਚ ਇਹ ਨਵੀਂ ਜੰਗ ਪੂਰੇ ਖੇਤਰ ਲਈ ਇੱਕ ਵੱਡਾ ਖਤਰਾ ਬਣ ਗਈ ਹੈ। ਫਿਲਹਾਲ ਕਿਸੇ ਵੀ ਸੁਤੰਤਰ ਤੀਜੀ ਧਿਰ ਨੇ ਇਨ੍ਹਾਂ ਅੰਕੜਿਆਂ ਦੀ ਪੁਸ਼ਟੀ ਨਹੀਂ ਕੀਤੀ ਹੈ, ਇਸ ਲਈ ਇਨ੍ਹਾਂ ਦਾਅਵਿਆਂ ਨੂੰ ‘ਜੰਗੀ ਦਾਅਵਿਆਂ’ ਵਜੋਂ ਹੀ ਦੇਖਿਆ ਜਾ ਰਿਹਾ ਹੈ। ਇਸ ਟਕਰਾਅ ਕਾਰਨ ਸਰਹੱਦੀ ਵਪਾਰ ਅਤੇ ਲੋਕਾਂ ਦੀ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਈ ਹੈ। ਆਉਣ ਵਾਲੇ ਦਿਨਾਂ ਵਿੱਚ ਦੋਵਾਂ ਦੇਸ਼ਾਂ ਵਿਚਾਲੇ ਟਕਰਾਅ ਹੋਰ ਵੀ ਗੰਭੀਰ ਹੋ ਸਕਦਾ ਹੈ, ਜਿਸ ਨਾਲ ਪੂਰੇ ਖੇਤਰ ਦੀ ਸੁਰੱਖਿਆ ਸਥਿਤੀ ਵਿਗੜਨ ਦਾ ਡਰ ਹੈ।

ਅਫਗਾਨਿਸਤਾਨ ਦੇ ਇਨ੍ਹਾਂ ਗੰਭੀਰ ਦਾਅਵਿਆਂ ਦੇ ਬਾਵਜੂਦ, ਪਾਕਿਸਤਾਨੀ ਫੌਜ ਜਾਂ ਸਰਕਾਰ ਵੱਲੋਂ ਅਜੇ ਤੱਕ ਇਨ੍ਹਾਂ ਅੰਕੜਿਆਂ ਦੀ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ। ਅੰਤਰਰਾਸ਼ਟਰੀ ਮਾਹਿਰਾਂ ਦਾ ਮੰਨਣਾ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਫਰਵਰੀ ਦੇ ਅਖੀਰ ਤੋਂ ਲਗਾਤਾਰ ਵਧ ਰਿਹਾ ਹੈ ਅਤੇ ਸਰਹੱਦੀ ਇਲਾਕਿਆਂ ਵਿੱਚ ਹਾਲਾਤ ਬੇਹੱਦ ਤਣਾਅਪੂਰਨ ਬਣੇ ਹੋਏ ਹਨ।