AAP MLA ‘ਤੇ ਗੰਭੀਰ ਇਲਜ਼ਾਮਾਂ ਵਾਲੀ ਵੀਡੀਓ ਸੁਖਪਾਲ ਖਹਿਰਾ ਨੇ ਕੀਤੀ ਸਾਂਝੀ

0
32

ਕਪੂਰਥਲਾ (ਵੈੱਬ ਡੈਸਕ)- ਮੋਗਾ ਦੇ ਬਾਘਾ ਪੁਰਾਣਾ ਵਿਖੇ ਕਤਲ ਕੀਤੇ ਗਏ ਸਰਪੰਚ ਹਰਪਿੰਦਰ ਸਿੰਘ ਉਰਫ਼ ਹੈੱਪੀ ਦੇ ਮਾਮਲੇ ਵਿਚ ਨਵਾਂ ਮੋੜ ਸਾਹਮਣੇ ਆਇਆ ਹੈ। ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਸਾਂਝੀ ਕਰਦਿਆਂ ਬਾਘਾ ਪੁਰਾਣਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ‘ਤੇ ਬਹੁਤ ਹੀ ਸੰਗੀਨ ਦੋਸ਼ ਲਗਾਏ ਹਨ। ਸੁਖਪਾਲ ਖਹਿਰਾ ਵੱਲੋਂ ਸਾਂਝੀ ਕੀਤੀ ਗਈ ਵੀਡੀਓ ‘ਚ ਵਿਖਾਈ ਦੇ ਰਹੀ ਔਰਤ ਨੇ ਵਿਧਾਇਕ ਅਤੇ ਉਨ੍ਹਾਂ ਦੇ ਸਾਥੀਆਂ ‘ਤੇ ਹੈੱਪੀ ਸਰਪੰਚ ਦੇ ਕਤਲ ਅਤੇ ਉਸ ਨਾਲ ਜਬਰ-ਜ਼ਿਨਾਹ ਕਰਨ ਦੇ ਇਲਜ਼ਾਮ ਲਗਾਏ ਹਨ।
ਇਸ ਮਾਮਲੇ ਨੂੰ ਲੈ ਕੇ ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਪੁਲਸ ਦੇ ਡੀ. ਜੀ. ਪੀ. ਦੀ ਕਾਰਜਪ੍ਰਣਾਲੀ ‘ਤੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਸਿੱਧੇ ਤੌਰ ‘ਤੇ ਪੁੱਛਿਆ ਹੈ ਕਿ ਕੀ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਵਿੱਚ ਆਪਣੇ ਹੀ ਵਿਧਾਇਕ ਅਤੇ ਉਸ ਦੇ ਕਰਿੰਦਿਆਂ ਵਿਰੁੱਧ ਕਾਰਵਾਈ ਕਰਨ ਦੀ ਹਿੰਮਤ ਹੈ।

ਖਹਿਰਾ ਨੇ ਪੰਜਾਬ ਪੁਲਸ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕੀ ਪੁਲਸ ਸਿਰਫ਼ ਆਮ ਆਦਮੀ ਪਾਰਟੀ ਦੇ ਵਿਰੋਧੀਆਂ ਨੂੰ ਨਿਸ਼ਾਨਾ ਬਣਾਉਣ ਲਈ ਹੀ ਰਹਿ ਗਈ ਹੈ ਜਾਂ ਫਿਰ ਸੱਤਾਧਾਰੀ ਧਿਰ ਦੇ ਆਗੂਆਂ ‘ਤੇ ਲੱਗੇ ਇਨ੍ਹਾਂ ਗੰਭੀਰ ਇਲਜ਼ਾਮਾਂ ਦੀ ਵੀ ਨਿਰਪੱਖ ਜਾਂਚ ਹੋਵੇਗੀ। ਫਿਲਹਾਲ ਇਨ੍ਹਾਂ ਦੋਸ਼ਾਂ ਨੇ ਸੂਬੇ ਦੀ ਸਿਆਸਤ ਵਿੱਚ ਨਵਾਂ ਹੰਗਾਮਾ ਖੜ੍ਹਾ ਕਰ ਦਿੱਤਾ ਹੈ।