Last Updated:Jun 28, 2026 4:59 PM ISTਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਕਾਲੀ ਦਲ, ਕਾਂਗਰਸ ਅਤੇ ਭਾਜਪਾ ‘ਤੇ ਤਿੱਖਾ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਕੋਲ ਲੋਕਾਂ ਦੇ ਮੁੱਦਿਆਂ ਦੀ ਘਾਟ ਹੈ, ਇਸ ਲਈ ਉਹ ਸਿਰਫ਼ ਬਦਨਾਮ ਕਰਨ ਦੀ ਰਾਜਨੀਤੀ ਕਰ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਲੋਕ ਸਰਕਾਰ ਦੇ ਕੰਮਾਂ ਤੋਂ ਸੰਤੁਸ਼ਟ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਵਿਕਾਸ ਦੇ ਆਧਾਰ ‘ਤੇ ਹੀ ਆਪਣਾ ਫ਼ੈਸਲਾ ਦੇਣਗੇ।ਅਕਾਲੀ ਦਲ, ਕਾਂਗਰਸ ਅਤੇ ਭਾਜਪਾ ‘ਤੇ ਮੁੱਖ ਮੰਤਰੀ ਦਾ ਤਿੱਖਾ ਨਿਸ਼ਾਨਾ, ਕਿਹਾ– ਲੋਕ ਕੰਮਾਂ ਦੇ ਆਧਾਰ ‘ਤੇ ਦੇਣਗੇ ਫ਼ੈਸਲਾਅੰਮ੍ਰਿਤਸਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਗੁਰੂ ਨਗਰੀ ਅੰਮ੍ਰਿਤਸਰ ਪਹੁੰਚੇ, ਜਿੱਥੇ ਉਨ੍ਹਾਂ ਨੇ ਸੁਲਤਾਨਵਿੰਡ ਲਿੰਕ ਰੋਡ ‘ਤੇ ਨਵੇਂ ਬਣੇ ਰੇਲਵੇ ਓਵਰਬ੍ਰਿਜ ਦਾ ਰਸਮੀ ਉਦਘਾਟਨ ਕੀਤਾ। ਇਸ ਮੌਕੇ ਕੈਬਨਿਟ ਮੰਤਰੀਆਂ, ਵਿਧਾਇਕਾਂ, ਅਧਿਕਾਰੀਆਂ ਅਤੇ ਵੱਡੀ ਗਿਣਤੀ ਵਿੱਚ ਲੋਕ ਵੀ ਮੌਜੂਦ ਸਨ। ਉਦਘਾਟਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਫਲਾਈਓਵਰ ਅੰਮ੍ਰਿਤਸਰ ਵਾਸੀਆਂ ਅਤੇ ਬਾਹਰੋਂ ਆਉਣ ਵਾਲੇ ਲੱਖਾਂ ਸ਼ਰਧਾਲੂਆਂ ਲਈ ਵੱਡੀ ਸਹੂਲਤ ਸਾਬਤ ਹੋਵੇਗਾ।ਉਨ੍ਹਾਂ ਕਿਹਾ ਕਿ ਹਰ ਰੋਜ਼ ਲਗਭਗ ਡੇਢ ਤੋਂ ਦੋ ਲੱਖ ਸ਼ਰਧਾਲੂ ਸ੍ਰੀ ਹਰਿਮੰਦਰ ਸਾਹਿਬ, ਜਲਿਆਂਵਾਲਾ ਬਾਗ, ਦੁਰਗਿਆਣਾ ਮੰਦਰ, ਅਟਾਰੀ-ਵਾਹਗਾ ਸਰਹੱਦ ਅਤੇ ਭਗਵਾਨ ਵਾਲਮੀਕੀ ਤੀਰਥ ਸਥਾਨ ਦੇ ਦਰਸ਼ਨਾਂ ਲਈ ਅੰਮ੍ਰਿਤਸਰ ਆਉਂਦੇ ਹਨ। ਇਸ ਕਾਰਨ ਤਾਰਾਂ ਵਾਲਾ ਪੁਲ ਅਤੇ ਤਰਨ ਤਾਰਨ ਰੋਡ ਦੇ ਸੁਲਤਾਨਵਿੰਡ ਜੰਕਸ਼ਨ ‘ਤੇ ਲੰਬੇ ਟ੍ਰੈਫਿਕ ਜਾਮ ਲੱਗਦੇ ਸਨ। ਉਨ੍ਹਾਂ ਕਿਹਾ ਕਿ ਨਵੇਂ ਓਵਰਬ੍ਰਿਜ ਦੇ ਚਾਲੂ ਹੋਣ ਨਾਲ ਇਸ ਸਮੱਸਿਆ ਦਾ ਸਥਾਈ ਹੱਲ ਹੋਵੇਗਾ ਅਤੇ ਆਵਾਜਾਈ ਪਹਿਲਾਂ ਨਾਲੋਂ ਕਾਫ਼ੀ ਸੁਚਾਰੂ ਬਣੇਗੀ।ਮੁੱਖ ਮੰਤਰੀ ਨੇ ਦੱਸਿਆ ਕਿ ਇਸ ਪ੍ਰੋਜੈਕਟ ਦੀ ਅੰਦਾਜ਼ਨ ਲਾਗਤ 34 ਕਰੋੜ 20 ਲੱਖ ਰੁਪਏ ਸੀ, ਪਰ ਸਰਕਾਰ ਨੇ ਇਸ ਨੂੰ ਸਿਰਫ਼ 22 ਕਰੋੜ 68 ਲੱਖ ਰੁਪਏ ਵਿੱਚ ਹੀ ਮੁਕੰਮਲ ਕਰ ਲਿਆ। ਉਨ੍ਹਾਂ ਕਿਹਾ ਕਿ ਬਚੀ ਹੋਈ ਰਕਮ ਨੂੰ ਹੋਰ ਲੋਕ ਭਲਾਈ ਅਤੇ ਵਿਕਾਸ ਕਾਰਜਾਂ ‘ਤੇ ਖਰਚ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਅਪਰੋਚ ਰੋਡ ਸਮੇਤ ਇਸ ਪ੍ਰੋਜੈਕਟ ਦੀ ਕੁੱਲ ਲੰਬਾਈ 985 ਮੀਟਰ ਹੈ, ਜਦਕਿ ਫਲਾਈਓਵਰ ਦੀ ਲੰਬਾਈ 725 ਮੀਟਰ ਅਤੇ ਚੌੜਾਈ 14 ਮੀਟਰ ਹੈ। ਇਹ ਇੱਕ ਈਕੋ-ਫਰੈਂਡਲੀ ਪ੍ਰੋਜੈਕਟ ਹੈ, ਜਿਸ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਲਈ ਆਰ.ਸੀ.ਸੀ. ਡਰੇਨ ਅਤੇ ਰੇਨ ਵਾਟਰ ਹਾਰਵੈਸਟਿੰਗ ਦੀ ਵੀ ਵਿਵਸਥਾ ਕੀਤੀ ਗਈ ਹੈ।ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਪਹਿਲੇ ਦਿਨ ਤੋਂ ਹੀ ਵਿਕਾਸ ਕਾਰਜਾਂ ਨੂੰ ਤਰਜੀਹ ਦੇ ਰਹੀ ਹੈ। ਸੂਬੇ ਭਰ ਵਿੱਚ ਸੜਕਾਂ, ਖੇਡ ਮੈਦਾਨਾਂ, ਜਿਮਾਂ, ਮੁਹੱਲਾ ਕਲੀਨਿਕਾਂ ਅਤੇ ਹੋਰ ਬੁਨਿਆਦੀ ਢਾਂਚੇ ਦੇ ਕੰਮ ਜੰਗੀ ਪੱਧਰ ‘ਤੇ ਚੱਲ ਰਹੇ ਹਨ। ਉਨ੍ਹਾਂ ਦੱਸਿਆ ਕਿ 15 ਜੁਲਾਈ ਤੱਕ ਲਗਭਗ 3,100 ਖੇਡ ਮੈਦਾਨ ਤਿਆਰ ਹੋ ਜਾਣਗੇ ਅਤੇ ਪਿੰਡਾਂ ਵਿੱਚ ਆਧੁਨਿਕ ਜਿਮ ਲੋਕਾਂ ਨੂੰ ਸਮਰਪਿਤ ਕੀਤੇ ਜਾਣਗੇ। ਇਸ ਤੋਂ ਇਲਾਵਾ 400 ਹੋਰ ਆਮ ਆਦਮੀ ਕਲੀਨਿਕ ਵੀ ਜਲਦ ਸ਼ੁਰੂ ਕੀਤੇ ਜਾਣਗੇ, ਜਿਨ੍ਹਾਂ ਤੋਂ ਕਰੋੜਾਂ ਲੋਕ ਲਾਭ ਪ੍ਰਾਪਤ ਕਰਨਗੇ।ਸਿੱਖਿਆ ਅਤੇ ਰੁਜ਼ਗਾਰ ਬਾਰੇ ਗੱਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਪਾਰਦਰਸ਼ੀ ਢੰਗ ਨਾਲ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਸਿੱਖਿਆ ਦੇ ਖੇਤਰ ਵਿੱਚ ਪੰਜਾਬ ਨੇ ਵੱਡੀ ਤਰੱਕੀ ਕੀਤੀ ਹੈ ਅਤੇ ਹੁਣ ਸੂਬਾ ਦੇਸ਼ ਦੇ ਮੋਹਰੀ ਸੂਬਿਆਂ ਵਿੱਚ ਸ਼ਾਮਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸਕੂਲਾਂ ਵਿੱਚ ਪੜ੍ਹ ਰਹੇ ਵਿਦਿਆਰਥੀ ਵੱਡੇ-ਵੱਡੇ ਮੁਕਾਬਲੇ ਦੇ ਇਮਤਿਹਾਨ ਪਾਸ ਕਰ ਰਹੇ ਹਨ, ਜੋ ਸਰਕਾਰ ਦੀਆਂ ਸਿੱਖਿਆ ਨੀਤੀਆਂ ਦਾ ਨਤੀਜਾ ਹੈ।ਵਿਰੋਧੀ ਪਾਰਟੀਆਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਅਕਾਲੀ ਦਲ, ਕਾਂਗਰਸ ਅਤੇ ਭਾਜਪਾ ‘ਤੇ ਤਿੱਖਾ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਕੋਲ ਲੋਕਾਂ ਦੇ ਮੁੱਦਿਆਂ ਦੀ ਘਾਟ ਹੈ, ਇਸ ਲਈ ਉਹ ਸਿਰਫ਼ ਬਦਨਾਮ ਕਰਨ ਦੀ ਰਾਜਨੀਤੀ ਕਰ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਲੋਕ ਸਰਕਾਰ ਦੇ ਕੰਮਾਂ ਤੋਂ ਸੰਤੁਸ਼ਟ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਵਿਕਾਸ ਦੇ ਆਧਾਰ ‘ਤੇ ਹੀ ਆਪਣਾ ਫ਼ੈਸਲਾ ਦੇਣਗੇ।ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਸੰਭਾਵਿਤ ਹੜ੍ਹਾਂ ਨਾਲ ਨਜਿੱਠਣ ਲਈ ਵੀ ਸਰਕਾਰ ਨੇ ਪਹਿਲਾਂ ਹੀ ਪੂਰੇ ਪ੍ਰਬੰਧ ਕਰ ਲਏ ਹਨ। ਕਮਜ਼ੋਰ ਬੰਨ੍ਹਾਂ ਨੂੰ ਮਜ਼ਬੂਤ ਕੀਤਾ ਗਿਆ ਹੈ, ਡਰੇਨਾਂ ਅਤੇ ਰਜਵਾਹਿਆਂ ਦੀ ਸਫ਼ਾਈ ਕੀਤੀ ਗਈ ਹੈ ਅਤੇ ਪਾਣੀ ਦੇ ਪ੍ਰਬੰਧ ‘ਤੇ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਪੰਜਾਬ ਵਿੱਚ ਨਾ ਤਾਂ ਪਾਣੀ ਦੀ ਕੋਈ ਕਮੀ ਆਉਣ ਦਿੱਤੀ ਜਾਵੇਗੀ ਅਤੇ ਨਾ ਹੀ ਵਿਕਾਸ ਕਾਰਜਾਂ ਦੀ ਰਫ਼ਤਾਰ ਰੁਕਣ ਦਿੱਤੀ ਜਾਵੇਗੀ।ਪੰਜਾਬੀ ਖਬਰਾਂ/ ਖਬਰਾਂ/Punjab/ਅਕਾਲੀ ਦਲ, ਕਾਂਗਰਸ ਅਤੇ ਭਾਜਪਾ ‘ਤੇ ਮੁੱਖ ਮੰਤਰੀ ਦਾ ਤਿੱਖਾ ਨਿਸ਼ਾਨਾ, ਕਿਹਾ– ਲੋਕ ਕੰਮਾਂ ਦੇ ਆਧਾਰ ‘ਤੇ ਦੇਣਗੇ ਫ਼ੈਸਲਾRead More
Rozana Times















