
ਜੇਕਰ ਪੰਜਾਬ ਨੂੰ ਬਚਾਉਣਾ ਹੈ ਤਾਂ ਲਭ ਲਓ ਚੰਗਾ ਮੁੱਖ ਮੰਤਰੀ : ਸੁਖਬੀਰ ਬਾਦਲ
ਸ਼੍ਰੋਮਣੀ ਅਕਾਲੀ ਦਲ ਵੱਲੋਂ ਚਲਾਈ ਜਾ ਰਹੀ ‘ਪੰਜਾਬ ਬਚਾਓ ਯਾਤਰਾ’ ਤਹਿਤ ਸਾਹਨੇਵਾਲ ਵਿਖੇ ‘ਪੰਜਾਬ ਬਚਾਓ ਰੈਲੀ’ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਤਿੱਖੇ ਸ਼ਬਦੀ ਹਮਲੇ ਕੀਤੇ। ਆਪਣੀ ਸਰਕਾਰ ਵੇਲੇ ਦੇ ਕੰਮਾਂ ਦਾ ਜ਼ਿਕਰ ਕਰਦੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜੋ ਕੁਝ ਵੀ ਅੱਜ ਪੰਜਾਬ ‘ਚ ਬਣਿਆ ਹੋਇਆ ਹੈ, ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਹੀ ਬਣਾਇਆ ਗਿਆ ਹੈ। ਭਾਖੜਾ ਡੈਮ ਤੋਂ ਬਗੈਰ ਸਾਰੇ ਡੈਮ ਬਾਦਲ ਸਾਬ੍ਹ ਦੇ ਬਣਾਏ ਹੋਏ ਹਨ। ਪੰਜਾਬ ਵਿਚ ਏਅਰਪੋਰਟ ਵੀ ਬਾਦਲ ਸਾਬ੍ਹ ਵੇਲੇ ਹੀ ਬਣਾਏ ਗਏ ਹਨ।
ਕਾਂਗਰਸ ਜਾਂ ਆਮ ਆਦਮੀ ਪਾਰਟੀ ਵਾਲੇ ਕੋਈ ਇਕ ਨਿਸ਼ਾਨੀ ਪੰਜਾਬ ਦੇ ਵਿਕਾਸ ਸਬੰਧੀ ਦੱਸ ਨਹੀਂ ਸਕਦੀ, ਜੋ ਉਨ੍ਹਾਂ ਨੇ ਬਣਾਈ ਹੋਵੇ। ਆਟਾ-ਦਾਲ ਦੀ ਸਕੀਮ, ਸ਼ਗਨ ਸਕੀਮ ਸਮੇਤ ਹੋਰ ਕਈ ਸਕੀਮਾਂ ਹਨ, ਜੋ ਬਾਦਲ ਸਾਬ੍ਹ ਵੇਲੇ ਹੀ ਬਣਾਈਆਂ ਗਈਆਂ ਸਨ। ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਤੰਜ ਕੱਸਦੇ ਸੁਖਬੀਰ ਬਾਦਲ ਨੇ ਕਿਹਾ ਕਿ ਅੱਜਕੱਲ੍ਹ ਪੰਜਾਬ ਵਿਚ ਸਾਰੀਆਂ ਸਕੀਮਾਂ ਬੰਦ ਹੋ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਕਈ ਵਾਰ ਲੋਕ ਅਜਿਹਾ ਫ਼ੈਸਲਾ ਲੈ ਲੈਂਦੇ ਹਨ, ਜਿਸ ਦਾ ਸੂਬੇ ਨੂੰ ਨੁਕਸਾਨ ਵੀ ਹੋ ਜਾਂਦਾ ਹੈ। ਉਨ੍ਹਾਂ ਅਪੀਲ ਕੀਤੀ ਕਿ ਜੇਕਰ ਪੰਜਾਬ ਨੂੰ ਬਚਾਉਣਾ ਹੈ ਤਾਂ ਆਉਣ ਵਾਲੀਆਂ ਚੋਣਾਂ ਵਿਚ ਚੰਗਾ ਮੁੱਖ ਮੰਤਰੀ ਲੱਭ ਲਿਓ। ਰਾਜਾ ਵੜਿੰਗ ‘ਤੇ ਤੰਜ ਕੱਸਦੇ ਕਿਹਾ ਕਿ ਕਾਂਗਰਸੀਆਂ ਨੂੰ ਤਾਂ ਪਾੜ੍ਹਾ ਹੀ ਨਹੀਂ ਆਉਂਦਾ। ਕਾਂਗਰਸੀਆਂ ਦੇ ਲੀਡਰ ਜੇਕਰ ਮੁੱਖ ਮੰਤਰੀ ਬਣੇ ਤਾਂ ਇਹ ਫਿਰ ਸਾਰੇ ਹੀ ਨੌਜਵਾਨ ਪੰਜਾਬ ‘ਚੋਂ ਫੇਲ੍ਹ ਕਰ ਦੇਣਗੇ। ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਨੂੰ ਤਾਂ ਇਹ ਵੀ ਪਤਾ ਨਹੀਂ ਲੱਗਦਾ ਕਿ ਕੀ ਬੋਲਣਾ ਹੈ ਤਾਂ ਕੀ ਨਹੀਂ। ਕਾਂਗਰਸੀਆਂ ਵਾਸਤੇ ਤਾਂ ਇਕ ਹੀ ਨਿਸ਼ਾਨਾ ਹੁੰਦਾ ਹੈ ਕਿ ਸਿਰਫ਼ ਬਾਦਲ ਪਰਿਵਾਰ ਖ਼ਿਲਾਫ਼ ਬੋਲਣਾ। ਉਨ੍ਹਾਂ ਭਗਵੰਤ ਮਾਨ ਨੂੰ ‘ਮਲੰਗ’ ਕਹਿੰਦੇ ਹੋਏ ਕਿਹਾ ਕਿ ਮਲੰਗ ਵਾਲੇ ਵੀ ਪੰਜ ਸਾਲ ਤੋਂ ਪੰਜਾਬ ਵਿਚ ਰਾਜ ਕਰ ਰਹੇ ਹਨ ਪਰ ਉਨ੍ਹਾਂ ਨੇ ਵੀ ਪੰਜਾਬ ਲਈ ਕੁਝ ਨਹੀਂ ਕੀਤਾ। ਜੋ ਕੁਝ ਵੀ ਪੰਜਾਬ ਵਿਚ ਬਣਾਇਆ ਹੈ, ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵੇਲੇ ਹੀ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਪੰਜਾਬ ਵਿਚ ਸਰਕਾਰ ਬਣਾਉਣ ਲਈ ਇਕ ਮੌਕਾ ਮਕਦੇ ਸਨ। ਇਕ ਮੌਕਾ ਮੰਗ ਕੇ ਹੀ ਪੰਜਾਬ ਨੂੰ ਭਗਵੰਤ ਮਾਨ ਨੇ ਤਬਾਹ ਕਰਕੇ ਰੱਖ ਦਿੱਤਾ ਹੈ। ਪੰਜਾਬ ਵਿਚ ਲਗਾਤਾਰ ਫਿਰੌਤੀ ਲਈ ਕਾਲਾਂ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਆਵੇਗੀ ਤਾਂ ਪੰਜਾਬ ਵਿਚ ਡਰੱਗ ਮਾਫ਼ੀਆ ਨੂੰ ਕੱਢਣ ਲਈ ਕਾਨੂੰਨ ਲਿਆਂਦਾ ਜਾਵੇਗਾ ਅਤੇ ਗੈਂਗਸਟਰ ਨੂੰ ਅੱਤਵਾਦ ਦਾ ਟੈਗ ਦਿੱਤਾ ਜਾਵੇਗਾ। ਗੈਂਗਸਟਰਾਂ ਦੀਆਂ ਸਾਰੀਆਂ ਜਾਇਦਾਦਾਂ ਨੂੰ ਕੁਰਕ ਕੀਤਾ ਜਾਵੇਗਾ। ਜੇ ਪੰਜਾਬ ਵਿਚੋਂ ਗੈਂਗਸਰਵਾਦ ਖ਼ਤਮ ਹੋਵੇਗਾ ਤਾਂ ਹੀ ਪੰਜਾਬ ਬਚੇਗਾ। ਉਨ੍ਹਾਂ ਕਿਹਾ ਕਿ ਜਿਵੇਂ ਵੱਡੇ ਬਾਦਲ ਨੇ ਸਰਕਾਰ ਚਲਾਈ ਸੀ, ਉਸੇ ਤਰ੍ਹਾਂ ਹੀ ਅਸੀਂ ਵੀ ਸਰਕਾਰ ਬਣਾਵਾਂਗੇ। ਪੰਜਾਬ ਵਿਚ ਅਜਿਹੀ ਸ਼ਾਂਤੀ ਹੋਵੇਗੀ ਕਿਸੇ ਵੀ ਗੈਂਗਸਟਰ ਨੂੰ ਖੰਘਣ ਨਹੀਂ ਦਿੱਤਾ ਜਾਵੇਗਾ।













