ਹੁਸ਼ਿਆਰਪੁਰ ਦੀ ਕੰਢੀ ਕਨਾਲ ਨਹਿਰ ’ਚ 3 ਨੌਜਵਾਨ ਰੁੜ੍ਹੇ, 1 ਦੀ ਹੋਈ ਮੌਤ

ਅੱਜ ਸ਼ਾਮ ਪਿੰਡ ਬਸੀ ਮਰੂਫ਼ (ਹੁਸ਼ਿਆਰਪੁਰ) ਨਜ਼ਦੀਕ ਕੰਢੀ ਕਨਾਲ ਨਹਿਰ ’ਚ ਨਹਾਉਂਦੇ ਤਿੰਨ ਨੌਜਵਾਨ ਤੇਜ਼ ਪਾਣੀ ਦੇ ਵਹਾਅ ’ਚ ਰੁੜ੍ਹ ਗਏ ਜਿਨ੍ਹਾਂ ’ਚੋਂ ਦੋ ਨੌਜਵਾਨ ਤੈਰ ਕੇ ਬਾਹਰ ਆ ਗਏ ਜਦਕਿ 1 ਨੌਜਵਾਨ ਦੀ ਪਾਣੀ ’ਚ ਡੁੱਬ ਜਾਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮ੍ਰਿਤਕ ਰੁਸਤਮ (23) ਦੇ ਪਿਤਾ ਮਹੇਸ਼ ਸਾਹਨੀ ਵਾਸੀ ਮੁਹੱਲਾ ਆਕਾਸ਼ ਕਾਲੋਨੀ ਹੁਸ਼ਿਆਰਪੁਰ ਨੇ ਦੱਸਿਆ ਕਿ ਉਹ ਆਪਣੇ ਦੋਸਤਾਂ ਸੋਨੂੰ ਕੁਮਾਰ ਤੇ ਅਮਰਨਾਥ ਕੁਮਾਰ ਨਾਲ ਸ਼ਾਮ ਸਮੇਂ ਘੁੰਮਣ ਗਿਆ ਸੀ ਤੇ ਇਸ ਦੌਰਾਨ ਉਹ ਨਹਿਰ ’ਚ ਨਹਾਉਣ ਲੱਗ ਪਏ।

ਉਸ ਨੇ ਦੱਸਿਆ ਕਿ ਇਸ ਦੌਰਾਨ ਉਹ ਤੇਜ਼ ਪਾਣੀ ਦੇ ਵਹਾਅ ’ਚ ਆ ਗਿਆ ਤੇ ਡੁੱਬਣ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਸ ਦਾ ਦੋਸਤ ਸੋਨੂੰ ਕੁਮਾਰ ਤੇ ਅਮਰਨਾਥ ਕੁਮਾਰ ਤੈਰ ਕੇ ਨਹਿਰ ’ਚੋਂ ਬਾਹਰ ਆ ਗਏ। ਉਸ ਨੇ ਦੱਸਿਆ ਕਿ ਰੁਸਤਮ ਫੇਰੀ ਲਗਾਉਣ ਦਾ ਕੰਮ ਕਰਦਾ ਸੀ ਤੇ ਉਸ ਦਾ ਇੱਕ 6 ਮਹੀਨੇ ਦਾ ਬੱਚਾ ਵੀ ਹੈ। ਘਟਨਾ ਦਾ ਪਤਾ ਲੱਗਦਿਆਂ ਹੀ ਥਾਣਾ ਹਰਿਆਣਾ ਦੇ ਐੱਸ.ਐੱਚ.ਓ. ਨਰਿੰਦਰ ਕੁਮਾਰ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚ ਗਏ ਤੇ ਉਨ੍ਹਾਂ ਦੱਸਿਆ ਕਿ ਰੁਸਤਮ ਦੀ ਲਾਸ਼ ਸਾਈਫ਼ਨ ’ਚ ਫਸੀ ਹੋਈ ਹੈ ਜਿਸ ਨੂੰ ਭਾਖੜਾ ਨੰਗਲ ਤੋਂ ਮਾਹਿਰ ਟੀਮ ਆ ਕੇ ਬਾਹਰ ਕੱਢੇਗੀ।

See also  ਚੰਡੀਗੜ੍ਹ ਬਾਡਰ ਤੇ ਬਣਿਆ ਸਿੰਘੂ ਬਾਰਡਰ ਵਰਗਾ ਮਾਹੌਲ, ਹਜ਼ਾਰਾ ਦੀ ਤਦਾਤ 'ਚ ਪਹੁੰਚੇ ਕਿਸਾਨ