ਹਿੰਦੂ-ਸਿੱਖ ਏਕਤਾ ਪੰਜਾਬ ਦੀ ਤਰੱਕੀ ਦੀ ਬੁਨਿਆਦ: ਅਮਿਤ ਸ਼ਾਹ

0
7

ਭਾਜਪਾ ਨੇ ਪੰਜਾਬ ਵਿੱਚ ਮਿਸ਼ਨ 2027 ਮੁਹਿੰਮ ਦਾ ਅੱਜ ਕਿਲੀ ਚਾਹਲਾਂ ਤੋਂ ਰਸਮੀ ਆਗ਼ਾਜ਼ ਕਰ ਦਿੱਤਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਪੰਜਾਬ ’ਚੋਂ ਬੇਰੁਜ਼ਗਾਰੀ, ਨਸ਼ਿਆਂ ਤੇ ਗੈਂਗਸਟਰਾਂ ਦੇ ਖ਼ਾਤਮੇ ਅਤੇ ਧਰਮ ਪਰਿਵਰਤਨ ਰੋਕਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੀਡਰਸ਼ਿਪ ਹੇਠ ਡਬਲ ਇੰਜਣ ਸਰਕਾਰ ਬਣਾਉਣ ਦੀ ਲੋੜ ਹੈ। ‘ਹਿੰਦੂ-ਸਿੱਖ ਏਕਤਾ’ ਨੂੰ ਪੰਜਾਬ ਦੀ ਤਰੱਕੀ ਦੀ ਬੁਨਿਆਦ ਕਰਾਰ ਦਿੰਦਿਆਂ ਉਨ੍ਹਾਂ ਸੂਬੇ ਵਿੱਚ ਭਾਜਪਾ ਦੀ ਸਰਕਾਰ ਬਣਾਉਣ ਲਈ ਲੋਕਾਂ ਨੂੰ ਦੋਵੇਂ ਹੱਥ ਖੜ੍ਹੇ ਕਰ ਕੇ ਅਹਿਦ ਲੈਣ ਲਈ ਕਿਹਾ। ਉਨ੍ਹਾਂ ਕਿਹਾ ਕਿ ਜੇ ਪੰਜਾਬ ’ਚ ਭਾਜਪਾ ਦੀ ਸਰਕਾਰ ਬਣੀ ਤਾਂ ਜਬਰੀ ਧਰਮ ਪਰਿਵਰਤਨ ਵਿਰੁੱਧ ਕਾਨੂੰਨ ਲਿਆਂਦਾ ਜਾਵੇਗਾ।

ਸੂਬੇ ’ਚ ਸਿਆਸੀ ਜ਼ਮੀਨ ਤਲਾਸ਼ ਰਹੀ ਭਾਜਪਾ ਦੀ ਕਿਲੀ ਚਾਹਲਾਂ ਵਿਖੇ ‘ਬਦਲਾਅ ਰੈਲੀ’ ’ਚ ਕੇਸਰੀ ਦਸਤਾਰ ਸਜਾ ਕੇ ਪੁੱਜੇ ਸ਼ਾਹ ਨੇ ਆਪਣੇ ਲਗਭਗ 30 ਮਿੰਟ ਦੇ ਭਾਸ਼ਣ ਵਿਚ ‘ਜੋ ਬੋਲੇ ਸੋ ਨਿਹਾਲ’, ‘ਭਾਰਤ ਮਾਤਾ ਦੀ ਜੈ’ ਅਤੇ ‘ਵੰਦੇ ਮਾਤਰਮ’ ਦੇ ਨਾਅਰੇ ਲਾਏ। ਉਨ੍ਹਾਂ ਗੁਰੂਆਂ, ਸ਼ਹੀਦ ਭਗਤ ਸਿੰਘ, ਸ਼ਿਵਰਾਮ ਰਾਜਗੁਰੂ ਅਤੇ ਸੁਖਦੇਵ ਥਾਪਰ ਦੀ ਕੁਰਬਾਨੀ ਨੂੰ ਵੀ ਯਾਦ ਕੀਤਾ। ਉਨ੍ਹਾਂ ਦਰਬਾਰ ਸਾਹਿਬ ਉੱਤੇ ਹਮਲਾ, ਦਿੱਲੀ ਦੰਗਿਆਂ ਸਮੇਤ ਕਈ ਹੋਰ ਸੰਵੇਦਨਸ਼ੀਲ ਮੁੱਦੇ ਵੀ ਉਭਾਰੇ ਅਤੇ ਹਾਕਮ ਧਿਰ ‘ਆਪ’ ਦੇ ਆਗੂਆਂ ਤੇ ਕਾਂਗਰਸ ਆਗੂ ਰਾਹੁਲ ਗਾਂਧੀ ਉੱਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਸ਼ਾਸਨ ਦੌਰਾਨ ਅਤਿਵਾਦ ਅਤੇ ਹਿੰਸਾ ਪ੍ਰਚਲਿਤ ਸੀ। ਅਮਿਤ ਸ਼ਾਹ ਨੇ ਕਿਹਾ ਕਿ ਪੰਜਾਬ ਸਰਕਾਰ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਲਈ ਏ ਟੀ ਐੱਮ ਬਣੀ ਗਈ ਹੈ। ਉਨ੍ਹਾਂ ਮੌਜੂਦਾ ਸਰਕਾਰ ਨੂੰ ਦਿੱਲੀ ਦੇ ਚਾਰ ਆਗੂਆਂ ਅਤੇ ‘ਰਿਮੋਟ ਕੰਟਰੋਲ’ ਵਾਲੀ ਸਰਕਾਰ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਚੁਟਕਲੇ ਸੁਣਾਉਣ ਵਾਲੇ ਦੀ ਨਹੀਂ ਸਗੋਂ ਚੰਗੇ ਸ਼ਾਸਕ ਦੀ ਲੋੜ ਹੈ।