ਹਰ ਸ਼ੁਕਰਵਾਰ, ਡੇਂਗੂ ‘ਤੇ ਵਾਰ ਮੁਹਿੰਮ ਜਾਰੀ ਰੱਖਦਿਆਂ ਸਿਹਤ ਮੰਤਰੀ ਨੇ ਮੁਹਾਲੀ ਵਿੱਚ ਘਰ-ਘਰ ਜਾ ਕੇ ਕੀਤੀ ਚੈਕਿੰਗ 

ਸੂਬੇ ਵਿੱਚ ਡੇਂਗੂ ਦੇ ਕੇਸਾਂ ਵਿੱਚ ਕਮੀ ਆਉਣ ਦੇ ਬਾਵਜੂਦ ਲੋਕਾਂ ਨੂੰ ਨਵੰਬਰ ਤੱਕ ਸੁਚੇਤ ਰਹਿਣ ਦੀ ਲੋੜ: ਡਾ. ਬਲਬੀਰ ਸਿੰਘ
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਸਿਹਤਮੰਦ ਰੱਖਣ ਲਈ ਵਚਨਬੱਧ
ਸਿਹਤ ਟੀਮਾਂ ਨੇ ਵਾਰ-ਵਾਰ ਉਲੰਘਣਾ ਕਰਨ ਵਾਲੇ 8000 ਵਿਅਕਤੀਆਂ ਦੇ ਕੀਤੇ ਚਲਾਨ 
ਚੰਡੀਗੜ੍ਹ/ਐਸ.ਏ.ਐਸ.ਨਗਰ, 15 ਸਤੰਬਰ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਦੇ ਲੋਕਾਂ ਨੂੰ ਵੈਕਟਰ-ਬੋਰਨ ਬਿਮਾਰੀਆਂ ਤੋਂ ਬਚਾਉਣ ਲਈ ਵਿੱਢੀ ਵਿਸ਼ੇਸ਼ ਮੁਹਿੰਮ ‘ਹਰ ਸ਼ੁਕਰਵਾਰ, ਡੇਂਗੂ ‘ਤੇ ਵਾਰ’ ਨੂੰ ਜਾਰੀ ਰੱਖਦਿਆਂ, ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਦੀ ਅਗਵਾਈ ‘ਚ ਅੱਜ ਸਿਹਤ ਟੀਮਾਂ ਨੇ ਮੋਹਾਲੀ ਦੇ ਪਿੰਡ ਸੋਹਾਣਾ ਵਿਖੇ ਘਰ-ਘਰ ਜਾ ਕੇ ਚੈਕਿੰਗ ਕੀਤੀ। ਜ਼ਿਕਰਯੋਗ ਹੈ ਕਿ ਇਹ ਮੁਹਿੰਮ 4 ਅਗਸਤ ਨੂੰ ਸ਼ੁਰੂ ਕੀਤੀ ਗਈ ਸੀ। ਆਪਣੇ ਇਸ ਦੌਰੇ ਦੌਰਾਨ ਅੱਜ ਸਿਹਤ ਮੰਤਰੀ ਨੇ ਵੱਖ-ਵੱਖ ਇਲਾਕਿਆਂ ਵਿੱਚ ਕਈ ਘਰਾਂ ਦੀ ਚੈਕਿੰਗ ਕੀਤੀ। ਇਸ ਦੌਰਾਨ ਮੱਛਰਾਂ ਦੇ ਲਾਰਵਾ ਦੇ ਹੌਟਸਪੌਟਸ ਜਿਵੇਂ ਕੂਲਰ, ਫਰਿੱਜਾਂ ਹੇਠ ਰੱਖੀਆਂ ਟਰੇਆਂ, ਖੁੱਲ੍ਹੇ ਵਿੱਚ ਪਏ ਬਰਤਨ, ਨਾਲਿਆਂ ਆਦਿ ਵਿੱਚ ਲਾਰਵਾ ਪਾਇਆ ਗਿਆ। ਉਨ੍ਹਾਂ ਕਿਹਾ ਕਿ ਭਾਵੇਂ ਸੂਬੇ ਵਿੱਚ ਡੇਂਗੂ ਦੇ ਕੇਸਾਂ ਵਿੱਚ ਕਮੀ ਆਉਣੀ ਸ਼ੁਰੂ ਹੋ ਗਈ ਹੈ ਪਰ ਫਿਰ ਵੀ ਲੋਕਾਂ ਨੂੰ ਘੱਟੋ-ਘੱਟ ਨਵੰਬਰ ਤੱਕ ਸੁਚੇਤ ਰਹਿਣ ਦੀ ਲੋੜ ਹੈ ਅਤੇ ਉਹ ਆਪਣੇ ਆਲੇ-ਦੁਆਲੇ ਪਾਣੀ ਖੜ੍ਹਾ ਨਾ ਹੋਣ ਦੇ ਕੇ ਇਸ ਜਾਨਲੇਵਾ ਬੀਮਾਰੀ ਤੋਂ ਆਸਾਨੀ ਨਾਲ ਬਚ ਸਕਦੇ ਹਨ।
ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਡੇਂਗੂ ਦੇ ਲਾਰਵੇ, ਜਿਸ ਨੂੰ ਮੱਛਰ ਬਣਨ ਲਈ ਇੱਕ ਹਫ਼ਤਾ ਲੱਗ ਜਾਂਦਾ ਹੈ, ਦੇ ਪ੍ਰਜਨਨ ਨੂੰ ਰੋਕਣ ਲਈ ਹਰੇਕ ਸ਼ੁੱਕਰਵਾਰ ਨੂੰ ਆਪਣੇ ਆਲੇ-ਦੁਆਲੇ ਖੜ੍ਹੇ ਹੋਏ ਪਾਣੀ ਦਾ ਨਿਕਾਸ ਕਰਨ। ਵਾਰ-ਵਾਰ ਉਲੰਘਣਾ ਕਰਨ ਵਾਲਿਆਂ ਨੂੰ ਜੁਰਮਾਨੇ ਕੀਤੇ ਜਾਣ ਬਾਰੇ ਮੀਡੀਆ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਡਾ. ਬਲਬੀਰ ਸਿੰਘ ਨੇ ਕਿਹਾ ਹਲਾਂਕਿ ਇਸ ਮੁਹਿੰਮ ਦਾ ਉਦੇਸ਼ ਲੋਕਾਂ ਨੂੰ ਡਰਾਉਣਾ ਨਹੀਂ ਬਲਕਿ ਜਾਗਰੂਕ ਕਰਨਾ ਹੈ, ਪਰ ਇਸ ਦੇ ਬਾਵਜੂਦ ਵੀ ਵਾਰ-ਵਾਰ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਿਹਤ ਟੀਮਾਂ ਵੱਲੋਂ ਹੁਣ ਤੱਕ ਡੇਂਗੂ ਦਾ ਲਾਰਵਾ ਮਿਲਣ ‘ਤੇ ਘੱਟੋ-ਘੱਟ 8000 ਚਲਾਨ ਕੀਤੇ ਗਏ ਹਨ।  ਜ਼ਿਕਰਯੋਗ ਹੈ ਕਿ ਇਸ ਜਾਗਰੂਕਤਾ ਮੁਹਿੰਮ ਨੂੰ ਸ਼ੁਰੂ ਕਰਨ ਪਿੱਛੇ ਮੁੱਖ ਮੰਤਰੀ ਭਗਵੰਤ ਮਾਨ ਦਾ ਉਦੇਸ਼ ਲੋਕਾਂ ਨੂੰ ਜਾਗਰੂਕ ਕਰਕੇ ਅਤੇ ਇਸ ਨੂੰ ਜਨ ਪੱਧਰੀ ਮੁਹਿੰਮ ਬਣਾ ਕੇ ਡੇਂਗੂ ਦੀ ਬਿਮਾਰੀ ਦੇ ਫੈਲਾਅ ਨੂੰ ਰੋਕਣਾ ਹੈ ਜੋ ਭਾਈਚਾਰਕ ਸ਼ਮੂਲੀਅਤ ਨਾਲ ਹੀ ਸੰਭਵ ਹੋ ਸਕਦਾ ਹੈ।
See also  ਅਮਨ ਅਰੋੜਾ ਵੱਲੋਂ ਪ੍ਰਸ਼ਾਸਨ ਤੇ ਜਨਤਕ ਸੇਵਾਵਾਂ ਪ੍ਰਣਾਲੀ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਆਈ.ਐਸ.ਬੀ. ਭਾਰਤੀ ਇੰਸਟੀਚਿਊਟ ਆਫ਼ ਪਬਲਿਕ ਪਾਲਿਸੀ ਦੀ ਟੀਮ ਨਾਲ ਵਿਚਾਰ-ਵਟਾਂਦਰਾ

Related posts: