ਵਿਸਾਖੀ ਜੋੜ ਮੇਲੇ ਮੌਕੇ ਹਜ਼ਾਰਾਂ ਸੰਗਤਾਂ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਈਆਂ

ਖ਼ਾਲਸਾ ਸਾਜਨਾ ਦਿਵਸ ‘ਵਿਸਾਖੀ’ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਆਯੋਜਿਤ ਕੀਤਾ ਗਿਆ ਚਾਰ ਰੋਜ਼ਾ ਜੋੜ ਮੇਲਾ ਸ਼ਾਮ ਸਮੇਂ ਗੁਰੂ ਕੀਆਂ ਲਾਡਲੀਆਂ ਨਿਹੰਗ ਸਿੰਘਾਂ ਫੌਜਾਂ ਵੱਲੋਂ ਮਹੱਲਾ ਕੱਢਣ ਦੇ ਨਾਲ ਹੀ ਰਸਮੀ ਤੌਰ ’ਤੇ ਸਮਾਪਤ ਹੋ ਗਿਆ। ਜੋੜ ਮੇਲੇ ਦੇ ਆਖਰੀ ਦਿਨ ਵੀ ਹਜ਼ਾਰਾਂ ਦੀ ਗਿਣਤੀ ’ਚ ਸੰਗਤਾਂ ਤਖ਼ਤ ਸਾਹਿਬ ਅਤੇ ਹੋਰਨਾਂ ਇਤਿਹਾਸਕ ਗੁਰਦੁਆਰਾ ਸਾਹਿਬਾਨ ’ਚ ਨਤਮਸਤਕ ਹੋਈਆਂ। ਪਿਛਲੇ ਚਾਰ ਦਿਨਾਂ ਵਾਂਗ ਬੀਤੇ ਦਿਨ ਸਵੇਰ ਤੋਂ ਹੀ ਵੱਡੀ ਗਿਣਤੀ ‘ਚ ਸੰਗਤਾਂ ਨੇ ਪਾਵਨ ਸਰੋਵਰਾਂ ’ਚ ਇਸ਼ਨਾਨ ਕਰ ਤਖ਼ਤ ਸਾਹਿਬ ਅਤੇ ਹੋਰਨਾਂ ਇਤਿਹਾਸਕ ਗੁਰਦੁਆਰਾ ਸਾਹਿਬਾਨ ਵਿਖੇ ਮੱਥਾ ਟੇਕਿਆ ਅਤੇ ਪਰਿਵਾਰਾਂ ਦੀ ਸੁੱਖ-ਸ਼ਾਂਤੀ ਲਈ ਅਰਦਾਸਾਂ ਕੀਤੀਆਂ, ਤਖ਼ਤ ਸਾਹਿਬ ਦੇ ਗੁ. ਦਮਦਮਾ ਸਾਹਿਬ ਵਿਖੇ ਪ੍ਰਬੰਧਕਾਂ ਵੱਲੋਂ ਲਾਈ ਗਈ ਤਖ਼ਤ ਸਾਹਿਬ ਦੇ ਇਤਿਹਾਸ ਦੀ ਫੋਟੋ ਪ੍ਰਦਰਸ਼ਨੀ ਸੰਗਤਾਂ ਦੀ ਖਿੱਚ ਦਾ ਕੇਂਦਰ ਬਣੀ ਰਹੀ। ਜਿੱਥੇ ਤਖ਼ਤ ਸਾਹਿਬ ਕੰਪਲੈਕਸ ਦੇ ਖੁੱਲ੍ਹੇ ਮੈਦਾਨ ’ਚ ਪੰਥ ਪ੍ਰਸਿੱਧ ਢਾਡੀ ਜਥਿਆਂ ਨੇ ਸੰਗਤਾਂ ਨੂੰ ਖ਼ਾਲਸੇ ਦੀ ਸਿਰਜਨਾ ਮੌਕੇ ਦੇ ਇਤਿਹਾਸਿਕ ਵਿਰਤਾਂਤ ਤੋਂ ਢਾਡੀ ਵਾਰਾਂ ਰਾਹੀਂ ਜਾਣੂ ਕਰਵਾਇਆ, ਉੱਥੇ ਹੀ ਸ਼੍ਰੋਮਣੀ ਕਮੇਟੀ ਵੱਲੋਂ ਅੰਮ੍ਰਿਤ ਸੰਚਾਰ ਵੀ ਕਰਵਾਇਆ ਗਿਆ,ਜੋੜ ਮੇਲੇ ਮੌਕੇ ਸੈਂਕੜਿਆਂ ਦੀ ਗਿਣਤੀ ’ਚ ਪ੍ਰਾਣੀ ਖੰਡੇ ਬਾਟੇ ਦੀ ਪਾਹੁਲ ਛਕ ਗੁਰੂ ਵਾਲੇ ਬਣੇ। ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਦੱਸਿਆ ਕਿ ਤਖ਼ਤ ਸਾਹਿਬ ਦੇ ਮੈਨੇਜਰ ਭਾਈ ਰਣਜੀਤ ਸਿੰਘ ਨੇ ਜੋੜ ਮੇਲੇ ਦੌਰਾਨ ਸਹਿਯੋਗ ਦੇਣ ਵਾਲੀਆਂ ਸ਼ਖਸ਼ੀਅਤਾਂ ਨੂੰ ਵਿਸ਼ੇਸ ਤੌਰ ’ਤੇ ਸਨਮਾਨਿਤ ਕੀਤਾ। ਜੋੜ ਮੇਲੇ ਦੌਰਾਨ ਵੱਡੀ ਗਿਣਤੀ ’ਚ ਪਿੰਡਾਂ ਤੋਂ ਪੁੱਜੇ ਲੋਕ ਝੂਲਿਆਂ ਦਾ ਆਨੰਦ ਮਾਣਦੇ ਵੀ ਦਿਖਾਈ ਦਿੱਤੇ।

post by parmvir singh

See also  ਪਰਾਲੀ ਦੇ ਵੱਧਦੇ ਮਾਮਲੇ ਤੇ ਹੁਣ DGP ਨੇ ਇਨ੍ਹਾਂ ਜ਼ਿਲ੍ਹਿਆਂ ਦੇ SSP ਨੂੰ ਜਾਰੀ ਕੀਤਾ ਕਾਰਨ ਦੱਸੋ ਨੋਟਿਸ