ਲੁਧਿਆਣਾ ਐਸਟੀਐਫ ਇੰਸੈਕਟਰ ਹਰਬੰਸ ਦੀ ਅਗਵਾਈ ਵਾਲੀ ਟੀਮ ਨੇ ਇੱਕ ਮੁਲਜ਼ਮ ਨੂੰ 1 ਕਿਲੋ 120 ਗ੍ਰਾਮ ਹੈਰੋਇਨ ਅਤੇ ਐਕਟਿਵਾ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਆਕਾਸ਼ ਕੁਮਾਰ ਉਰਫ ਸੁਦੀ ਕੁਮਾਰ ਵਾਸੀ ਘੋੜਾ ਕਲੋਨੀ, ਲੁਧਿਆਣਾ ਵਜੋਂ ਹੋਈ ਹੈ।
ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐਸਟੀਐਫ ਲੁਧਿਆਣਾ ਦੇ ਡੀ ਐਸ ਪੀ ਦਵਿੰਦਰ ਚੌਧਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮਨਜੀਤ ਸਿੰਘ ਅਤੇ ਮੰਨੂ ਵਾਸੀ ਤਾਜਪੁਰ ਰੋਡ, ਲੁਧਿਆਣਾ ਅਤੇ ਆਕਾਸ਼ ਪਿਛਲੇ ਕਾਫੀ ਸਮੇਂ ਤੋਂ ਹੈਰੋਇਨ ਵੇਚਣ ਦਾ ਨਾਜਾਇਜ਼ ਧੰਦਾ ਕਰਦੇ ਹਨ। ਮਨੂ ਵਲੋਂ ਐਕਟਿਵਾ ਸਕੂਟੀ ‘ਤੇ ਹੈਰੋਇਨ ਸਪਲਾਈ ਕਰਨ ਲਈ ਆਕਾਸ਼ ਨੂੰ ਮੋਤੀ ਨਗਰ ਵੱਲ ਭੇਜਿਆ ਜਾਣਾ ਹੈ। ਜਿਸ ‘ਤੇ ਐਸਟੀਐਫ ਮੋਹਾਲੀ ਥਾਣੇ ‘ਚ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਗੁਪਤ ਸੂਚਨਾ ਦੇ ਆਧਾਰ ‘ਤੇ ਵਰਧਮਾਨ ਲਾਈਟਾਂ ਤੋਂ ਤਾਜਪੁਰ ਰੋਡ ਨੂੰ ਜਾਂਦੀ ਸੜਕ ਦੇ ਏਰੀਏ ਤੋਂ ਆਕਾਸ਼ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸਦੀ ਐਕਟਿਵ ਸਕੁਟੀ ਦੀ ਡਿੱਗੀ ‘ਚੋਂ 1 ਕਿਲੋ 120 ਗ੍ਰਾਮ ਹੈਰੋਇਨ, ਦੋ ਛੋਟੇ ਇਲੈਕਟ੍ਰਾਨਿਕ ਕੰਡੇ ਅਤੇ 70 ਖਾਲੀ ਪਲਾਸਟਿਕ ਦੇ ਲਿਫਾਫੇ ਬਰਾਮਦ ਹੋਏ। ਜਦਕਿ ਫਰਾਰ ਮੁਲਜ਼ਮ ਮਨਜੀਤ ਦਾ ਆਧਾਰ ਕਾਰਡ ਅਤੇ ਪੈਨ ਕਾਰਡ ਵੀ ਬਰਾਮਦ ਕਰ ਲਿਆ ਗਿਆ ਹੈ।
ਪੁੱਛਗਿੱਛ ਦੌਰਾਨ ਆਕਾਸ਼ ਨੇ ਦੱਸਿਆ ਕਿ ਉਹ ਹੋਰ ਕੋਈ ਕੰਮ ਨਹੀਂ ਕਰਦਾ ਅਤੇ ਸਿਰਫ ਹੈਰੋਇਨ ਦੀ ਤਸਕਰੀ ਦਾ ਨਾਜਾਇਜ਼ ਧੰਦਾ ਕਰਦਾ ਹੈ ਅਤੇ ਉਹ ਖੁਦ ਹੈਰੋਇਨ ਦਾ ਆਦੀ ਹੈ। ਜਦਕਿ ਮਨਜੀਤ ਖਿਲਾਫ ਪਹਿਲਾਂ ਵੀ ਥਾਣਾ ਡਵੀਜ਼ਨ ਨੰਬਰ ਸੱਤ ‘ਚ ਮਾਮਲਾ ਦਰਜ ਹੈ। ਜਿਸ ਵਿੱਚੋਂ ਉਹ ਕਰੀਬ 6 ਮਹੀਨੇ ਪਹਿਲਾਂ ਕੇਂਦਰੀ ਜੇਲ੍ਹ ਲੁਧਿਆਣਾ ਤੋਂ ਜ਼ਮਾਨਤ ’ਤੇ ਆਇਆ ਹੈ। ਉਹ ਅਗਵਾ ਅਤੇ ਬਲਾਤਕਾਰ ਦੇ ਦੋਸ਼ ਵਿੱਚ ਦੋ ਸਾਲ ਦੀ ਕੈਦ ਵੀ ਕੱਟ ਚੁੱਕਾ ਹੈ। ਮੁਲਜ਼ਮ ਆਕਾਸ਼ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਸਦਾ ਪੁਲੀਸ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ। ਜੇਕਰ ਸੂਤਰਾਂ ਦੀ ਮੰਨੀਏ ਤਾਂ ਬਰਾਮਦ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ ਕਰੀਬ 6 ਕਰੋੜ ਰੁਪਏ ਦੇ ਨੇੜੇ ਤੇੜੇ ਦੱਸੀ ਜਾ ਰਹੀ ਹੈ।