ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਝੋਨੇ ਦੀ ਲਿਫਟਿੰਗ ਸ਼ੁਰੂ
ਮੰਡੀਆਂ ਵਿੱਚ ਆਏ ਝੋਨੇ ਦੀ ਖਰੀਦ ਦਾ ਸਮਾਂ ਇਕ ਦਿਨ ਤੋਂ ਵੀ ਘੱਟ
ਕਿਸਾਨਾਂ ਦੇ ਖਾਤਿਆਂ ਵਿੱਚ ਸਿੱਧੇ ਤੌਰ ‘ਤੇ 5100 ਕਰੋੜ ਰੁਪਏ ਕੀਤੇ ਟਰਾਂਸਫਰ
ਚੰਡੀਗੜ੍ਹ, 18 ਅਕਤੂਬਰ: ਤਿੰਨ ਦਿਨਾਂ ਦੀ ਬਰਸਾਤ ਤੋਂ ਬਾਅਦ ਮੌਸਮ ਦੇ ਸੁਖਾਵਾਂ ਹੋਣ ਦੇ ਨਾਲ, ਸੂਬੇ ਭਰ ਦੇ ਸਾਰੇ ਜ਼ਿਲ੍ਹਿਆਂ ਵਿੱਚ ਝੋਨੇ ਦੀ ਲਿਫਟਿੰਗ ਸ਼ੁਰੂ ਹੋ ਗਈ ਹੈ ਅਤੇ ਅੱਜ ਇੱਕ ਦਿਨ ਵਿੱਚ ਝੋਨੇ ਦੀਆਂ 18 ਲੱਖ ਬੋਰੀਆਂ ਦੀ ਲਿਫਟਿੰਗ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਦੱਸਿਆ ਕਿ ਅੱਜ ਅੰਮ੍ਰਿਤਸਰ, ਫਾਜ਼ਿਲਕਾ, ਕਪੂਰਥਲਾ, ਰੋਪੜ, ਐਸ.ਏ.ਐਸ.ਨਗਰ, ਪਠਾਨਕੋਟ ਅਤੇ ਤਰਨਤਾਰਨ ਜ਼ਿਲ੍ਹਿਆਂ ਦੇ ਸਾਰੇ ਕੇਂਦਰਾਂ ਵਿੱਚ ਝੋਨੇ ਦੀ ਲਿਫਟਿੰਗ ਨਿਰਵਿਘਨ ਚੱਲ ਰਹੀ ਹੈ, ਜਦਕਿ ਮੋਗਾ, ਫਤਹਿਗੜ੍ਹ ਸਾਹਿਬ, ਐਸ.ਬੀ.ਐਸ. ਨਗਰ, ਲੁਧਿਆਣਾ, ਹੁਸ਼ਿਆਰਪੁਰ, ਜਲੰਧਰ, ਗੁਰਦਾਸਪੁਰ, ਮਾਨਸਾ ਦੇ ਬੋਹਾ ਖੇਤਰ, ਫਿਰੋਜ਼ਪੁਰ ਦੇ ਮੱਖੂ ਅਤੇ ਮੱਲਾਂਵਾਲਾ, ਮੁਕਤਸਰ ਵਿੱਚ ਗਿੱਦੜਬਾਹਾ, ਬਰਨਾਲਾ ਵਿੱਚ ਬਰਨਾਲਾ ਕੇਂਦਰ, ਸੰਗਰੂਰ ਵਿੱਚ ਸੁਨਾਮ, ਧੂਰੀ ਅਤੇ ਖਨੌਰੀ ਵਿੱਚ ਲਿਫਟਿੰਗ ਸ਼ੁਰੂ ਹੋ ਗਈ ਹੈ।
ਮੰਤਰੀ ਨੇ ਅੱਗੇ ਕਿਹਾ ਕਿ ਨਿਰਵਿਘਨ ਖਰੀਦ ਪ੍ਰਕਿਰਿਆ ਨੂੰ ਯਕੀਨੀ ਬਣਾਉਣਾ ਸੂਬਾ ਸਰਕਾਰ ਦੀ ਮੁੱਖ ਤਰਜੀਹ ਹੈ ਅਤੇ ਝੋਨੇ ਦੀ ਕੁੱਲ ਆਮਦ 27 ਲੱਖ ਮੀਟਰਕ ਟਨ ਵਿੱਚੋਂ ਲਗਭਗ 10 ਲੱਖ ਮੀਟਰਕ ਟਨ ਝੋਨੇ ਦੀ ਲਿਫਟਿੰਗ ਹੋ ਚੁੱਕੀ ਹੈ ਅਤੇ ਇਸ ਨੂੰ ਯੋਗ ਰਾਈਸ ਮਿੱਲਾਂ ਵਿੱਚ ਸਟੋਰ ਕੀਤਾ ਜਾ ਚੁੱਕਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸੂਬੇ ਦੀਆਂ ਮੰਡੀਆਂ ਵਿੱਚ ਹਰ ਦਿਨ ਲਗਭਗ 1-1.5 ਲੱਖ ਮੀਟਰਕ ਟਨ ਝੋਨੇ ਦੀ ਆਮਦ ਹੋ ਰਹੀ ਹੈ ਅਤੇ ਦਿਨ ਦੇ ਅੰਤ ਤੱਕ ਮੰਡੀ ਵਿੱਚ ਆਏ ਲਗਭਗ ਸਾਰੇ ਝੋਨੇ ਖਰੀਦ ਕਰ ਲਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਪਿਛਲੇ 3 ਦਿਨਾਂ ਦੌਰਾਨ ਭਾਰੀ ਮੀਂਹ ਪੈਣ ਦੇ ਬਾਵਜੂਦ ਵੀ ਹੁਣ ਤੱਕ ਸੂਬੇ ਭਰ ਦੀਆਂ ਮੰਡੀਆਂ ਵਿੱਚ ਆਏ ਝੋਨੇ ਦੀ ਖਰੀਦ ਦਾ ਸਮਾਂ ਇਕ ਦਿਨ ਤੋਂ ਵੀ ਘੱਟ ਹੈ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਸੂਬੇ ਦੀਆਂ ਜ਼ਿਆਦਾਤਰ ਮੰਡੀਆਂ ਵਿੱਚ ਝੋਨੇ ਦੀ ਆਮਦ ਵਾਲੇ ਦਿਨ ਹੀ ਝੋਨੇ ਦੀ ਸਫ਼ਾਈ ਅਤੇ ਖਰੀਦ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਸੂਬੇ ਭਰ ਵਿੱਚ ਬਾਰਦਾਨੇ, ਮੰਡੀ ਲੇਬਰ ਅਤੇ ਢੋਆ-ਢੁਆਈ ਦੇ ਸਾਰੇ ਢੁੱਕਵੇਂ ਪ੍ਰਬੰਧ ਕੀਤੇ ਗਏ ਹਨ।
ਘੱਟੋ-ਘੱਟ ਸਮਰਥਨ ਮੁੱਲ ਦੀਆਂ ਅਦਾਇਗੀਆਂ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਖਾਤਿਆਂ ਵਿੱਚ ਲਗਭਗ 5100 ਕਰੋੜ ਰੁਪਏ ਪਹਿਲਾਂ ਹੀ ਸਿੱਧੇ ਤੌਰ ‘ਤੇ ਟਰਾਂਸਫਰ ਕੀਤੇ ਜਾ ਚੁੱਕੇ ਹਨ। ਉਨ੍ਹਾਂ ਨੇ ਕਿਸਾਨਾਂ ਵੱਲੋਂ ਆਪਣੇ ਖੂਨ-ਪਸੀਨੇ ਅਤੇ ਮਿਹਨਤ ਨਾਲ ਪੈਦਾ ਕੀਤੇ ਇੱਕ-ਇੱਕ ਦਾਣੇ ਨੂੰ ਖਰੀਦਣ ਪ੍ਰਤੀ ਸੂਬਾ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ।
Related posts:
ਸਿੱਖ ਫੈਡਰੇਸ਼ਨ ਨੇ ਸੈਂਸਰ ਬੋਰਡ ਨੂੰ ਫ਼ਿਲਮ 'ANIMAL' ਤੋਂ ਸਿੱਖ ਧਾਰਮਿਕ ਭਾਵਨਾਵਾਂ ਨੂੰ ਪ੍ਰਭਾਵਿਤ ਕਰਨ ਵਾਲੇ ਦ੍ਰਿਸ਼...
ਆਮ ਆਦਮੀ ਪਾਰਟੀ ਦੇ ਵਿਧਾਇਕ ਕੁਵਰ ਵਿਜੈ ਪ੍ਰਤਾਪ ਸਿੰਘ ਨੇ ਖੋਲ੍ਹੀਆ ਆਪਣੀ ਹੀ ਪਾਰਟੀ ਖਿਲਾਫ਼ ਮੋਰਚਾ, ਕਿਹਾ "ਤੁਹਾਡਾ ਵਿਸ਼...
ਸਤਲੁਜ ਯਮੁਨਾ ਲਿੰਕ ਨਹਿਰ ਦੀ ਉਸਾਰੀ ਨੂੰ ਕੋਰੀ ਨਾਂਹ, ਚੰਡੀਗੜ੍ਹ ਨੂੰ ਪੰਜਾਬ ਦੇ ਹਵਾਲੇ ਕਰਨ ਲਈ ਕਿਹਾ: CM ਮਾਨ
ਬਿਕਰਮ ਸਿੰਘ ਮਜੀਠੀਆ ਨੂੰ SIT ਨੇ ਮੁੜ ਜਾਰੀ ਕੀਤੇ ਸਮਨ