ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਮੋਗਾ ਦੀ ਧਰਤੀ ਤੋਂ ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਭਾਜਪਾ ਦੀ ਮੁਹਿੰਮ ਦਾ ਰਸਮੀ ਆਗਾਜ਼ ਕਰ ਦਿੱਤਾ ਹੈ। ਨਾਨਕਸ਼ਾਹੀ ਨਵੇਂ ਸਾਲ ਦੀਆਂ ਮੁਬਾਰਕਾਂ ਦਿੰਦਿਆਂ ਸ਼ਾਹ ਨੇ ਸਪੱਸ਼ਟ ਕੀਤਾ ਕਿ ਹੁਣ ਭਾਜਪਾ ਪੰਜਾਬ ਵਿੱਚ ‘ਛੋਟੇ ਭਰਾ’ (ਜੂਨੀਅਰ ਸਹਿਯੋਗੀ) ਵਜੋਂ ਨਹੀਂ, ਸਗੋਂ ਆਪਣੇ ਦਮ ’ਤੇ ਸਰਕਾਰ ਬਣਾਉਣ ਦੇ ਮਕਸਦ ਨਾਲ ਮੈਦਾਨ ਵਿੱਚ ਉਤਰੇਗੀ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਕੇਂਦਰ ਨੇ ਦੇਸ਼ ਵਿੱਚੋਂ ਨਕਸਲਵਾਦ ਨੂੰ ਨੱਥ ਪਾਈ ਹੈ, ਉਸੇ ਤਰ੍ਹਾਂ ਪੰਜਾਬ ਵਿੱਚੋਂ ਨਸ਼ਿਆਂ ਦੇ ਕੋਹੜ ਨੂੰ ਜੜ੍ਹੋਂ ਪੁੱਟਿਆ ਜਾਵੇਗਾ।ਅਮਿਤ ਸ਼ਾਹ ਨੇ ਪੰਜਾਬ ਦੀ ਮੌਜੂਦਾ ਸਥਿਤੀ ’ਤੇ ਚਿੰਤਾ ਪ੍ਰਗਟ ਕਰਦਿਆਂ ‘ਤਿੰਨ ਵੱਡੇ ਖ਼ਤਰਿਆਂ’-ਗੈਂਗਸਟਰ ਕਲਚਰ, ਜ਼ਬਰਦਸਤੀ ਧਰਮ ਪਰਿਵਰਤਨ ਅਤੇ ਭ੍ਰਿਸ਼ਟਾਚਾਰ, ਵਿਰੁੱਧ ਸਖ਼ਤ ਕਾਰਵਾਈ ਕਰਨ ਦਾ ਅਹਿਦ ਲਿਆ। ਉਨ੍ਹਾਂ ਭਰੋਸਾ ਦਿੱਤਾ ਕਿ ਜੇਕਰ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਦੀ ਹੈ, ਤਾਂ ਇਨ੍ਹਾਂ ਬੁਰਾਈਆਂ ਨੂੰ ਸੂਬੇ ਵਿੱਚੋਂ ਪੂਰੀ ਤਰ੍ਹਾਂ ਮਲੀਆਮੇਟ ਕਰ ਦਿੱਤਾ ਜਾਵੇਗਾ।
ਅਮਿਤ ਸ਼ਾਹ ਨੇ ਸਿੱਖ ਗੁਰੂਆਂ ਦੀ ਵਿਰਾਸਤ ਦਾ ਹਵਾਲਾ ਦਿੰਦਿਆਂ ਕਿਹਾ ਕਿ ਭਾਜਪਾ ਨੇ ਹਮੇਸ਼ਾ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਵਿੱਚ ਸਿੱਖ ਗੁਰਧਾਮਾਂ ਦੀ ਸੁਰੱਖਿਆ ਲਈ ਕੰਮ ਕੀਤਾ ਹੈ। ਕਰਤਾਰਪੁਰ ਸਾਹਿਬ ਲਾਂਘੇ ਦਾ ਜ਼ਿਕਰ ਕਰਦਿਆਂ ਉਨ੍ਹਾਂ ਬੜੇ ਭਾਵੁਕ ਲਹਿਜੇ ਵਿੱਚ ਕਿਹਾ, “ ਜੇਕਰ ਆਜ਼ਾਦੀ ਦੇ ਸਮੇਂ ਭਾਜਪਾ ਸੱਤਾ ਵਿੱਚ ਹੁੰਦੀ, ਤਾਂ ਕਰਤਾਰਪੁਰ ਸਾਹਿਬ ਅੱਜ ਭਾਰਤ ਦਾ ਅਟੁੱਟ ਅੰਗ ਹੁੰਦਾ।” ਉਨ੍ਹਾਂ ਕਾਂਗਰਸ ’ਤੇ ਤਿੱਖਾ ਹਮਲਾ ਕਰਦਿਆਂ ਦੋਸ਼ ਲਾਇਆ ਕਿ ਕਾਂਗਰਸ ਨੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਹਮਲਾ ਕਰਵਾਇਆ ਅਤੇ ਹਿੰਦੂ-ਸਿੱਖ ਭਾਈਚਾਰੇ ਵਿੱਚ ਜਾਣਬੁੱਝ ਕੇ ‘ਖਾਈ’ ਪੈਦਾ ਕਰਨ ਦੀ ਕੋਸ਼ਿਸ਼ ਕੀਤੀ।















