ਗੜ੍ਹਸ਼ੰਕਰ ਨੰਗਲ ਰੋਡ ਤੇ ਪਿੰਡ ਸ਼ਹਾਪੁਰ ਨਜ਼ਦੀਕ ਇਕ ਭਿਆਨਕ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਟਰੈਕਟਰ ਚਾਲਕ ਸੁਖਦੇਵ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਪਿੰਡ ਭੱਗਲ ਆਪਣੇ ਟਰੈਕਟਰ ਟਰਾਲੀ ਤੇ ਸਵਾਰ ਹੋਕੇ ਨੰਗਲ ਵਾਲੀ ਸਾਈਡ ਤੋਂ ਗੜ੍ਹਸ਼ੰਕਰ ਨੂੰ ਆ ਰਿਹਾ ਸੀ ਤਾਂ ਉਕਤ ਸਥਾਨ ਤੇ ਪਿਛੋਂ ਆ ਰਿਹਾ ਟਿੱਪਰ ਨੇ ਟਰੈਕਟਰ ਟਰਾਲੀ ਨੂੰ ਦਰੜ ਦਿੱਤਾ। ਜਿਸ ਕਾਰਨ ਟਰੈਕਟਰ ਚਾਲਕ ਦੀ ਮੌਕੇ ਤੇ ਹੀ ਮੌਤ ਹੋ ਗਈ। ਇਸ ਤੋਂ ਬਾਅਦ ਟਿੱਪਰ ਚਾਲਕ ਟਰੈਕਟਰ ਨੂੰ ਕਰੀਬ ਅੱਧਾ ਕਿਲੋਮੀਟਰ ਤੱਕ ਨਾਲ ਹੀ ਘਸੀਟ ਕੇ ਲੈ ਗਿਆ।
ਇਸ ਤੋਂ ਬਾਅਦ ਟਿੱਪਰ ਚਾਲਕ ਟਿੱਪਰ ਸਮੇਤ ਮੌਕੇ ਤੋਂ ਫਰਾਰ ਹੋ ਗਿਆ।ਇਸ ਤੋਂ ਬਾਅਦ ਲੋਕਾਂ ਨੇ ਪਿਛਾ ਕਰਕੇ ਕਰੀਬ 7 ਕਿਲੋਮੀਟਰ ਦੂਰ ਟਿੱਪਰ ਨੂੰ ਕਾਬੂ ਕੀਤਾ। ਇਸ ਤੋਂ ਬਾਅਦ ਗੁੱਸੇ ਵਿੱਚ ਆਏ ਲੋਕਾਂ ਨੇ ਗੜ੍ਹਸ਼ੰਕਰ-ਨੰਗਲ ਸੜਕ ਜਾਮ ਕਰਕੇ ਧਰਨਾ ਲਾ ਦਿੱਤਾ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਲੋਕਾਂ ਦਾ ਦੋਸ਼ ਹੈ ਕਿ ਲਗਾਤਾਰ ਵੱਧ ਰਹੇ ਓਵਰਲੋਡ ਟਿਪਰਾਂ ਦੇ ਕਾਰਨ ਲੋਕਾਂ ਦੀਆਂ ਕੀਮਤੀ ਜਾਨਾਂ ਜਾ ਰਹੀਆਂ ਹਨ ਪਰ ਪੁਲਿਸ ਪ੍ਰਸ਼ਾਸ਼ਨ ਵਲੋਂ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ।
ਉਨ੍ਹਾਂ ਆਰੋਪ ਲਗਾਇਆ ਕਿ ਹਾਦਸੇ ਬਾਅਦ ਵੀ ਪੁਲਿਸ ਘੰਟਿਆਂ ਬੱਧੀ ਲੇਟ ਪੁੱਜੀ। ਉੱਧਰ ਇਸ ਮਾਮਲੇ ਦੇ ਵਿੱਚ ਥਾਣਾ ਗੜ੍ਹਸ਼ੰਕਰ ਦੇ ਐਸ ਐੱਚ ਓ ਹਰਪ੍ਰੇਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਮ੍ਰਿਤਕ ਦੇ ਪਰਿਵਾਰ ਦੇ ਬਿਆਨਾਂ ਦੇ ਅਧਾਰ ਤੇ ਬਣਦੀ ਕਾਰਵਾਈ ਕਰਨ ਦੀ ਗੱਲ ਕਹੀ।