ਪੰਜਾਬ ‘ਚ ਸੀਤ ਲਹਿਰ ਨੇ ਠਾਰੇ ਲੋਕ, ਧੁੰਦ ਦਾ ਕਹਿਰ ਜਾਰੀ।

ਹਿਮਾਚਲ ਦੀਆਂ ਪਹਾੜੀਆਂ ਵਿਚ ਬਰਫ਼ਬਾਰੀ ਤੋਂ ਬਾਅਦ ਪੰਜਾਬ ਵਿਚ ਸੀਤ ਲਹਿਰ ਦਾ ਕਹਿਰ ਤੇਜ਼ ਹੁੰਦਾ ਜਾ ਰਿਹਾ ਹੈ। ਵੀਰਵਾਰ ਨੂੰ ਸਾਰਾ ਦਿਨ ਧੁੰਦ ਛਾਈ ਰਹੀ ਅਤੇ ਠੰਡੀਆਂ ਹਵਾਵਾਂ ਵੀ ਚੱਲਦੀਆਂ ਰਹੀਆਂ। ਆਮ ਦਿਨਾਂ ਦੇ ਮੁਕਾਬਲੇ ਤਾਪਮਾਨ ਵਿਚ 2 ਡਿਗਰੀ ਗਿਰਾਵਟ ਵੀ ਦਰਜ ਕੀਤੀ ਗਈ। ਮੌਸਮ ਮਹਿਕਮਾ ਚੰਡੀਗੜ੍ਹ ਦੇ ਅਨੁਸਾਰ ਅਜੇ 2 ਦਿਨ ਹੋਰ ਸੀਤ ਲਹਿਰ ਦਾ ਕਹਿਰ ਜਾਰੀ ਰਹੇਗਾ।

PUNJAB WEATHER


ਮੌਸਮ ਦੇ ਇਸ ਮਿਜ਼ਾਜ ਕਾਰਨ ਟਰਾਂਸਪੋਰਟੇਸ਼ਨ ਵਿਚ ਕਾਫ਼ੀ ਫਰਕ ਪੈ ਗਿਆ ਹੈ, ਟਰਾਂਸਪੋਰਟਰਾਂ ਦਾ ਕਹਿਣਾ ਹੈ ਕਿ ਪਾਰਟੀ ਨੂੰ ਸਮੇਂ ’ਤੇ ਮਾਲ ਪਹੁੰਚਾਉਣ ਲਈ ਟਰੱਕਾਂ ਨੂੰ ਇਕ ਅਤੇ ਦੋ ਦਿਨ ਪਹਿਲਾਂ ਹੀ ਰਵਾਨਾ ਕਰਨਾ ਪੈ ਰਿਹਾ ਹੈ। ਇਸ ਨਾਲ ਨੁਕਸਾਨ ਤਾਂ ਹੋ ਰਿਹਾ ਹੈ, ਉਥੇ ਹੀ ਡਰ ਵੀ ਲੱਗਦਾ ਹੈ ਕਿ ਜੇਕਰ ਜਲਦਬਾਜ਼ੀ ਵਿਚ ਟਰੱਕਾਂ ਨੂੰ ਰਵਾਨਾ ਕੀਤਾ ਗਿਆ ਤਾਂ ਕਿਤੇ ਐਕਸੀਡੈਂਟ ਹੀ ਨਾ ਹੋ ਜਾਵੇ। ਡਰਾਈਵਰਾਂ ਦਾ ਕਹਿਣਾ ਹੈ ਕਿ ਰਾਤ ਦੇ ਸਮੇਂ ਹਾਈਵੇਅ ’ਤੇ ਇਕ ਲਾਈਨ ’ਚ ਚੱਲਦੇ ਹਨ। ਜੇਕਰ ਕਿਸੇ ਅੰਦਰੂਨੀ ਰੋਡ ’ਤੇ ਜਾਣਾ ਪੈ ਜਾਵੇ ਤਾਂ ਉਥੇ ਦਿੱਕਤ ਪੇਸ਼ ਆਉਂਦੀ ਹੈ।ਮੌਸਮ ਮਹਿਕਮੇ ਅਨੁਸਾਰ ਇਸ ਵਾਰ ਜਨਵਰੀ ਦਾ ਮਹੀਨਾ ਸਭ ਤੋਂ ਠੰਡਾ ਰਹੇਗਾ। ਦਿਨ ਦਾ ਤਾਪਮਾਨ 16 ਤੋਂ 17 ਡਿਗਰੀ ਦੇ ਵਿਚਕਾਰ ਅਤੇ ਸਵੇਰ ਦਾ ਤਾਪਮਾਨ 5 ਤੋਂ 6 ਡਿਗਰੀ ਵਿਚਕਾਰ ਦਰਜ ਕੀਤਾ ਜਾ ਰਿਹਾ ਹੈ। ਉਥੇ ਹੀ, ਜਨਵਰੀ 2012 ਵਿਚ ਵੱਧ ਤੋਂ ਵੱਧ ਤਾਪਮਾਨ 18 ਅਤੇ ਘੱਟ ਤੋਂ ਘੱਟ 7 ਡਿਗਰੀ ਤੱਕ ਨੋਟ ਕੀਤਾ ਗਿਆ ਸੀ। ਉਸ ਤੋਂ ਬਾਅਦ 2020 ਵਿਚ ਜਨਵਰੀ ਵਿਚ ਵੱਧ ਤੋਂ ਵੱਧ ਤਾਪਮਾਨ 17 ਅਤੇ ਘੱਟ ਤੋਂ ਘੱਟ ਤਾਪਮਾਨ 9 ਡਿਗਰੀ ਤੱਕ ਦਰਜ ਕੀਤਾ ਗਿਆ ਸੀ। ਇਸ ਮਹੀਨੇ ਮੌਸਮ ਵਿਭਾਗ ਅਨੁਸਾਰ ਠੰਡੀਆਂ ਹਵਾਵਾਂ ਲਗਾਤਾਰ ਚੱਲਣ ਦੀ ਸੰਭਾਵਨਾ ਹੈ, ਜਿਹੜੀਆਂ ਦਿਨ ਅਤੇ ਰਾਤ ਦੇ ਤਾਪਮਾਨ ਵਿਚ ਗਿਰਾਵਟ ਦਰਜ ਕਰਵਾਉਂਦੀਆਂ ਰਹਿਣਗੀਆਂ। ਇਹ ਸਭ ਵੈਸਟਰਨ ਡਿਸਟਰਬੈਂਸ ਕਾਰਨ ਹੋ ਰਿਹਾ ਹੈ।

See also  ਚੰਡੀਗੜ੍ਹ ਘੋੜਸਵਾਰੀ ਸ਼ੋਅ; ਹਰਸ਼ ਵਰਧਨ ਤੇ ਸੁਹਰਸ਼ ਭੂਯਾਨ ਬੈਸਟ ਰਾਈਡਰ ਬਣੇ
WEATHER


2023 ਦਾ 5 ਜਨਵਰੀ ਦਾ ਦਿਨ ਸਭ ਤੋਂ ਠੰਡਾ ਰਿਹਾ ਕਿਉਂਕਿ ਦਿਨ ਦੇ ਸਮੇਂ ਸੀਤ ਲਹਿਰ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਚੱਲ ਰਹੀ ਸੀ।ਉਥੇ ਹੀ, ਮੌਸਮ ਮਹਿਕਮੇ ਨੇ ਰਾਤ ਦੇ ਸਮੇਂ ਸਫ਼ਰ ਕਰਨ ਵਾਲਿਆਂ ਲਈ ਚਿਤਾਵਨੀ ਦਿੱਤੀ ਹੈ ਕਿ ਜੇਕਰ ਲੋੜ ਹੋਵੇ ਤਾਂ ਹੀ ਸਫਰ ਕਰੋ। ਅਜਿਹੇ ਮੌਸਮ ਵਿਚ ਹਾਈਵੇ ਅਤੇ ਪਿੰਡਾਂ ਦੀਆਂ ਅੰਦਰੂਨੀ ਸੜਕਾਂ ’ਤੇ ਸਫ਼ਰ ਕਰਨਾ ਹਾਦਸਿਆਂ ਦਾ ਕਾਰਨ ਬਣ ਸਕਦਾ ਹੈ ਕਿਉਂਕਿ ਧੁੰਦ ਇੰਨੀ ਜ਼ਿਆਦਾ ਸੰਘਣੀ ਹੋ ਰਹੀ ਹੈ ਕਿ ਸਿਰਫ਼ 2 ਮੀਟਰ ਦੀ ਦੂਰੀ ’ਤੇ ਵੀ ਕੁਝ ਵਿਖਾਈ ਨਹੀਂ ਦਿੰਦਾ। ਇਸ ਦੇ ਨਾਲ ਹੀ ਬਾਰਿਸ਼ ਦੀ ਅਜੇ ਕੋਈ ਸੰਭਾਵਨਾ ਨਹੀਂ ਹੈ। 3 ਦਿਨ ਬਾਅਦ ਮੌਸਮ ਸਾਫ਼ ਹੋ ਜਾਵੇਗਾ ਪਰ ਸੀਤ ਲਹਿਰ ਤੋਂ ਛੁਟਕਾਰਾ ਨਹੀਂ ਮਿਲੇਗਾ।