ਪਾਕਿਸਤਾਨ ਨੇ ਬੀਤੀ ਅੱਧੀ ਰਾਤ ਨੂੰ ਇੱਕ ਵੱਡੀ ਫੌਜੀ ਕਾਰਵਾਈ ਕਰਦਿਆਂ ਅਫ਼ਗਾਨਿਸਤਾਨ ਵਿੱਚ ਸਥਿਤ ਅਤਿਵਾਦੀਆਂ ਦੇ ਘੱਟੋ-ਘੱਟ ਸੱਤ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ। ਇਹ ਕਾਰਵਾਈ ਸ਼ਨੀਵਾਰ ਨੂੰ ਖੈਬਰ ਪਖਤੂਨਖਵਾ ਦੇ ਬੰਨੂ ਇਲਾਕੇ ਵਿੱਚ ਹੋਏ ਆਤਮਘਾਤੀ ਹਮਲੇ ਦੇ ਜਵਾਬ ਵਿੱਚ ਕੀਤੀ ਗਈ ਹੈ, ਜਿਸ ਵਿੱਚ ਪਾਕਿਸਤਾਨੀ ਫੌਜ ਦੇ ਇੱਕ ਲੈਫਟੀਨੈਂਟ ਕਰਨਲ ਅਤੇ ਇੱਕ ਜਵਾਨ ਸ਼ਹੀਦ ਹੋ ਗਏ ਸਨ। ਪਾਕਿਸਤਾਨੀ ਸੂਚਨਾ ਮੰਤਰਾਲੇ ਅਨੁਸਾਰ, ਉਨ੍ਹਾਂ ਕੋਲ ਪੁਖਤਾ ਸਬੂਤ ਹਨ ਕਿ ਇਸਲਾਮਾਬਾਦ, ਬਾਜੌਰ ਅਤੇ ਬੰਨੂ ਵਿੱਚ ਹੋਏ ਹਾਲੀਆ ਹਮਲਿਆਂ ਦੀ ਸਾਜ਼ਿਸ਼ ਅਫ਼ਗਾਨਿਸਤਾਨ ਵਿੱਚ ਬੈਠੇ ‘ਫਿਤਨਾ ਅਲ ਖਵਾਰਿਜ’ (ਪਾਕਿਸਤਾਨੀ ਤਾਲਿਬਾਨ) ਅਤੇ ‘ਇਸਲਾਮਿਕ ਸਟੇਟ ਖੋਰਾਸਾਨ’ (ISKP) ਦੇ ਆਕਾਵਾਂ ਨੇ ਘੜੀ ਸੀ।
ਪਾਕਿਸਤਾਨ ਨੇ ਦੋਸ਼ ਲਾਇਆ ਹੈ ਕਿ ਵਾਰ-ਵਾਰ ਅਪੀਲ ਕਰਨ ਦੇ ਬਾਵਜੂਦ ਅਫ਼ਗਾਨਿਸਤਾਨ ਦੀ ਤਾਲਿਬਾਨ ਸਰਕਾਰ ਆਪਣੀ ਧਰਤੀ ਤੋਂ ਚੱਲ ਰਹੀਆਂ ਅਤਿਵਾਦੀ ਗਤੀਵਿਧੀਆਂ ਨੂੰ ਰੋਕਣ ਵਿੱਚ ਨਾਕਾਮ ਰਹੀ ਹੈ। ਇਸੇ ਕਾਰਨ, ਪਾਕਿਸਤਾਨੀ ਫੌਜ ਨੇ ਸਰਹੱਦੀ ਖੇਤਰਾਂ ਵਿੱਚ ਖੁਫ਼ੀਆ ਜਾਣਕਾਰੀ ਦੇ ਅਧਾਰ ’ਤੇ ਇਹ ‘ਸਿਲੈਕਟਿਵ’ ਹਮਲੇ ਕੀਤੇ ਹਨ। ਪਿਛਲੇ ਸਾਲ ਅਕਤੂਬਰ ਵਿੱਚ ਵੀ ਦੋਵਾਂ ਦੇਸ਼ਾਂ ਦੀਆਂ ਫੌਜਾਂ ਵਿਚਾਲੇ ਹਥਿਆਰਬੰਦ ਸੰਘਰਸ਼ ਹੋਇਆ ਸੀ, ਜਿਸ ਵਿੱਚ ਭਾਰੀ ਜਾਨੀ ਨੁਕਸਾਨ ਹੋਇਆ ਸੀ। ਤਾਜ਼ਾ ਹਮਲਿਆਂ ਤੋਂ ਬਾਅਦ ਖੇਤਰ ਵਿੱਚ ਸੁਰੱਖਿਆ ਹਾਲਾਤ ਬੇਹੱਦ ਨਾਜ਼ੁਕ ਹੋ ਗਏ ਹਨ ਅਤੇ ਪਾਕਿਸਤਾਨ ਨੇ ਕੌਮਾਂਤਰੀ ਭਾਈਚਾਰੇ ਨੂੰ ਵੀ ਇਸ ਮਾਮਲੇ ਵਿੱਚ ਦਖ਼ਲ ਦੇਣ ਦੀ ਅਪੀਲ ਕੀਤੀ ਹੈ।