ਦੁੱਲਾ ਭੱਟੀ ਕੋਣ ਹੈ.? ਇਤਿਹਾਸ ਹੈ ਜਾਂ ਦੰਦ ਕਥਾ ਦਾ ਪਾਤਰ ਹੈ.? ਆਓ ਜਾਣੀਏ ..!

ਲੋਕਧਾਰਾ ਏਨੀ ਸ਼ਾਨਦਾਰ ਹੈ ਜੋ ਲੋਕ ਨਾਇਕਾਂ ਨੂੰ ਅਮਰ ਕਰ ਦਿੰਦੀ ਹੈ । ਡਾ.ਵਣਜਾਰਾ ਬੇਦੀ ਲੋਹੜੀ ਨੂੰ ਲੋਕ ਧਾਰਾ ਦਾ ਤਿਉਹਾਰ ਦੱਸਦੇ ਹੋਏ । ਲੋਕਾਂ ਵਲੋਂ ਸੂਰਜ ਦੀ ਪੂਜਾ ਕੀਤੇ ਜਾਣ ਤੋਂ ਲੋਹੜੀ ਦੇ ਤਿਉਹਾਰ ਦੀ ਆਰੰਭਤਾ ਮੰਨਦੇ ਹਨ । ਆਮ ਤੌਰ ਤੇ ਸਾਡੇ ਖਿੱਤੇ ਵਿੱਚ ਜ਼ਿਆਦਾਤਰ ਤਿਉਹਾਰ ਰੁੱਤਾਂ ਮੁਤਾਬਕ ਹੀ ਮਨਾਏ ਜਾਂਦੇ ਰਹੇ ਹਨ ।ਲੋਹੜੀ ਦੇ ਤਿਉਹਾਰ ਨੇ ਪੰਜਾਬੀ ਲੋਕਧਾਰਾਂ ਦੇ ਨਾਬਰ ਨਾਇਕ ਦੁੱਲੇ ਭੱਟੀ ਨੂੰ ਹਮੇਸ਼ਾ ਲਈ ਅਮਰ ਕਰ ਦਿੱਤਾ ਹੈ । ਜੇਕਰ ਦੁੱਲਾ ਭੱਟੀ ਸਿਰਫ ਕੋਈ ਜਗੀਰਦਾਰ ਜਾਂ ਸਰਕਾਰੀ ਸੂਬੇਦਾਰ ਹੁੰਦਾ ਤਾਂ ਸ਼ਾਇਦ ਕਦੇ ਇਸ ਤਰਾਂ ਲੋਕਧਾਰਾ ਦਾ ਨਾਇਕ ਨਾ ਹੁੰਦਾ।

ਦੁੱਲਾ ਭੱਟੀ

ਲੋਹੜੀ ਮੁਬਾਰਕ ਪਰ ਆਖਿਰ ਕੌਣ ਸੀ ਦੁੱਲਾ ਭੱਟੀ? ਜਿਸਦੀ ਯਾਦ ਵਿੱਚ ਇਹ ਤਿਉਹਾਰ ਮਨਾਇਆ ਜਾਂਦਾ ਹੈ
ਓਹ ਪੰਜਾਬੀਆਂ ਦੇ ਦਿਲਾਂ ਵਿਚ ਜਿਊਂਦਾ ਹੈ ਕਿਤੇ ਨਾ ਕਿਤੇ …….ਲੋਕਗੀਤਾਂ ਵਿਚ ਹੈ ਦਾਦਿਆਂ ਨਾਨਿਆਂ ਵਲੋਂ ਪੋਤਿਆਂ ਦੋਹਤਿਆਂ ਨੂੰ ਸੁਣਾਈਆਂ ਜਾਂਦੀਆਂ ਬਾਤਾਂ ਵਿਚ ਹੈ ਉਹ ਸਾਡੇ ਸਮੂਹਿਕ ਅਵਚੇਤਨ ਵਿਚ ਹੈ ਕੀ ਹੋਇਆ ਜੇ ਓਹਦੇ ਕਿਤੇ ਬੁੱਤ ਨਹੀਂ ਲਾਏ ਗਏ ਕਿਉਂਕਿ ਉਸਦੇ ਨਾਮ ਤੇ ਸਿਆਸਤ ਕਰਨ ਵਾਲਿਆਂ ਨੂੰ ਵੋਟਾਂ ਨਹੀਂ ਪੈਂਦੀਆਂ ਜੇ ਉਹਦੇ ਨਾਂ ਤੇ ਸ਼ਹਿਰਾਂ, ਬੱਸ ਅੱਡੇ ਜਾਂ ਹਵਾਈਂ ਅੱਡੇ ਜਾਂ ਸੜਕਾਂ ਜਾਂ ਇਮਾਰਤਾਂ ਦੇ ਨਾਂ ਨਹੀਂ ਰੱਖੇ ਗਏ ਕੀ ਹੋਇਆ ਜੇ ਉਹਦੇ ਹਿੱਸੇ ਪੰਜਾਬ ਦੇ ਦਿਲ, ਲਾਹੌਰ ਵਿਚ ਏਨੀ ਕੁ ਜਗ੍ਹਾ ਬਸ ਕਬਰਿਸਤਾਨ ਵਿਚ ਹੀ ਆਈਉਸ ਸ਼ਹਿਰ ਵਿਚ, ਜਿਸ ਦੇ ਤਖਤ ਨੂੰ ਝੁਕਾਉਣ ਲਈ ਉਸ ਦੀਆਂ ਤਿੰਨ ਪੀੜ੍ਹੀਆਂ ਨੇ ਉਸੇ ਸ਼ਹਿਰ ਵਿਚ ਸ਼ਹਾਦਤ ਦੇ ਜਾਮ ਪੀਤੇ ਉਸ ਦੇ ਬਾਪ ਤੇ ਦਾਦੇ ਦੀਆਂ ਖੱਲਾਂ ਵਿਚ ਤੂੜੀ ਭਰ ਕੇ ਇਸ ਸ਼ਹਿਰ ਦੇ ਦਰਵਾਜ਼ੇ ਤੇ ਟੰਗੀਆਂ ਗਈਆਂ!

ਦੁੱਲਾ ਭੱਟੀ

ਪੰਜਾਬ ਦੇ ਚਾਰ ਮਸ਼ਹੂਰ ਲੋਕ ਨਾਇਕਾਂ ਜੱਗਾ ਡਾਕੂ, ਜਿਊਣਾ ਮੌੜ, ਦੁੱਲਾ ਭੱਟੀ ਅਤੇ ਸੁੱਚਾ ਸੂਰਮਾ ਵਿੱਚੋਂ ਅਬਦੁੱਲਾ ਖਾਨ ਭੱਟੀ ਉਰਫ਼ ਦੁੱਲਾ ਭੱਟੀ ਸਭ ਤੋਂ ਪਹਿਲਾਂ ਹੋਇਆ ਹੈ। ਦੁੱਲਾ ਭੱਟੀ ਪੰਜਾਬ ਦਾ ਪਹਿਲਾ ਰੌਬਿਨ ਹੁੱਡ ਸੀ। ਉਸ ਦਾ ਜਨਮ 1569 ਦੇ ਕਰੀਬ ਮੁਗ਼ਲ ਬਾਦਸ਼ਾਹ ਅਕਬਰ ਦੇ ਸ਼ਾਸਨ ਕਾਲ ਵਿੱਚ ਹੋਇਆ ਸੀ। ਉਸ ਦੀ ਮਾਂ ਦਾ ਨਾਂ ਲੱਧੀ ਅਤੇ ਪਿਤਾ ਦਾ ਨਾਂ ਰਾਏ ਫ਼ਰੀਦ ਖ਼ਾਨ ਭੱਟੀ ਸੀ ਜੋ ਮੁਸਲਿਮ ਰਾਜਪੂਤ ਸੀ। ਫ਼ਰੀਦ ਖ਼ਾਨ ਸਾਂਦਲ ਬਾਰ ਦੇ ਪਿੰਡੀ ਭੱਟੀਆਂ ਇਲਾਕੇ ਦਾ ਸਰਦਾਰ ਸੀ ਤੇ ਉਸ ਦਾ ਪ੍ਰਭਾਵ ਮੌਜੂਦਾ ਹਾਫਿਜ਼ਾਬਾਦ ਤੋਂ ਲੈ ਕੇ ਮੁਲਤਾਨ ਤਕ ਸੀ। ਪਿੰਡੀ ਭੱਟੀਆਂ ਦਾ ਇਲਾਕਾ ਅੱਜਕੱਲ੍ਹ ਪਾਕਿਸਤਾਨ ਦੇ ਜ਼ਿਲ੍ਹਾ ਫੈਸਲਾਬਾਦ ਵਿੱਚ ਪੈਂਦਾ ਹੈ। ਅਕਬਰ ਤੋਂ ਪਹਿਲਾਂ ਭਾਰਤ ਵਿੱਚ ਜ਼ਮੀਨਾਂ ਦਾ ਲਗਾਨ ਇਕੱਠਾ ਕਰਨ ਵੇਲੇ ਬੜੀ ਧਾਂਦਲੀ ਚੱਲਦੀ ਸੀ, ਪਰ ਅਕਬਰ ਨੇ ਆਪਣੇ ਵਿੱਤ ਮੰਤਰੀ ਦੀਵਾਨ ਟੋਡਰ ਮੱਲ ਦੀ ਮਦਦ ਨਾਲ ਸਾਰੇ ਰਾਜ ਵਿੱਚ ਜ਼ਮੀਨ ਦੀ ਮਿਣਤੀ ਕਰਵਾਈ ਤੇ ਉਸੇ ਹਿਸਾਬ ਲਗਾਨ ਨਿਸ਼ਚਿਤ ਕਰ ਦਿੱਤਾ। ਮਾਮਲਾ ਉਗਰਾਹੁਣਾ ਜ਼ਿਮੀਂਦਾਰ ਆਪਣਾ ਹੱਕ ਸਮਝਦੇ ਸਨ, ਪਰ ਅਕਬਰ ਵੱਲੋਂ ਸਿੱਧਾ ਮਾਮਲਾ ਉਗਰਾਹੁਣ ਤੋਂ ਜ਼ਿਮੀਂਦਾਰ ਭੜਕ ਗਏ ਤੇ ਇਸ ਨੂੰ ਆਪਣੇ ਅਧਿਕਾਰਾਂ ਵਿੱਚ ਦਖ਼ਲ ਸਮਝ ਕੇ ਬਗ਼ਾਵਤਾਂ ਕਰ ਦਿੱਤੀਆਂ। ਬਾਰਾਂ ਵਿੱਚ ਰਹਿਣ ਵਾਲੇ ਲੋਕ ਮੁੱਢ ਤੋਂ ਹੀ ਬਾਗੀ ਸਨ। ਮਹਿਮੂਦ ਗਜ਼ਨਵੀ ਤੇ ਬਾਬਰ ਨੂੰ ਵੀ ਇਸ ਇਲਾਕੇ ਵਿੱਚ ਸਖ਼ਤ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ। ਲੜਨ-ਭਿੜਨ ਤੇ ਲੁੱਟਮਾਰ ਦੇ ਸ਼ੌਕੀਨ ਇਹ ਲੋਕ ਸਰਕਾਰੀ ਹਕੂਮਤ ਨੂੰ ਨਹੀਂ ਮੰਨਦੇ ਸਨ। ਆਪਣੇ ਇਲਾਕੇ ਵਿੱਚੋਂ ਲੰਘਣ ਵਾਲੇ ਕਾਫ਼ਲਿਆਂ ਤੇ ਸਰਕਾਰੀ ਖ਼ਜ਼ਾਨੇ ਨੂੰ ਲੁੱਟ ਲੈਂਦੇ ਸਨ। ਫ਼ਰੀਦ ਖ਼ਾਨ ਭੱਟੀ ਨੇ ਵੀ ਬਗ਼ਾਵਤ ਕਰ ਦਿੱਤੀ, ਪਰ ਮੁਗ਼ਲਾਂ ਦੀਆਂ ਵਿਸ਼ਾਲ ਸੈਨਾਵਾਂ ਨੇ ਜਲਦੀ ਹੀ ਬਗ਼ਾਵਤਾਂ ਦਬਾ ਦਿੱਤੀਆਂ। ਫ਼ਰੀਦ ਖ਼ਾਨ ਤੇ ਉਸ ਦੇ ਪਿਤਾ ਸਾਂਦਲ ਖ਼ਾਨ ਭੱਟੀ ਨੂੰ ਫਾਂਸੀ ਲਗਾ ਦਿੱਤਾ ਗਿਆ ਤੇ ਜਗੀਰ ਜ਼ਬਤ ਕਰ ਲਈ ਗਈ। ਕਹਿੰਦੇ ਹਨ ਕਿ ਫ਼ਰੀਦ ਖ਼ਾਨ, ਉਸ ਦੇ ਪਿਤਾ ਸਾਂਦਲ ਖ਼ਾਨ ਤੇ ਸਾਥੀਆਂ ਦੀਆਂ ਲਾਸ਼ਾਂ ਤੂੜੀ ਨਾਲ ਭਰ ਕੇ ਲਾਹੌਰ ਦੇ ਸ਼ਾਹੀ ਕਿਲ੍ਹੇ ਦੇ ਦਰਵਾਜ਼ੇ ’ਤੇ ਲਟਕਾ ਦਿੱਤੀਆਂ ਗਈਆਂ। ਦੁੱਲੇ ਦਾ ਜਨਮ ਫ਼ਰੀਦ ਦੀ ਮੌਤ ਤੋਂ ਚਾਰ ਮਹੀਨੇ ਬਾਅਦ ਹੋੲਆ ਸੀ। ਦੁੱਲੇ ਨੂੰ ਬਚਪਨ ਵਿੱਚ ਪਤਾ ਨਹੀਂ ਸੀ ਕਿ ਉਸ ਦੇ ਬਾਪ ਤੇ ਦਾਦੇ ਨਾਲ ਕੀ ਵਾਪਰਿਆ ਹੈ। ਉਸ ਦਾ ਬਚਪਨ ਵੀ ਆਮ ਬੱਚਿਆਂ ਵਾਂਗ ਮਸੀਤ ਵਿੱਚ ਪੜ੍ਹ ਕੇ ਤੇ ਖੇਡ-ਕੁੱਦ ਕੇ ਬੀਤਿਆ। ਉਹ ਬਚਪਨ ਤੋਂ ਹੀ ਬੜਾ ਦਲੇਰ ਅਤੇ ਬਾਗੀ ਕਿਸਮ ਦਾ ਸੀ। ਜਦੋਂ ਮੌਲਵੀ ਨੇ ਸਖ਼ਤੀ ਕੀਤੀ ਤਾਂ ਉਸ ਨੇ ਪੜ੍ਹਨਾ ਹੀ ਛੱਡ ਦਿੱਤਾ। ਉਹ ਬਚਪਨ ਤੋਂ ਤੀਰ, ਤਲਵਾਰ, ਬੰਦੂਕਾਂ ਆਦਿ ਚਲਾਉਣ ਦਾ ਸ਼ੌਕੀਨ ਸੀ। ਗੁਲੇਲ ਨਾਲ ਅੌਰਤਾਂ ਦੇ ਘੜੇ ਭੰਨ ਦਿੰਦਾ ਤਾਂ ਲੱਧੀ ਉਸ ਨੂੰ ਝਿਡ਼ਕਣ ਦੀ ਬਜਾਏ ਆਪਣੇ ਮਰਹੂਮ ਪਤੀ ਦੀ ਇੱਕੋ ਇੱਕ ਨਿਸ਼ਾਨੀ ਸਮਝ ਕੇ ਨਵੇਂ ਘੜੇ ਲੈ ਦਿੰਦੀ। ਜਦੋਂ ਉਸ ਨੂੰ ਆਪਣੇ ਪਿਓ ਦਾਦੇ ਦੀ ਹੋਣੀ ਬਾਰੇ ਪਤਾ ਲੱਗਾ ਤਾਂ ਉਹ ਭੜਕ ਉੱਠਿਆ। ਉਸ ਨੇ ਅਕਬਰ ਅਤੇ ਮੁਗ਼ਲ ਰਾਜ ਖ਼ਿਲਾਫ਼ ਬਗ਼ਾਵਤ ਕਰ ਦਿੱਤੀ। ਉਸ ਨੇ ਸਰਕਾਰੀ ਖ਼ਜ਼ਾਨਾ ਲੁੱਟ ਕੇ ਲੋਕਾਂ ਵਿੱਚ ਵੰਡਣਾ ਸ਼ੁਰੂ ਕਰ ਦਿੱਤਾ। ਉਸ ਨੇ ਅਨੇਕ ਗ਼ਰੀਬ ਘਰਾਂ ਦੀਆਂ ਲੜਕੀਆਂ ਦੇ ਵਿਆਹ ਕੀਤੇ। ਮੁਗ਼ਲਾਂ ਦੇ ਅਨੇਕਾਂ ਹੰਕਾਰੀ ਅਹਿਲਕਾਰਾਂ ਨੂੰ ਕਤਲ ਕਰ ਦਿੱਤਾ। ਇੱਕ ਵਾਰ ਤਾਂ ਸਾਂਦਲ ਬਾਰ ਦਾ ਇਲਾਕਾ ਲਾਹੌਰ ਦੇ ਸੂਬੇਦਾਰ ਦੇ ਕਬਜ਼ੇ ਵਿੱਚੋਂ ਇੱਕ ਤਰ੍ਹਾਂ ਨਾਲ ਅਾਜ਼ਾਦ ਹੀ ਹੋ ਗਿਆ। ਕਹਿੰਦੇ ਹਨ ਕਿ ਉਸ ਨੇ ਹੱਜ ਕਰਨ ਜਾਂਦੀ ਅਕਬਰ ਦੀ ਇੱਕ ਬੇਗਮ ਲੁੱਟ ਲਈ ਸੀ ਜਾਂ ਬੰਦੀ ਬਣਾ ਲਈ ਸੀ। ਪਰ ਇਸ ਸਬੰਧੀ ਕੋਈ ਇਤਿਹਾਸਕ ਸਬੂਤ ਨਹੀਂ ਮਿਲਦਾ। ਉਸ ਦੇ ਕਈ ਡਾਕੇ ਬੜੇ ਮਸ਼ਹੂਰ ਹੋਏ ਸਨ। ਉਸ ਨੇ ਇੱਕ ਵਾਰ ਅਕਬਰ ਲਈ ਖ਼ਾਸ ਅਰਬੀ ਘੋੜੇ ਲੈ ਕੇ ਜਾਂਦੇ ਕਾਬੁਲ ਦੇ ਵਪਾਰੀ ਨੂੰ ਲੁੱਟ ਲਿਆ ਸੀ। ਇਸ ਤੋਂ ਇਲਾਵਾ ਉਸ ਨੇ ਸ਼ਾਹ ਇਰਾਨ ਵੱਲੋਂ ਅਕਬਰ ਲਈ ਭੇਜੇ ਗਏ ਤੋਹਫ਼ੇ ਲੁੱਟ ਕੇ ਤਰਥੱਲੀ ਮਚਾ ਦਿੱਤੀ। ਲੁੱਟਿਆ ਸਾਮਾਨ ਗ਼ਰੀਬਾਂ ਵਿੱਚ ਵੰਡਣ ਕਾਰਨ ਲੋਕ ਉਸ ਨੂੰ ਆਪਣੀ ਜਾਨ ਤੋਂ ਵੱਧ ਪਿਆਰ ਕਰਨ ਲੱਗੇ। ਉਸ ਕੱਟੜਤਾ ਵਾਲੇ ਯੁੱਗ ਵਿੱਚ ਵੀ ਉਹ ਧਾਰਮਿਕ ਤੌਰ ’ਤੇ ਬਹੁਤ ਹੀ ਸ਼ਹਿਣਸ਼ੀਲ ਸੀ। ਇਲਾਕੇ ਦੇ ਹਿੰਦੂਆਂ ਪ੍ਰਤੀ ਉਸ ਦਾ ਵਿਵਹਾਰ ਬਹੁਤ ਹੀ ਪਿਆਰ ਭਰਿਆ ਸੀ। ਉਹ ਹਿੰਦੂ, ਸਿੱਖਾਂ ਅਤੇ ਮੁਸਲਮਾਨਾਂ ਦਾ ਸਾਂਝਾ ਨਾਇਕ ਹੈ। ਉਸ ਨੇ ਸੁੰਦਰੀ ਮੁੰਦਰੀ ਨਾਮੀਂ ਹਿੰਦੂ ਲੜਕੀਆਂ ਨੂੰ ਜਾਗੀਰਦਾਰ ਦੇ ਪੰਜੇ ਵਿੱਚੋਂ ਬਚਾ ਕੇ ਪਿਤਾ ਬਣ ਕੇ ਉਨ੍ਹਾਂ ਦਾ ਵਿਆਹ ਕਰਵਾਇਆ ਤੇ ਸਾਰਾ ਦਹੇਜ ਖ਼ੁਦ ਦਿੱਤਾ। ਉਸ ਦੇ ਇਸ ਕਾਰਨਾਮੇ ਨੇ ਉਸ ਨੂੰ ਹਮੇਸ਼ਾਂ ਲਈ ਅਮਰ ਕਰ ਦਿੱਤਾ। ਅੱਜ ਤਕ ਹਰ ਸਾਲ ਲੋਕ ਉਸ ਨੂੰ ਲੋਹੜੀ ਦੇ ਤਿਉਹਾਰ ’ਤੇ ‘ਸੁੰਦਰ ਮੁੰਦਰੀਏ ਹੋ, ਤੇਰਾ ਕੌਣ ਵਿਚਾਰਾ ਹੋ, ਦੁੱਲਾ ਭੱਟੀ ਵਾਲਾ ਹੋ’ ਗਾ ਕੇ ਯਾਦ ਕਰਦੇ ਹਨ।

See also  ਪੰਜਾਬ ਪੁਲਿਸ ਵੱਲੋਂ ਅੰਤਰਰਾਜੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼; 11 ਪਿਸਤੌਲਾਂ, 2 ਲੱਖ ਰੁਪਏ ਨਕਦੀ ਸਮੇਤ ਤਿੰਨ ਕਾਬੂ
ਦੁੱਲਾ ਭੱਟੀ

ਲੋਕ ਦੁੱਲੇ ਨੂੰ ਨਾਇਕ ਸਮਝਣ ਲੱਗੇ, ਪਰ ਦੁੱਲੇ ਦੀ ਮਹਿਮਾ ਉਸ ਦੇ ਚਾਚੇ ਜਲਾਲੂਦੀਨ ਕੋਲੋਂ ਬਰਦਾਸ਼ਤ ਨਾ ਹੋਈ। ਉਹ ਮੁਗ਼ਲਾਂ ਦਾ ਮੁਖ਼ਬਰ ਬਣ ਗਿਆ ਤੇ ਖ਼ਬਰਾਂ ਸਰਕਾਰ ਤਕ ਪਹੁੰਚਾਉਣ ਲੱਗਾ। ਲਾਹੌਰ ਦਾ ਸੂਬੇਦਾਰ ਭਾਰੀ ਕੋਸ਼ਿਸ਼ਾਂ ਦੇ ਬਾਵਜੂਦ ਦੁੱਲੇ ਨੂੰ ਦਬਾ ਨਾ ਸਕਿਆ। ਉਸ ਨੂੰ ਅਨੇਕਾਂ ਵਾਰ ਮੂੰਹ ਦੀ ਖਾਣੀ ਪਈ। ਇਸ ਤੋਂ ਦੁਖੀ ਹੋ ਕੇ ਅਕਬਰ ਨੇ ਸਾਂਦਲ ਬਾਰ ਦੀ ਬਗ਼ਾਵਤ ਦਬਾਉਣ ਲਈ ਆਪਣੇ ਦੋ ਬਹੁਤ ਹੀ ਕਾਬਲ ਜਰਨੈਲ ਮਿਰਜ਼ਾ ਅਲਾ-ੳੁਦ-ਦੀਨ ਅਤੇ ਮਿਰਜ਼ਾ ਜ਼ਿਆ-ੳੁਦ-ਦੀਨ ਖ਼ਾਨ 15,000 ਸੈਨਿਕ ਦੇ ਕੇ ਲਾਹੌਰ ਭੇਜੇ। ਅਕਬਰ ਨੇ ਲਾਹੌਰ ਦੇ ਸੂਬੇਦਾਰ ਨੂੰ ਬੜੇ ਸਖ਼ਤ ਹੁਕਮ ਭੇਜੇ ਕਿ ਬਗ਼ਾਵਤ ਨਾ ਦਬਾਈ ਗਈ ਤਾਂ ਤੇਰਾ ਸਿਰ ਵੱਢ ਦਿੱਤਾ ਜਾਵੇਗਾ। ਦਿੱਲੀ ਤੋਂ ਆਏ ਜਰਨੈਲਾਂ ਦੀ ਕਮਾਨ ਹੇਠ ਲਾਹੌਰ ਅਤੇ ਦਿੱਲੀ ਦੀ ਰਲੀ-ਮਿਲੀ ਫ਼ੌਜ ਦੁੱਲੇ ਪਿੱਛੇ ਹੱਥ ਧੋ ਕੇ ਪੈ ਗਈ। ਦੁੱਲੇ ਦਾ ਘਰ-ਘਾਟ ਤਬਾਹ ਕਰ ਦਿੱਤਾ ਗਿਆ। ਲੱਧੀ ਸਮੇਤ ਭੱਟੀਆਂ ਦੀਆਂ ਸਾਰੀਆਂ ਅੌਰਤਾਂ ਬੰਦੀ ਬਣਾ ਲਈਆਂ ਗਈਆਂ। ਕਈ ਮਹੀਨੇ ਝੜਪਾਂ ਚੱਲਦੀਆਂ ਰਹੀਆਂ। ਦੁੱਲੇ ਅਤੇ ਸਾਥੀਆਂ ਨੇ ਛਾਪੇਮਾਰ ਯੁੱਧ ਨਾਲ ਫ਼ੌਜ ਦੇ ਨੱਕ ਵਿੱਚ ਦਮ ਕਰ ਦਿੱਤਾ। ਜਦੋਂ ਮੁਗ਼ਲ ਉਸ ਨੂੰ ਮੈਦਾਨ ਵਿੱਚ ਨਾ ਹਰਾ ਸਕੇ ਤਾਂ ਉਨ੍ਹਾਂ ਨੇ ਛਲ ਦਾ ਸਹਾਰਾ ਲਿਆ। ਵਿਚੋਲੇ ਪਾ ਕੇ ਸੁਲ੍ਹਾ ਦੀ ਗੱਲ ਚਲਾਈ ਗਈ। ਜਦੋਂ ਦੁੱਲਾ ਗੱਲਬਾਤ ਲਈ ਆਇਆ ਤਾਂ ਉਸ ਨੂੰ ਖਾਣੇ ਵਿੱਚ ਨਸ਼ਾ ਮਿਲਾ ਕੇ ਬੇਹੋਸ਼ ਕਰ ਕੇ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਲਾਹੌਰ ਬੰਦ ਕਰ ਦਿੱਤਾ ਗਿਆ। ਆਖ਼ਰ 1599 ਵਿੱਚ ਮਹਿਜ਼ 30 ਸਾਲ ਦੀ ੳੁਮਰ ਵਿੱਚ ਦੁੱਲੇ ਨੂੰ ਕੋਤਵਾਲੀ ਦੇ ਸਾਹਮਣੇ ਫਾਂਸੀ ਲਗਾ ਦਿੱਤਾ ਗਿਆ। ਕਹਿੰਦੇ ਹਨ ਕਿ ਉਸ ਦੀਆਂ ਆਖ਼ਰੀ ਰਸਮਾਂ ਮਹਾਨ ਸੂਫ਼ੀ ਸੰਤ ਸ਼ਾਹ ਹੁਸੈਨ ਨੇ ਨਿਭਾਈਆਂ ਸਨ। ਉਸ ਦੀ ਕਬਰ ਲਾਹੌਰ ਦੇ ਮਿਆਣੀ ਸਾਹਿਬ ਕਬਰਿਸਤਾਨ ਵਿੱਚ ਬਣੀ ਹੋਈ ਹੈ। ਦੁੱਲਾ ਪੰਜਾਬ ਦੇ ਇਤਿਹਾਸ ਦਾ ਅਮਰ ਕਿਰਦਾਰ ਹੈ ਤੇ ਅਣਖ ਨਾਲ ਜਿਊਣ ਦਾ ਪ੍ਰਤੀਕ ਹੈ।
ਸੁੰਦਰ ਮੁੰਦਰੀਏ ਹੋ!
ਤੇਰਾ ਕੌਣ ਵਿੱਚਾਰ ਹੋ!
ਦੁੱਲਾ ਭੱਟੀ ਵਾਲਾ ਹੋ!
ਦੁੱਲੇ ਧੀ ਵਿਆਹੀ ਹੋ!
ਸੇਰ ਸੱਕਰ ਪਾਈ ਹੋ!
ਕੁੜੀ ਦਾ ਲਾਲ ਪਤਾਕਾ ਹੋ!
ਕੁੜੀ ਦਾ ਸਾਲੂ ਪਾਟਾ ਹੋ!
ਸਾਲੂ ਕੌਣ ਸਮੇਟੇ!
ਚਾਚਾ ਗਾਲ਼ੀ ਦੇਸੇ!
ਚਾਚੇ ਚੂਰੀ ਕੁੱਟੀ!
ਜ਼ਿੰਮੀਦਾਰਾਂ ਲੁੱਟੀ!
ਜ਼ਿੰਮੀਦਾਰ ਸੁਧਾਏ!
ਬਮ ਬਮ ਭੋਲ਼ੇ ਆਏ!
ਇੱਕ ਭੋਲ਼ਾ ਰਹਿ ਗਿਆ!
ਸਿਪਾਹੀ ਫੜ ਕੇ ਲੈ ਗਿਆ!
ਸਿਪਾਹੀ ਨੇ ਮਾਰੀ ਇੱਟ!
ਭਾਵੇਂ ਰੋ ਉੱਤੇ ਭਾਵੇਂ ਪਿੱਟ!
ਸਾਨੂੰ ਦੇ ਦੇ ਲੋਹੜੀ,
ਉੱਤੇ ਤੇਰੀ ਜੀਵੇ ਜੋੜੀ!

See also  ਆਪ੍ਰੇਸ਼ਨ ਅੰਮ੍ਰਿਤਪਾਲ ਨੂੰ ਲੈ ਕੇ ਡੀਜੀਪੀ ਦਾ ਵੱਡਾ ਬਿਆਨ

ਲਿਖਤ: ਤਰਨਦੀਪ ਸਿੰਘ
ਸਰੋਤ: ਡਾ ਵਣਜਾਰਾ ਬੇਦੀ, ਬਲਦੇਵ ਸਿੰਘ, ਪੰਜਾਬ ਦਾ ਇਤਿਹਾਸ